25.8 C
Jalandhar
Monday, September 16, 2024
spot_img

ਪੀ ਆਰ ਟੀ ਸੀ ਕਾਮਿਆਂ ਦੀ 19 ਨੂੰ ਪਟਿਆਲਾ ‘ਚ ਵਿਸ਼ਾਲ ਕਨਵੈਨਸ਼ਨ

ਪਟਿਆਲਾ : ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਜੇਸ਼ ਕੁਮਾਰ ਦਾਤਾਰਪੁਰੀ, ਤਰਸੇਮ ਸਿੰਘ ਅਤੇ ਉੱਤਮ ਸਿੰਘ ਬਾਗੜੀ ਨੇ ਕਿਹਾ ਕਿ 19 ਜਨਵਰੀ ਨੂੰ ਪਟਿਆਲਾ ਵਿਖੇ ਇੱਕ ਵਿਸ਼ਾਲ ਕਨਵੈਨਸ਼ਨ ਕੀਤੀ ਜਾ ਰਹੀ ਹੈ | ਇਸ ਕਨਵੈਨਸ਼ਨ ਵਿੱਚ ਮੁੱਖ ਤੌਰ ‘ਤੇ ਕੰਟਰੈਕਟ ਵਰਕਰਾਂ ਨੂੰ ਰੈਗੂਲਰ ਕਰਵਾਉਣ ਲਈ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਨੂੰ ਮਹਿਕਮਾਨਾ ਪੱਧਰ ‘ਤੇ ਸਕੀਮ ਤਿਆਰ ਕਰਕੇ ਇਸ ਬੇਹੱਦ ਬੇਇਨਸਾਫੀ ਵਾਲੇ ਸਿਸਟਮ ਨੂੰ ਖਤਮ ਕਰਨ ਅਤੇ ਇਹਨਾਂ ਵਰਕਰਾਂ ਦੇ ਆਰਥਿਕ ਸ਼ੋਸ਼ਣ ਦਾ ਅੰਤ ਕਰਨ ਲਈ ਫੌਰੀ ਕਦਮ ਚੁੱਕਣ ਲਈ ਵਿਸ਼ਾਲ ਲਾਮਬੰਦੀ ਕਰਨ ਲਈ ਗੰਭੀਰ ਵਿਚਾਰ ਕੀਤਾ ਜਾਵੇਗਾ | ਇਸ ਅਹਿਮ ਮਸਲੇ ਤੋਂ ਇਲਾਵਾ ਵਰਕਰਾਂ ਲਈ ਕਿੰਨੇ ਹੀ ਹੋਰ ਚੁਣੌਤੀਆਂ ਭਰੇ ਮਸਲੇ ਖੜੇ ਹੋ ਗਏ ਹਨ, ਜਿਵੇਂ ਕਿ ਹਰ ਮਹੀਨੇ ਤਨਖਾਹ ਅਤੇ ਪੈਨਸ਼ਨ ਲੇਟ ਵੀ ਮਿਲਦੀ ਹੈ ਅਤੇ ਉਹ ਵੀ ਅੱਧ-ਪੁਚੱਧ ਦਿੱਤੀ ਜਾਂਦੀ ਹੈ |
ਪੰਜਾਬ ਸਰਕਾਰ ਵੱਲ ਪੀ.ਆਰ.ਟੀ.ਸੀ. ਦਾ ਮੁਫਤ ਸਫਰ ਬਦਲੇ ਲੱਗਭੱਗ 340 ਕਰੋੜ ਰੁਪਿਆ ਬਕਾਇਆ ਖੜਾ ਹੈ, ਪਰ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਨੂੰ ਇਸ ਦੀ ਕੋਈ ਚਿੰਤਾ ਨਹੀਂ ਜਾਪਦੀ ਕਿ ਵਰਕਰਾਂ ਅਤੇ ਅਦਾਰਾ ਕਿਵੇਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਅਤੇ ਇਸੇ ਸੰਕਟ ਦਾ ਨਤੀਜਾ ਹੈ ਕਿ ਸੇਵਾ-ਮੁਕਤ ਕਰਮਚਾਰੀਆਂ ਨੂੰ ਉਹਨਾਂ ਦੇ ਬਕਾਏ ਨਹੀਂ ਮਿਲ ਰਹੇ, ਮੌਜੂਦਾ ਕਰਮਚਾਰੀਆਂ ਦੇ ਅਨੇਕਾਂ ਕਿਸਮ ਦੇ ਬਕਾਏ, ਮੈਡੀਕਲ ਬਿੱਲ, ਓਵਰ ਟਾਇਮ, ਡੀ.