ਕਾਂਗਰਸ ਤੇ ਸੰਘ ਵਿਚਾਲੇ ਵਿਚਾਰਧਾਰਕ ਲੜਾਈ ਚੱਲ ਰਹੀ : ਰਾਹੁਲ ਗਾਂਧੀ

0
220

ਹੁਸ਼ਿਆਰਪੁਰ : ਚਾਚੇ ਦੇ ਬੇਟੇ ਵਰੁਣ ਗਾਂਧੀ ਦੇ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਹੋਣ ਤੇ ਉਸ ਦੀ ਕਾਂਗਰਸ ਵਿਚ ਐੱਟਰੀ ਦੀਆਂ ਕਿਆਸਅਰਾਈਆਂ ‘ਤੇ ਵਿਰਾਮ ਲਾਉਂਦਿਆਂ ਰਾਹੁਲ ਗਾਂਧੀ ਨੇ ਮੰਗਲਵਾਰ ਕਿਹਾ ਕਿ ਉਨ੍ਹਾਂ ਦੀਆਂ ਵਿਚਾਰਧਾਰਾਵਾਂ ਮੇਲ ਨਹੀਂ ਖਾਂਦੀਆਂ | ਉਨ੍ਹਾ ਪੱਤਰਕਾਰਾਂ ਨੂੰ ਦੱਸਿਆ ਕਿ ਵਰੁਣ ਗਾਂਧੀ ਨੇ ਆਰ ਐੱਸ ਐੱਸ ਦੀ ਵਿਚਾਰਧਾਰਾ ਨੂੰ ਪ੍ਰਵਾਨ ਤੇ ਆਤਮਸਾਤ ਕਰ ਲਿਆ ਹੈ, ਜਦਕਿ ਉਹ ਕਦੇ ਵੀ ਪ੍ਰਵਾਨ ਨਹੀਂ ਕਰ ਸਕਦੇ |
ਰਾਹੁਲ ਨੇ ਕਿਹਾ-ਮੈਂ ਕਦੇ ਵੀ ਆਰ ਐੱਸ ਐੱਸ ਦੇ ਦਫਤਰ ਨਹੀਂ ਜਾ ਸਕਦਾ, ਉਸ ਤੋਂ ਪਹਿਲਾਂ ਤੁਹਾਨੂੰ ਮੇਰਾ ਗਲ ਵੱਢਣਾ ਪੈਣਾ | ਮੇਰੇ ਪਰਵਾਰ ਦੀ ਇਕ ਵਿਚਾਰਧਾਰਾ ਹੈ, ਸੋਚ ਪ੍ਰਣਾਲੀ ਹੈ | ਮੈਂ ਉਸ ਨੂੰ (ਵਰੁਣ ਫਿਰੋਜ਼ ਗਾਂਧੀ) ਨੂੰ ਮਿਲ ਸਕਦਾ ਹਾਂ, ਜੱਫੀ ਪਾ ਸਕਦਾ ਹਾਂ, ਪਰ ਆਰ ਐੱਸ ਐੱਸ ਦੀ ਵਿਚਾਰਧਾਰਾ ਨੂੰ ਪ੍ਰਵਾਨ ਕਰਨਾ ਅਸੰਭਵ ਹੈ |
ਉਨ੍ਹਾ ਕਿਹਾ ਕਿ ਆਰ ਐੱਸ ਐੱਸ ਤੇ ਕਾਂਗਰਸ ਵਿਚਾਲੇ ਵਿਚਾਰਧਾਰਕ ਲੜਾਈ ਚੱਲ ਰਹੀ ਹੈ | ਰਾਹੁਲ ਗਾਂਧੀ ਨੇ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਵਰੁਣ ਗਾਂਧੀ ਨੇ ਭਾਜਪਾ ਦੀ ਵਿਚਾਰਧਾਰਕ ਜੜ੍ਹ ਆਰ ਐੱਸ ਐੱਸ ਵੱਲੋਂ ਕੀਤੇ ਜਾ ਰਹੇ ਕੰਮ ਦੀ ਪ੍ਰਸੰਸਾ ਕੀਤੀ | ਰਾਹੁਲ ਨੇ ਕਿਹਾ-ਵਰਿ੍ਹਆਂ ਪਹਿਲਾਂ ਫਿਰੋਜ਼ ਨੇ ਮੈਨੂੰ ਦੱਸਿਆ ਕਿ ਆਰ ਐੱਸ ਐੱਸ ਦੇਸ਼ ਵਿਚ ਮਹਾਨ ਕੰਮ ਕਰ ਰਹੀ ਹੈ | ਮੈਂ ਉਸ ਨੂੰ ਕਿਹਾ ਕਿ ਆਪਣੇ ਪਰਵਾਰ ਦਾ ਇਤਿਹਾਸ ਪੜ੍ਹ ਤੇ ਸਮਝ | ਜੇ ਤੂੰ ਆਪਣੇ ਪਰਵਾਰ ਦੀ ਵਿਚਾਰਧਾਰਾ ਨੂੰ ਸਮਝਿਆ ਹੁੰਦਾ ਤਾਂ ਕਦੇ ਇਹ ਨਾ ਕਹਿੰਦਾ | ਰਾਹੁਲ ਨੇ ਇਹ ਵੀ ਕਿਹਾ ਕਿ ਦੇਸ਼ ਦੀਆਂ ਸਾਰੀਆਂ ਸੰਸਥਾਵਾਂ ਉੱਤੇ ਆਰ ਐੱਸ ਐੱਸ ਤੇ ਭਾਜਪਾ ਦਾ ਕੰਟਰੋਲ ਹੈ ਅਤੇ ਮੀਡੀਆ, ਨੌਕਰਸ਼ਾਹੀ, ਚੋਣ ਕਮਿਸ਼ਨ ਅਤੇ ਨਿਆਂਪਾਲਿਕਾ ਦਬਾਅ ਹੇਠ ਹਨ |
ਰਾਹੁਲ ਗਾਂਧੀ ਦੀ ਅਗਵਾਈ ਵਿਚ ‘ਭਾਰਤ ਜੋੜੋ ਯਾਤਰਾ’ ਮੰਗਲਵਾਰ ਸਵੇਰੇ ਟਾਂਡਾ ਤੋਂ ਮੁੜ ਸ਼ੁਰੂ ਹੋਈ | ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰੀਸ਼ ਚੌਧਰੀ ਅਤੇ ਰਾਜਕੁਮਾਰ ਚੱਬੇਵਾਲ ਸਮੇਤ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਦੇ ਨਾਲ ਨਜ਼ਰ ਆਏ | ਯਾਤਰਾ ਦੌਰਾਨ ਰਾਹੁਲ ਨੇ ਔਰਤਾਂ ਦੇ ਸਮੂਹ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਈਆਂ |

LEAVE A REPLY

Please enter your comment!
Please enter your name here