ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਸ਼ਮੀਰ ਸਮੇਤ ਸਾਰੇ ਬਕਾਇਆ ਮਾਮਲਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ | ਸ਼ਰੀਫ ਦਾ ਮੰਨਣਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਇਸ ਮਾਮਲੇ ‘ਚ ਮਦਦ ਲਈ ਜਾ ਸਕਦੀ ਹੈ | ਟੀ ਵੀ ਚੈਨਲ ਨੂੰ ਇੰਟਰਵਿਊ ‘ਚ ਸ਼ਰੀਫ ਨੇ ਕਿਹਾ-ਭਾਰਤੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰਾ ਸੰਦੇਸ਼ ਹੈ ਕਿ ਆਓ ਮੇਜ਼ ‘ਤੇ ਬੈਠੀਏ ਅਤੇ ਕਸ਼ਮੀਰ ਵਰਗੇ ਭਖਦੇ ਮੁੱਦਿਆਂ ਨੂੰ ਹੱਲ ਕਰਨ ਲਈ ਗੰਭੀਰ ਅਤੇ ਸੁਹਿਰਦ ਗੱਲਬਾਤ ਕਰੀਏ |
ਉਨ੍ਹਾ ਕਿਹਾ ਕਿ ਹਾਲ ਹੀ ਦੀ ਅਮੀਰਾਤ ਦੀ ਯਾਤਰਾ ‘ਚ ਯੂ ਏ ਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਕੋਲ ਇਹ ਮਾਮਲਾ ਰੱਖਿਆ ਸੀ | ਜ਼ਾਇਦ ਦੇ ਪਾਕਿਸਤਾਨ ਤੇ ਭਾਰਤ ਨਾਲ ਚੰਗੇ ਸੰਬੰਧ ਹਨ | ਉਹ ਦੋਹਾਂ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ ‘ਤੇ ਲਿਆਉਣ ਲਈ ਬਹੁਤ ਅਹਿਮ ਭੂਮਿਕਾ ਨਿਭਾਅ ਸਕਦੇ ਹਨ | ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ |




