ਮਾਨ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ

0
209

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀਰਾ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ | ਮੁੱਖ ਮੰਤਰੀ ਨੇ ਟਵੀਟ ਕੀਤਾ-ਪੰਜਾਬ ਦੀ ਆਬੋ-ਹਵਾ ਕਿਸੇ ਨੂੰ ਵੀ ਖਰਾਬ ਨਹੀਂ ਕਰਨ ਦਿੱਤੀ ਜਾਵੇਗੀ |…ਇਸ ਕਰਕੇ ਕਾਨੂੰਨੀ ਮਾਹਰਾਂ ਨਾਲ ਸਲਾਹ ਕਰਨ ਤੋਂ ਬਾਅਦ ਲੋਕਹਿੱਤ ‘ਚ ਵੱਡਾ ਫੈਸਲਾ ਲਿਆ ਹੈ | ਭਵਿੱਖ ‘ਚ ਵੀ ਜੇ ਕੋਈ ਵਾਤਾਵਰਨ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਬਖਸ਼ਿਆ ਨਹੀਂ ਜਾਵੇਗਾ | ਸ਼ਰਾਬ ਫੈਕਟਰੀ ਖਿਲਾਫ ਛੇ ਮਹੀਨਿਆਂ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ | ਮੋਰਚੇ ਲਾਉਣ ਵਾਲੇ ਕਿਸਾਨਾਂ ਦਾ ਕਹਿਣਾ ਹੈ ਕਿ ਸ਼ਰਾਬ ਫੈਕਟਰੀ ਕਰਕੇ ਇਲਾਕੇ ‘ਚ ਪਾਣੀ ਗੰਧਲਾ ਹੋ ਗਿਆ ਹੈ ਅਤੇ ਗੰਧਲੇ ਪਾਣੀ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਦਿਆਂ ਸ਼ਰਾਬ ਫੈਕਟਰੀ ਬੰਦ ਕਰਨ ਦੇ ਹੁਕਮ ਦਿੱਤੇ ਹਨ |
ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਭਗਵੰਤ ਮਾਨ ਸਰਕਾਰ ਵੱਲੋਂ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਨ ਦੇ ਐਲਾਨ ਨੂੰ ਲੋਕਾਂ ਦੇ ਇਕਜੱੁਟ ਅਤੇ ਸਿਰੜੀ ਸੰਗਰਾਮ ਦੀ ਜਿੱਤ ਕਰਾਰ ਦਿੱਤਾ ਹੈ | ਪਲਸ ਮੰਚ ਨੇ ਕਿਹਾ ਹੈ ਕਿ ਦਿੱਲੀ ਮੋਰਚੇ ਵਾਂਗ ਜ਼ੀਰਾ ਮੋਰਚੇ ਦੀ ਸਫਲਤਾ ‘ਚ ਕਿਰਤੀ ਕਿਸਾਨ, ਵਿਦਿਆਰਥੀ, ਨੌਜਵਾਨ, ਰੰਗਕਰਮੀ, ਲੇਖਕ, ਸਾਹਿਤਕਾਰ, ਗੀਤਕਾਰ ਗਾਇਕ, ਤਰਕਸ਼ੀਲ, ਜਮਹੂਰੀ ਹੱਕਾਂ ਦੇ ਅਲੰਬਰਦਾਰ ਲੋਕਾਂ ਦੀ ਸ਼ਕਤੀ ਦਾ ਜਾਦੂ ਹੈ | ਉਨ੍ਹਾਂ ਕਿਹਾ ਕਿ ਐਨੇ ਲੰਮੇ ਅਰਸੇ ਤੋਂ ਫੈਕਟਰੀ ਚਲਦੀ ਰਹਿਣੀ ਅਤੇ ਲੋਕਾਂ ਦੀ ਜਾਨ ਮਾਲ ਨਾਲ ਖਿਲਵਾੜ ਕਰਨ ਲਈ ਵੰਨ ਸੁਵੰਨੀਆਂ ਹਾਕਮ ਜਮਾਤਾਂ ਦੀਆਂ ਪਾਰਟੀਆਂ ਦੇ ਆਗੂ ਜ਼ਿੰਮੇਵਾਰ ਹਨ ਜੋ ਅੱਜ ਮੋਮੋਠੱਗਣੀਆਂ ਮਾਰ ਕੇ ਸੱਚੇ ਸਾਬਤ ਹੋਣ ਦੀ ਨੌਟੰਕੀ ਕਰ ਰਹੇ ਹਨ | ਇਸ ਮੁੱਦੇ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦੀ ਬਾਂਹ ਫੜਨ ਅਤੇ ਉਨ੍ਹਾਂ ਦੇ ਹੱਕਾਂ ਲਈ ਜੂਝਣ ਲਈ ਲੋਕ ਪੱਖੀ ਜਥੇਬੰਦੀਆਂ ਹੀ ਸੁਹਿਰਦ ਹਨ | ਪਲਸ ਮੰਚ ਨੇ ਇਹ ਵੀ ਕਿਹਾ ਹੈੈ ਕਿ ਜਦੋਂ ਤੱਕ ਇਸ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾਇਆ ਜਾਂਦਾ, ਉਸ ਵੇਲੇ ਤੱਕ ਚੌਕਸ ਰਹਿਣਾ ਬਹੁਤ ਜ਼ਰੂਰੀ ਹੈ | ਪਲਸ ਮੰਚ ਨੇ ਇਹ ਵੀ ਜ਼ੋਰਦਾਰ ਮੰਗ ਕੀਤੀ ਹੈ ਕਿ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਲੋਕਾਂ ਦੇ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਹੁਣ ਫੈਕਟਰੀ ਬੰਦ ਕਰਨ ਦੇ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਦੀ ਧਿਰ ਜਾਇਜ਼ ਅਵਾਜ਼ ਬੁਲੰਦ ਕਰਦੀ ਆਈ ਹੈ ਅਤੇ ਫੈਕਟਰੀ ਮਾਲਕ ਲੋਕਾਂ ਦੀ ਜਾਨ ਮਾਲ ਦੇ ਹਰਜੇ ਦੇ ਜ਼ਿੰਮੇਵਾਰ ਹਨ |

LEAVE A REPLY

Please enter your comment!
Please enter your name here