ਏ. ਦਾ ਏਰੀਅਰ, ਏ.ਸੀ.ਪੀ. ਦਾ ਏਰੀਅਰ ਆਦਿ 90 ਕਰੋੜ ਰੁਪਏ ਦੇ ਬਕਾਏ ਲੰਮੇ ਸਮੇਂ ਤੋਂ ਨਹੀਂ ਮਿਲ ਰਹੇ, ਨਵੀਆਂ ਬੱਸਾਂ ਨਹੀਂ ਪੈ ਰਹੀਆਂ, ਇਸ ਤੋਂ ਇਲਾਵਾ ਵਰਕਰਾਂ ਦੀਆਂ ਅਨੇਕਾਂ ਮੰਗਾਂ ਹੋਰ ਹਨ, ਜਿਨ੍ਹਾ ਨੂੰ ਮੈਨੇਜਮੈਂਟ ਅਣਗੌਲਿਆ ਕਰ ਰਹੀ ਹੈ | ਜਿਨ੍ਹਾਂ ਬਾਰੇ ਇਸ ਕਨਵੈਨਸ਼ਨ ਵਿੱਚ ਤਹਿ ਕੀਤਾ ਜਾਵੇਗਾ ਕਿ ਕਿਸ ਤਰ੍ਹਾਂ ਦੀ ਪੜਾਅਵਾਰ ਐਜੀਟੇਸ਼ਨ ਸ਼ੁਰੂ ਕੀਤੀ ਜਾਵੇ | ਜਿਹੜੀਆਂ ਮੁੱਖ ਮੰਗਾਂ ਅਤੇ ਮੁਸ਼ਕਲਾਂ ਹਨ, ਉਨ੍ਹਾਂ ਵਿੱਚ ਖਾਸ ਤੌਰ ‘ਤੇ ਪੀ.ਆਰ.ਟੀ.ਸੀ. ਵਿੱਚ ਵਰਕਰਾਂ ਨਾਲ ਹੁੰਦੀ ਬੇਇਨਸਾਫੀ, ਵਿਤਕਰੇਬਾਜ਼ੀ, ਪੱਖਪਾਤ, ਭਿ੍ਸ਼ਟਾਚਾਰ ਦੀ ਫੈਲੀ ਬਿਮਾਰੀ, ਫਲਾਇੰਗ ਸਟਾਫ ਲਈ 5000 ਰੁਪਏ ਪ੍ਰਤੀ ਮਹੀਨਾ ਵਿਸ਼ੇਸ਼ ਭੱਤਾ, ਓਵਰ ਟਾਈਮ ਨੂੰ ਗੈਰ-ਕਾਨੂੰਨੀ ਤੌਰ ‘ਤੇ ਰੈਸਟਾਂ ਵਿੱਚ ਤਬਦੀਲ ਕਰਨਾ, ਵਰਕਸ਼ਾਪ ਸਟਾਫ ਨੂੰ ਓਵਰਟਾਈਮ ਲਾਗੂ ਕਰਨਾ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿ ਗਏ ਬਜ਼ੁਰਗ ਕਰਮਚਾਰੀਆਂ ਲਈ ਪੈਨਸ਼ਨ, ਤਨਖਾਹ ਅਤੇ ਪੈਨਸ਼ਨ ਦਾ ਭੁਗਤਾਨ ਸਰਕਾਰੀ ਖਜ਼ਾਨੇ ਵਿੱਚੋਂ ਕਰਨਾ, ਕੰਟਰੈਕਟ ਵਰਕਰਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਉਣੀ ਆਦਿ |
ਐਕਸ਼ਨ ਕਮੇਟੀ ਦੇ ਆਗੂਆਂ ਨੇ ਪੀ.ਆਰ.ਟੀ.ਸੀ. ਦੇ ਸਮੁੱਚੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਸ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਹੁੰਮ-ਹੁਮਾ ਕੇ ਪੁੱਜੋ ਅਤੇ ਆਪਣੇ ਠੋਸ ਸੁਝਾਅ ਵੀ ਲੈ ਕੇ ਆਓ |

Related Articles

LEAVE A REPLY

Please enter your comment!
Please enter your name here

Latest Articles