10.5 C
Jalandhar
Tuesday, February 7, 2023
spot_img

ਜੋਸ਼ੀਮੱਠ ਤਬਾਹੀ ਲਈ ਡਬਲ ਇੰਜਣ ਸਰਕਾਰ ਜ਼ਿੰਮੇਵਾਰ

ਜੋਸ਼ੀਮੱਠ ਧਰਤੀ ‘ਚ ਸਮਾ ਰਿਹਾ ਹੈ | ਸਰਕਾਰ ਇਸ ਨੂੰ ਕੁਦਰਤੀ ਆਫ਼ਤ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੀ ਹੈ | ਇਸ ਸਮੇਂ ਉੱਤਰਾਖੰਡ ਵਿੱਚ ਡਬਲ ਇੰਜਣ ਦੀ ਸਰਕਾਰ ਹੈ | ਦਿੱਲੀ ਵਿੱਚ ਬੈਠਾ ਸੁਪਰ ਇੰਜਣ 2024 ਦੀਆਂ ਚੋਣਾਂ ਜਿੱਤਣ ਲਈ ਰੋਡ ਸ਼ੋਅ ਕੱਢਣ ਵਿੱਚ ਮਸਤ ਹੈ | ਉਹੀ ਸੁਪਰ ਇੰਜਣ, ਜਿਸ ਨੇ ਕੋਰੋਨਾ ਮਹਾਂਮਾਰੀ ਦਾ ਮੁਕਾਬਲਾ ਕਰਨ ਵਿੱਚ ਆਪਣੀ ਨਾਕਾਮੀ ਉੱਤੇ ਲੋਕਾਂ ਤੋਂ ਤਾਲੀ ਤੇ ਥਾਲੀ ਖੜਕਵਾ ਕੇ ਪਰਦਾ ਪਾ ਲਿਆ ਸੀ | ਹੁਣ ਉੱਤਰਾਖੰਡ ਦੀ ਭਾਜਪਾ ਸਰਕਾਰ ਆਪਣੀਆਂ ਗ਼ਲਤੀਆਂ ਨੂੰ ਛੁਪਾਉਣ ਲਈ ਇਸਰੋ ਵੱਲੋਂ ਜਾਰੀ ਤਸਵੀਰਾਂ ਨੂੰ ਹਟਾ ਕੇ ਤੇ ਸਰਕਾਰੀ ਅਧਿਕਾਰੀਆਂ ਨੂੰ ਮੀਡੀਏ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਦੇ ਕੇ ਉਸੇ ਰਾਹ ਉੱਤੇ ਤੁਰ ਰਹੀ ਹੈ | ਇਸਰੋ ਵੱਲੋਂ ਜੋਸ਼ੀਮੱਠ ਦੀਆਂ ਜਾਰੀ ਕੀਤੀਆਂ ਤਸਵੀਰਾਂ ਰਾਜ ਸਰਕਾਰ ਦੀ ਲਾਪਰਵਾਹੀ ਦੀ ਪੋਲ ਖੋਲ੍ਹਦੀਆਂ ਸਨ | ਇਸ ਕਾਰਨ ਸਰਕਾਰ ਤੁਰੰਤ ਹਰਕਤ ਵਿੱਚ ਆ ਗਈ ਤੇ ਕੈਬਨਿਟ ਮੰਤਰੀ ਨੇ ਇਸਰੋ ਦੀ ਵੈੱਬਸਾਈਟ ਤੋਂ ਇਹ ਤਸਵੀਰਾਂ ਹਟਵਾ ਦਿੱਤੀਆਂ |
ਵਰਨਣਯੋਗ ਹੈ ਕਿ ਜੋਸ਼ੀਮੱਠ ਦੀ ਤਬਾਹੀ ਦੇ ਪਹਿਲੇ ਸੰਕੇਤ ਅਕਤੂਬਰ 2021ਵਿੱਚ ਹੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਸਨ, ਪਰ ਸਰਕਾਰ ਨੇ ਕੋਈ ਧਿਆਨ ਨਾ ਦਿੱਤਾ | ਕੁਝ ਦਿਨਾਂ ਬਾਅਦ ਜਦੋਂ ਦਰਾੜਾਂ ਪਾਟਣੀਆਂ ਸ਼ੁਰੂ ਹੋਈਆਂ ਤਾਂ ਸਰਕਾਰ ਫਿਰ ਵੀ ਚੁੱਪ ਬੈਠੀ ਰਹੀ | 2022 ਦੇ ਸ਼ੁਰੂ ਵਿੱਚ ਜਦੋਂ ਸਮੱਸਿਆ ਗੰਭੀਰ ਹੋਣੀ ਸ਼ੁਰੂ ਹੋ ਗਈ ਤਾਂ ਸਰਕਾਰ ਨੇ ਫਿਰ ਵੀ ਧਿਆਨ ਨਾ ਦਿੱਤਾ | ਇਸ ਦੇ ਉਲਟ ਇਸ ਸਮੱਸਿਆ ਦੀ ਗੰਭੀਰਤਾ ਬਾਰੇ ਸਰਕਾਰੀ ਦਖ਼ਲ ਦੀ ਮੰਗ ਕਰ ਰਹੇ ਲੋਕਾਂ ਨੂੰ ਅਰਬਨ ਨਕਸਲ ਤੇ ਡਰ ਪੈਦਾ ਕਰਨ ਵਾਲੇ ਵਿਕਾਸ ਵਿਰੋਧੀ ਕਹਿ ਕੇ ਭੰਡਿਆ ਗਿਆ | ਨਵੇਂ ਸਾਲ ਦੇ ਦੂਜੇ ਦਿਨ ਜਦੋਂ ਘਰਾਂ ਵਿੱਚ ਆਈਆਂ ਦਰਾੜਾਂ ਖੌਫਨਾਕ ਪੱਧਰ ਉੱਤੇ ਪੁੱਜ ਗਈਆਂ ਤੇ ਜੋਸ਼ੀਮੱਠ ਕੌਮਾਂਤਰੀ ਮੀਡੀਆ ਦੀਆਂ ਖ਼ਬਰਾਂ ਵਿੱਚ ਛਾ ਗਿਆ ਤਦ ਜਾ ਕੇ ਸਰਕਾਰ ਦੀ ਜਾਗ ਖੱੁਲ੍ਹੀ |
ਇਸੇ ਦੌਰਾਨ ਜਦੋਂ ਵੱਖ-ਵੱਖ ਭੂ-ਵਿਗਿਆਨੀ ਜੋਸ਼ੀਮੱਠ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ ਤਾਂ ਇਸਰੋ ਨੇ ਤਸਵੀਰਾਂ ਸਮੇਤ ਇੱਕ ਰਿਪੋਰਟ ਜਾਰੀ ਕਰਕੇ ਕਿਹਾ ਕਿ ਪਿਛਲੇ 12 ਦਿਨਾਂ ਵਿੱਚ ਜੋਸ਼ੀਮੱਠ 5.4 ਸੈਟੀਮੀਟਰ ਧਸ ਚੁੱਕਾ ਹੈ | ਇਸ ਤੋਂ ਪਹਿਲਾਂ ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐਨ ਆਰ ਐਸ ਸੀ) ਦੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਅਪ੍ਰੈਲ 2022 ਤੋਂ ਨਵੰਬਰ ਤੱਕ 7 ਮਹੀਨਿਆਂ ਦੌਰਾਨ ਜੋਸ਼ੀਮੱਠ 9 ਸੈਂਟੀਮੀਟਰ ਹੇਠਾਂ ਚਲਾ ਗਿਆ ਸੀ | ਇਸਰੋ ਦੀ ਤਾਜ਼ਾ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹੁਣ ਜੋਸ਼ੀਮੱਠ ਦੀ ਜ਼ਮੀਨ ਵਿੱਚ ਸਮਾ ਜਾਣ ਦੀ ਰਫ਼ਤਾਰ ਤੇਜ਼ ਹੋ ਗਈ ਹੈ | ਭਾਜਪਾ ਸਰਕਾਰ ਦੇ ਕਹਿਣ ‘ਤੇ ਇਸਰੋ ਨੇ ਆਪਣੀ ਵੈੱਬਸਾਈਟ ਤੋਂ ਇਹ ਰਿਪੋਰਟ ਹਟਾ ਲਈ ਹੈ | ਇਸ ਸੰਬੰਧੀ ਕੈਬਨਿਟ ਮੰਤਰੀ ਧਨ ਸਿੰਘ ਰਾਵਤ ਨੇ ਕਿਹਾ ਹੈ ਕਿ ਜੋਸ਼ੀਮੱਠ ਸੰਬੰਧੀ ਇਸਰੋ ਦੀਆਂ ਤਸਵੀਰਾਂ ਵਾਇਰਲ ਹੋਣ ਤੇ ਟੀ ਵੀ ਚੈਨਲਾਂ ਉੱਤੇ ਪ੍ਰਸਾਰਤ ਹੋਣ ਨਾਲ ਲੋਕ ਭੈਭੀਤ ਹੋ ਗਏ ਸਨ, ਜਿਸ ਕਾਰਨ ਉਨ੍ਹਾ ਇਸਰੋ ਨੂੰ ਕਿਹਾ ਸੀ ਕਿ ਤਸਵੀਰਾਂ ਤੇ ਰਿਪੋਰਟ ਨੂੰ ਹਟਾ ਦਿੱਤਾ ਜਾਵੇ | ਤਰਕ ਕਮਾਲ ਦਾ ਹੈ | ਭਲਾ ਜਿਨ੍ਹਾਂ ਲੋਕਾਂ ਦੀਆਂ ਅੱਖਾਂ ਮੂਹਰੇ ਉਨ੍ਹਾਂ ਦੇ ਆਸ਼ਿਆਨੇ ਤਿੜਕ ਰਹੇ ਹਨ, ਉਨ੍ਹਾਂ ਨੂੰ ਤਸਵੀਰਾਂ ਦੇਖਣ ਜਾਂ ਨਾ ਦੇਖਣ ਨਾਲ ਭਲਾ ਕੀ ਫ਼ਰਕ ਪੈਂਦਾ ਹੈ |
ਸਰਕਾਰ ਦੀਆਂ ਅਜਿਹੀਆਂ ਘਟੀਆ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਸ਼ਹਿਰ ਵਾਸੀਆਂ ਦਾ ਗੁੱਸਾ ਸੱਤਵੇਂ ਅਸਮਾਨ ਉੱਤੇ ਹੈ | ਲੋਕਾਂ ਨੇ ਫ਼ੈਸਲਾ ਕੀਤਾ ਹੈ ਕਿ 26 ਜਨਵਰੀ ਨੂੰ ਉਹ ਪੂਰੇ ਸ਼ਹਿਰ ਵਿੱਚ ਪ੍ਰਦਰਸ਼ਨਾਂ ਰਾਹੀਂ ਸ਼ਹਿਰ ਨੂੰ ਜਾਮ ਕਰ ਦੇਣਗੇ | ਇਸ ਦਿਨ ਜੋਸ਼ੀਮੱਠ ਨੇੜਲੇ 50 ਪਿੰਡਾਂ ਦੇ ਲੋਕ ਵੀ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਗੇ | ਲੋਕਾਂ ਦੀ ਮੰਗ ਹੈ ਕਿ ਇਸ ਤਬਾਹੀ ਪਿੱਛੇ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨ ਟੀ ਪੀ ਸੀ) ਜ਼ਿੰਮੇਵਾਰ ਹੈ, ਇਸ ਲਈ ਉਸ ਤੋਂ ਹੋਏ ਨੁਕਸਾਨ ਦਾ ਮੁਕੰਮਲ ਮੁਆਵਜ਼ਾ ਦਿਵਾਇਆ ਜਾਵੇ |
ਜੋਸ਼ੀਮੱਠ ਸੰਬੰਧੀ ਬਣੀ ਜੋਸ਼ੀਮੱਠ ਬਚਾਓ ਸੰਘਰਸ਼ ਸਮਿਤੀ ਦੇ ਕਨਵੀਨਰ ਅਤੁਲ ਸਤੀ ਨੇ ਕਿਹਾ ਕਿ ਮੁੱਖ ਮੰਤਰੀ ਧਾਮੀ ਨੇ ਮੌਜੂਦਾ ਸਥਿਤੀ ਨੂੰ ਕੁਦਰਤੀ ਆਫ਼ਤ ਕਹਿ ਕੇ ਐਨ ਟੀ ਪੀ ਸੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ, ਜਦੋਂ ਕਿ ਇਸ ਤਬਾਹੀ ਲਈ ਉਹੀ ਜ਼ਿੰਮੇਵਾਰ ਹੈ | ਹੁਣ ਲੜਾਈ ਜੋਸ਼ੀਮੱਠ ਤੇ ਐਨ ਟੀ ਪੀ ਸੀ ਵਿਚਕਾਰ ਹੈ, ਜਿਸ ਦੀ ਤਪੋਵਨ-ਵਿਸ਼ਣੂਗੜ੍ਹ ਪਣ ਬਿਜਲੀ ਯੋਜਨਾ ਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਹੈ | ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਸਰਕਾਰ ਐਨ ਟੀ ਪੀ ਸੀ ਤੋਂ ਜੋਸ਼ੀਮੱਠ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਲੈ ਕੇ ਪ੍ਰਭਾਵਤ ਪਰਵਾਰਾਂ ਨੂੰ ਨਹੀਂ ਦਿੰਦੀ ਅਤੇ ਪਣਬਿਜਲੀ ਯੋਜਨਾ ਉਤੇ ਰੋਕ ਨਹੀਂ ਲਾਈ ਜਾਂਦੀ |
-ਚੰਦ ਫਤਿਹਪੁਰੀ

Related Articles

LEAVE A REPLY

Please enter your comment!
Please enter your name here

Latest Articles