25.8 C
Jalandhar
Monday, September 16, 2024
spot_img

21 ਕੋਲ 70 ਕਰੋੜ ਨਾਲੋਂ ਵੱਧ ਦੌਲਤ

ਅੱਜ ਅਸੀਂ ਖੜ੍ਹੇ ਕਿੱਥੇ ਹਾਂ ਤੇ ਵਧ ਕਿਸ ਪਾਸੇ ਰਹੇ ਹਾਂ? ਮੌਜੂਦਾ ਹਾਕਮਾਂ ਦੇ ਲੋਕ ਭਲਾਈ ਦੇ ਦਾਅਵਿਆਂ ਦਾ ਸੱਚ ਕੀ ਹੈ? ਇਨ੍ਹਾਂ ਹਾਕਮਾਂ ਅਧੀਨ ਸਾਡੇ ਆਮ ਲੋਕਾਂ ਦੀ ਹੋਣੀ ਕੀ ਹੈ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਆਕਸਫੈਮ ਇੰਡੀਆ ਦੀ ਤਾਜ਼ਾ ਰਿਪੋਰਟ ਦਿੰਦੀ ਹੈ |
ਵਰਲਡ ਇਕਨਾਮਿਕ ਫੋਰਮ ਦੀ ਦਾਵੋਸ ਸਵਿਟਜ਼ਰਲੈਂਡ ਵਿੱਚ ਸ਼ੁਰੂ ਹੋ ਚੁੱਕੀ ਸਾਲਾਨਾ ਮੀਟਿੰਗ ਮੌਕੇ ਜਾਰੀ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ 21 ਖਰਬਪਤੀਆਂ ਪਾਸ ਇਸ ਸਮੇਂ ਹੇਠਲੇ 70 ਕਰੋੜ ਭਾਰਤੀਆਂ ਨਾਲੋਂ ਵੱਧ ਧਨ ਹੈ | ਇਸ ਰਿਪੋਰਟ ਮੁਤਾਬਕ 2021 ਵਿੱਚ 5 ਫ਼ੀਸਦੀ ਧਨਾਢਾਂ ਕੋਲ ਦੇਸ਼ ਦੀ ਕੁੱਲ ਸੰਪਤੀ ਦਾ 62 ਫ਼ੀਸਦੀ ਹਿੱਸਾ ਸੀ, ਜਦੋਂ ਕਿ ਹੇਠਲੇ 50 ਫ਼ੀਸਦੀ ਲੋਕਾਂ ਕੋਲ ਸਿਰਫ਼ 3 ਫ਼ੀਸਦੀ | ਕੋਰੋਨਾ ਮਹਾਂਮਾਰੀ ਤਾਂ ਖਰਬਪਤੀਆਂ ਲਈ ਬਹਾਰ ਲੈ ਕੇ ਆਈ ਸੀ | 2020 ਵਿੱਚ ਦੇਸ਼ ਵਿੱਚ ਖਰਬਪਤੀਆਂ ਦੀ ਗਿਣਤੀ 102 ਸੀ, ਜੋ 2022 ਵਿੱਚ ਵਧ ਕੇ 166 ਹੋ ਗਈ ਹੈ | ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਪਿਛਲੇ ਨਵੰਬਰ ਤੱਕ ਖਰਬਪਤੀਆਂ ਦੀ ਜਾਇਦਾਦ ਵਿੱਚ 121 ਫੀਸਦੀ ਦਾ ਵਾਧਾ ਹੋਇਆ ਹੈ | ਇਸ ਦਾ ਭਾਵ ਹੈ ਕਿ ਹਰ ਦਿਨ ਉਨ੍ਹਾਂ ਦੀ ਦੌਲਤ ਵਿੱਚ 3608 ਕਰੋੜ ਦਾ ਵਾਧਾ ਹੋ ਜਾਂਦਾ ਸੀ | ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਦੌਲਤ ਇਸ ਸਮੇਂ 54.12 ਲੱਖ ਕਰੋੜ ਰੁਪਏ ਤੱਕ ਪੁੱਜ ਚੁੱਕੀ ਹੈ | ਇਹ ਰਕਮ ਏਨੀ ਵੱਡੀ ਹੈ ਕਿ ਦੇਸ਼ ਦੇ ਪੂਰੇ ਕੇਂਦਰੀ ਬੱਜਟ ਨੂੰ 18 ਮਹੀਨਿਆਂ ਤੱਕ ਫੰਡ ਦੇ ਸਕਦੀ ਹੈ |
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2012 ਤੋਂ 2021 ਤੱਕ ਭਾਰਤ ਦੀ ਕੁਲ ਆਮਦਨ ਦਾ 40 ਫ਼ੀਸਦੀ ਹਿੱਸਾ ਸਿਰਫ਼ ਉਪਰਲੇ 1 ਫ਼ੀਸਦੀ ਅਮੀਰਾਂ ਦੇ ਹੱਥਾਂ ਵਿੱਚ ਚਲਾ ਗਿਆ ਹੈ | ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਅਮੀਰਾਂ ਦੀ ਥਾਂ ਗਰੀਬਾਂ ਤੋਂ ਵੱਧ ਟੈਕਸ ਵਸੂਲਦੀ ਹੈ | ਸਾਲ 2021-2022 ਵਿੱਚ ਜੀ ਐੱਸ ਟੀ ਰਾਹੀਂ 14.83 ਲੱਖ ਕਰੋੜ ਰੁਪਏ ਇਕੱਠੇ ਹੋਏ ਸਨ | ਇਨ੍ਹਾਂ ਵਿੱਚੋਂ 64 ਫ਼ੀਸਦੀ ਹੇਠਲੇ ਆਮ ਲੋਕਾਂ ਤੋਂ ਉਗਰਾਹਿਆ ਗਿਆ ਸੀ, ਜਦੋਂ ਕਿ ਉਪਰਲੇ 10 ਫ਼ੀਸਦੀ ਧਨ ਕੁਬੇਰਾਂ ਦਾ ਇਸ ਵਿੱਚ ਸਿਰਫ਼ 3 ਫ਼ੀਸਦੀ ਹਿੱਸਾ ਸੀ |
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਰਬਪਤੀਆਂ ਉੱਤੇ 2 ਫ਼ੀਸਦੀ ਟੈਕਸ ਲਾ ਦਿੱਤਾ ਜਾਵੇ ਤਾਂ ਇਸ ਨਾਲ 40,423 ਕਰੋੜ ਰੁਪਏ ਇਕੱਠੇ ਹੋ ਜਾਣਗੇ, ਜਿਹੜੇ ਬੱਚਿਆਂ ਅੰਦਰ ਕੁਪੋਸ਼ਣ ਦੂਰ ਕਰਨ ਲਈ ਤਿੰਨ ਸਾਲ ਤੱਕ ਵਰਤੇ ਜਾ ਸਕਦੇ ਹਨ | ਜੇਕਰ 2017 ਤੋਂ 2021 ਤੱਕ ਖਰਬਪਤੀ ਗੌਤਮ ਅਡਾਨੀ ਵੱਲੋਂ ਸ਼ੇਅਰਾਂ ਦੀ ਵਧੀ ਕੀਮਤ ਰਾਹੀਂ ਕਮਾਏ ਲਾਭ ‘ਤੇ ਇਕਮੁਸ਼ਤ ਟੈਕਸ ਲਾ ਦਿੱਤਾ ਜਾਵੇ ਤਾਂ 1.79 ਲੱਖ ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਹਨ, ਜਿਸ ਨਾਲ 50 ਲੱਖ ਪ੍ਰਾਇਮਰੀ ਅਧਿਆਪਕਾਂ ਨੂੰ ਇੱਕ ਸਾਲ ਤੱਕ ਤਨਖ਼ਾਹ ਦਿੱਤੀ ਜਾ ਸਕਦੀ ਹੈ | ਜੇਕਰ 10 ਉਪਰਲੇ ਖਰਬਪਤੀਆਂ ਉੱਤੇ ਇੱਕ ਵਾਰ 5 ਫ਼ੀਸਦੀ ਟੈਕਸ ਲਾ ਦਿੱਤਾ ਜਾਵੇ ਤਾਂ ਸਰਕਾਰ ਨੂੰ 1.37 ਲੱਖ ਕਰੋੜ ਰੁਪਏ ਮਿਲ ਜਾਣਗੇ ਜਿਹੜੇ 2022-23 ਲਈ ਹੈਲਥ ਐਂਡ ਫੈਮਿਲੀ ਵੈਲਫੇਅਰ ਮੰਤਰਾਲੇ ਲਈ 2022-23 ਲਈ ਰੱਖੇ ਗਏ 86,200 ਕਰੋੜ ਤੋਂ ਡੇਢ ਗੁਣਾ ਨਾਲੋਂ ਵੱਧ ਹਨ |
ਆਕਸਫੈਮ ਇੰਡੀਆ ਦੇ ਸੀ ਓ ਅਮਿਤਾਬ ਬੇਹੜ ਨੇ ਕਿਹਾ ਕਿ ਦੇਸ਼ ਦੇ ਹਾਸ਼ੀਏ ‘ਤੇ ਰਹਿ ਰਹੇ ਦਲਿਤ, ਆਦਿਵਾਸੀ, ਮੁਸਲਿਮ, ਔਰਤਾਂ ਤੇ ਗੈਰਜਥੇਬੰਦ ਕਾਮੇ ਇਸ ਸਿਸਟਮ ਦੇ ਪੀੜਤ ਹਨ, ਜਿਸ ਕਾਰਨ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ | ਅਮੀਰਾਂ ਦੇ ਮੁਕਾਬਲੇ ਗਰੀਬ ਲੋਕ ਲੋੜੀਂਦੀਆਂ ਵਸਤਾਂ ਉੱਤੇ ਵੱਧ ਖਰਚ ਕਰਕੇ ਵੱਧ ਤੇ ਉੱਚੇ ਟੈਕਸ ਦਿੰਦੇ ਹਨ | ਹੁਣ ਸਮਾਂ ਆ ਗਿਆ ਹੈ ਕਿ ਅਮੀਰਾਂ ਉੱਤੇ ਟੈਕਸ ਲਾ ਕੇ ਉਨ੍ਹਾਂ ਨੂੰ ਆਪਣਾ ਬਣਦਾ ਹਿੱਸਾ ਦੇਣ ਲਈ ਮਜਬੂਰ ਕੀਤਾ ਜਾਵੇ | ਉਨ੍ਹਾਂ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਅਮੀਰਾਂ ਉਤੇ ਟੈਕਸ ਲਾਉਣ ਲਈ ਪ੍ਰਗਤੀਸ਼ੀਲ ਕਦਮ ਚੁੱਕਣ ਤਾਂ ਜੋ ਅਮੀਰ-ਗਰੀਬ ਦੇ ਪਾੜੇ ਨੂੰ ਘੱਟ ਕੀਤਾ ਜਾ ਸਕੇ | ਇਸ ਰਿਪੋਰਟ ਉੱਤੇ ਵਰਲਡ ਇਕਨਾਮਿਕ ਫੋਰਮ ਦੀ ਚਲ ਰਹੀ ਮੀਟਿੰਗ ਵਿੱਚ ਵਿਚਾਰ ਕਰਕੇ ਜ਼ਰੂਰੀ ਸੇਧਾਂ ਤੈਅ ਕੀਤੀਆਂ ਜਾਣਗੀਆਂ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles