31 ਮਾਰਚ ਤੱਕ ਖੇਤੀ ਨੀਤੀ ਘੜਨ ਲਈ 11 ਮੈਂਬਰੀ ਕਮੇਟੀ ਕਾਇਮ : ਧਾਲੀਵਾਲ

0
277

ਚੰਡੀਗੜ੍ਹ (ਗੁਰਜੀਤ ਬਿੱਲਾ)
ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਨਵੀਂ ਖੇਤੀ ਨੀਤੀ 31 ਮਾਰਚ ਤੱਕ ਤਿਆਰ ਕਰ ਲਈ ਜਾਵੇਗੀ | ਇਸ ਲਈ ਖੇਤੀਬਾੜੀ ਮਾਹਰਾਂ ਦੀ 11 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ | ਉਨ੍ਹਾ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ 11 ਮੈਂਬਰੀ ਕਮੇਟੀ ‘ਚ ਸਕੱਤਰ ਖੇਤੀਬਾੜੀ ਰਾਹੁਲ ਤਿਵਾੜੀ ਨੂੰ ਮੈਂਬਰ, ਚੇਅਰਮੈਨ ਪੰਜਾਬ ਰਾਜ ਕਿਸਾਨ ਅਤੇ ਖੇਤ ਕਾਮੇ ਕਮਿਸ਼ਨ ਡਾ. ਸੁਖਪਾਲ ਸਿੰਘ ਨੂੰ ਕਨਵੀਨਰ, ਵਾਈਸ ਚਾਂਸਲਰ ਪੀ ਏ ਯੂ ਲੁਧਿਆਣਾ ਡਾ. ਐੱਸ ਐੱਸ ਗੋਸਲ, ਵਾਈਸ ਚਾਂਸਲਰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਡਾ. ਇੰਦਰਜੀਤ ਸਿੰਘ, ਅਰਥਸਾਸ਼ਤਰੀ ਡਾ. ਸੁੱਚਾ ਸਿੰਘ ਗਿੱਲ, ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਬੀ ਐੱਸ ਘੁੰਮਣ, ਸਾਬਕਾ ਡਾਇਰੈਕਟਰ ਬਾਗਬਾਨੀ ਪੰਜਾਬ ਡਾ. ਗੁਰਕੰਵਲ ਸਿੰਘ, ਸਲਾਹਕਾਰ ਪੰਜਾਬ ਜਲ ਨਿਯੰਤਰਨ ਅਤੇ ਵਿਕਾਸ ਅਥਾਰਟੀ ਰਾਜੇਸ਼ ਵਸ਼ਿਸ਼ਟ, ਸਾਬਕਾ ਡਾਇਰੈਕਟਰ ਖੇਤੀਬਾੜੀ ਪੰਜਾਬ ਡਾ. ਬਲਵਿੰਦਰ ਸਿੰਘ ਸਿੱਧੂ, ਪ੍ਰਧਾਨ ਪੀ ਏ ਯੂ ਕਿਸਾਨ ਕਲੱਬ ਅਮਰਿੰਦਰ ਸਿੰਘ ਅਤੇ ਚੇਅਰਮੈਨ ਪਨਸੀਡ ਮਹਿੰਦਰ ਸਿੰਘ ਸਿੱਧੂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ | ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 12 ਫਰਵਰੀ ਨੂੰ ਪਹਿਲੀ ਸਰਕਾਰ-ਕਿਸਾਨ ਮਿਲਣੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੀਤੀ ਜਾਵੇਗੀ, ਜਿਸ ਦੇ ਮੁੱਖ ਮਹਿਮਾਨ ਮੁੱਖ ਮੰਤਰੀ ਭਗਵੰਤ ਮਾਨ ਹੋਣਗੇ | ਮਿਲਣੀ ‘ਚ ਪੰਜਾਬ ਦੇ ਹਰ ਕੋਨੇ ਤੋਂ 2500 ਤੋਂ ਵੱਧ ਅਗਾਂਹਵਧੂ ਕਿਸਾਨ ਭਾਗ ਲੈਣਗੇ | ਮਿਲਣੀ ਦੌਰਾਨ ਕਿਸਾਨਾਂ ਨਾਲ ਖੇਤੀ ਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਕੀਮਤੀ ਸੁਝਾਅ ਲਏ ਜਾਣਗੇ |
ਉਨ੍ਹਾ ਕਿਹਾ ਕਿ ਨਵੀਂ ਖੇਤੀ ਨੀਤੀ ‘ਚ ਬਾਸਮਤੀ ਨੂੰ ਪਰਮਲ ਝੋਨੇ ਦੇ ਬਦਲ ਵਜੋਂ ਅਪਨਾਉਣ ਅਤੇ ਬਾਸਮਤੀ ਐਕਸਪੋਰਟ ਨੂੰ ਉਤਸ਼ਾਹਤ ਕਰਨ ਦੀ ਤਜਵੀਜ਼ ਵੀ ਸ਼ਾਮਲ ਕੀਤੀ ਜਾਵੇਗੀ | ਧਾਲੀਵਾਲ ਨੇ ਕਿਹਾ ਕਿ ਛੇਤੀ ਹੀ ਪੰਜਾਬ ਦੇ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਮਾਡਲ ਦਿੱਤਾ ਜਾਵੇਗਾ |

LEAVE A REPLY

Please enter your comment!
Please enter your name here