ਕਰਨਾਟਕ ‘ਚ ਵੀ ਭਾਜਪਾ ਦਾ ਫਿਰਕੂ ਪੱਤਾ

0
219

ਕਰਨਾਟਕ ਦੱਖਣੀ ਭਾਰਤ ‘ਚ ਹਿੰਦੂਤਵੀ ਤਾਕਤਾਂ ਦਾ ਕੇਂਦਰ ਬਣਿਆ ਹੋਇਆ ਹੈ | ਉਥੇ ਕੁਝ ਮਹੀਨਿਆਂ ‘ਚ ਅਸੰਬਲੀ ਚੋਣਾਂ ਹੋਣ ਵਾਲੀਆਂ ਹਨ | ਆਰ ਐੱਸ ਐੱਸ ਨੂੰ ਲਗਦਾ ਹੈ ਕਿ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਦਿਖਾ ਕੇ ਵੋਟਾਂ ਨਹੀਂ ਮਿਲਣੀਆਂ | ਇਸ ਕਰਕੇ ਉਹ ਕਾਫੀ ਸਮੇਂ ਤੋਂ ਫਿਰਕੂ ਕਤਾਰਬੰਦੀ ਵਿਚ ਲੱਗੀ ਹੋਈ ਹੈ | ਮੁਸਲਮਾਨਾਂ ਨੂੰ ਨੁੱਕਰੇ ਲਾ ਕੇ ਹਿੰਦੂਆਂ ਨੂੰ ਖੁਸ਼ ਕਰਨ ਦਾ ਉਹ ਮੌਕਾ ਭਾਲਦੀ ਹੀ ਰਹਿੰਦੀ ਹੈ | ਹਾਲਾਂਕਿ ਸੁਪਰੀਮ ਕੋਰਟ ਨੇ ਬੇਂਗਲੁਰੂ ਦੇ ਚਾਮਰਾਜਪੇਟ ਇਲਾਕੇ ‘ਚ ਸਥਿਤ ਈਦਗਾਹ ਦੇ ਮੈਦਾਨ ‘ਤੇ ਸਥਿਤੀ ਜਿਉਂ ਦੀ ਤਿਉਂ ਰੱਖਣ ਦਾ ਹੁਕਮ ਦਿੱਤਾ ਹੋਇਆ ਹੈ | ਗਣਤੰਤਰ ਦਿਵਸ ਦੇ ਬਹਾਨੇ ਆਰ ਐੱਸ ਐੱਸ ਦੇ ਇਸ਼ਾਰੇ ‘ਤੇ ਚੱਲਣ ਵਾਲੇ ਕਈ ਹਿੰਦੂ ਸੱਜੇ-ਪੱਖੀ ਗਰੁੱਪਾਂ ਨੇ ਉਥੇ ਤਿਰੰਗਾ ਲਹਿਰਾਉਣ ਦੀ ਮੰਗ ਚੁੱਕ ਦਿੱਤੀ ਹੈ ਤੇ ਸਰਕਾਰ ਤੋਂ ਇਸ ਦੀ ਆਗਿਆ ਮੰਗੀ ਹੈ | ਈਦਗਾਹ ਮੈਦਾਨ ‘ਚ ਬੱਚੇ ਖੇਡਦੇ ਹਨ ਤੇ ਇਥੇ ਲਗਪਗ 200 ਤੋਂ ਵਰਿ੍ਹਆਂ ਤੋਂ ਸਾਲ ‘ਚ ਸਿਰਫ ਦੋ ਵਾਰ ਈਦ ਦੀ ਨਮਾਜ਼ ਤੋਂ ਇਲਾਵਾ ਕੋਈ ਜਨਤਕ ਈਵੈਂਟ ਨਹੀਂ ਹੁੰਦਾ | ਬੇਂਗਲੁਰੂ ਦੇ ਈਦਗਾਹ ਮੈਦਾਨ ਵਾਂਗ ਪਿਛਲੇ ਅਗਸਤ ‘ਚ ਹੁਬਲੀ ਦੇ ਈਦਗਾਹ ਮੈਦਾਨ ‘ਚ ਗਣੇਸ਼ ਚਤੁਰਥੀ ਮਨਾਉਣ ਦਾ ਵਿਵਾਦ ਖੜ੍ਹਾ ਕੀਤਾ ਗਿਆ ਸੀ | ਚਾਮਰਾਜਪੇਟ ਨਾਗਰਿਕਰਾ ਓਕੂਟਾ (ਚਾਮਰਾਜਪੇਟ ਰੈਜ਼ੀਡੈਂਟਸ ਐਸੋਸੀਏਸ਼ਨ) ਤੇ ਘੱਟੋ-ਘੱਟ ਅੱਧੀ ਦਰਜਨ ਹੋਰ ਜਥੇਬੰਦੀਆਂ ਨੇ ਸੂਬਾ ਸਰਕਾਰ ਨੂੰ ਸਾਂਝੇ ਤੌਰ ‘ਤੇ ਲਿਖਿਆ ਹੈ ਕਿ ਉਨ੍ਹਾਂ ਨੂੰ ਉਥੇ 26 ਜਨਵਰੀ ਨੂੰ ਤਿਰੰਗਾ ਲਹਿਰਾਉਣ ਦੀ ਆਗਿਆ ਦਿੱਤੀ ਜਾਵੇ | ਇਹ ਉਹੀ ਗਰੁੱਪ ਹਨ, ਜਿਨ੍ਹਾਂ ਨੇ ਇਥੇ ਗਣੇਸ਼ ਚਤੁਰਥੀ ਮਨਾਉਣ ਦੀ ਆਗਿਆ ਮੰਗੀ ਸੀ ਤੇ ਕਰਨਾਟਕ ਹਾਈ ਕੋਰਟ ਨੇ ਪੂਜਾ ਦੀ ਆਗਿਆ ਦੇ ਦਿੱਤੀ ਸੀ, ਹਾਲਾਂਕਿ ਸੁਪਰੀਮ ਕੋਰਟ ਨੇ ਵਿਸ਼ੇਸ਼ ਸੁਣਵਾਈ ਕਰਦਿਆਂ ਉਸ ਨੂੰ ਰੋਕ ਦਿੱਤਾ ਸੀ ਤੇ ਕਿਹਾ ਸੀ ਕਿ ਉਥੇ ਸਥਿਤੀ ਜਿਉਂ ਦੀ ਤਿਉਂ ਰੱਖੀ ਜਾਵੇ | ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਉਦੋਂ ਦੰਗਾ-ਰੋਕੂ ਫੋਰਸ ਤਾਇਨਾਤ ਕਰਨੀ ਪਈ ਸੀ | ਸੁਪਰੀਮ ਕੋਰਟ ਵਿਚ ਮਾਮਲਾ ਇਹ ਚੱਲ ਰਿਹਾ ਹੈ ਕਿ ਈਦਗਾਹ ਦੀ ਮਾਲਕੀ ਕਿਸ ਦੀ ਹੈ | ਮੁਸਲਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਕਰਨਾਟਕ ਸਟੇਟ ਵਕਫ ਬੋਰਡ ਦੀ ਜਾਇਦਾਦ ਹੈ, ਪਰ ਕਰਨਾਟਕ ਸਰਕਾਰ ਨੇ ਗਣੇਸ਼ ਚਤੁਰਥੀ ਮਨਾਉਣ ਦੀ ਆਗਿਆ ਦਿੰਦਿਆਂ ਦਾਅਵਾ ਕੀਤਾ ਸੀ ਕਿ ਇਹ ਥਾਂ ਬੇਂਗਲੁਰੂ ਨਗਰ ਨਿਗਮ ਦੀ ਹੈ | ਚਾਮਰਾਜਪੇਟ ਪੁਰਾਣੇ ਬੇਂਗਲੁਰੂ ਦੇ ਕੇਂਦਰ ‘ਚ ਪੈਂਦਾ ਹੈ ਅਤੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੋਂ ਥੋੜ੍ਹੇ ਫਾਸਲੇ ‘ਤੇ ਹੈ | ਇਤਿਹਾਸਕ ਤੌਰ ‘ਤੇ ਇਹ ਵਪਾਰਕ ਕੇਂਦਰ ਰਿਹਾ ਹੈ | ਇਥੇ ਦੁਕਾਨਾਂ ਦੇ ਨਾਲ ਘਰ ਵੀ ਹਨ, ਜਿੱਥੇ ਸਾਰੇ ਵਿਸ਼ਵਾਸਾਂ ਦੇ ਲੋਕ ਰਹਿੰਦੇ ਹਨ | ਇਨ੍ਹਾਂ ਵਿਚਾਲੇ ਸਦਭਾਵਨਾ ਹਿੰਦੂਤਵੀਆਂ ਨੂੰ ਨਹੀਂ ਸਿਖਾਉਂਦੀ | ਹਿੰਦੂ ਸੱਜੇ-ਪੱਖੀ ਗਰੁੱਪਾਂ ਨੇ 2002 ਵਿਚ ਵੀ ਇੱਥੇ ਗਣੇਸ਼ ਚਤੁਰਥੀ, ਦੁਸਹਿਰਾ ਤੇ ਦੀਵਾਲੀ ਵਰਗੇ ਤਿਉਹਾਰ ਮਨਾਉਣ ਲਈ ਜਤਨ ਕੀਤੇ ਸਨ, ਪਰ ਵੇਲੇ ਦੀਆਂ ਸਰਕਾਰਾਂ ਨੇ ਫਿਰਕੂ ਹਿੰਸਾ ਹੋਣੋਂ ਰੋਕਣ ਲਈ ਆਗਿਆ ਨਹੀਂ ਸੀ ਦਿੱਤੀ | ਹੁਣ ਭਾਜਪਾ ਦੀ ਸਰਕਾਰ ਹੈ ਤੇ ਜਿੱਥੇ ਵੀ ਚੋਣਾਂ ਹੋਣੀਆਂ ਹੁੰਦੀਆਂ ਹਨ, ਭਾਜਪਾ ਫਿਰਕੂ ਧਰੁਵੀਕਰਨ ‘ਚ ਸਹਾਇਕ ਹੋਣ ਵਾਲੇ ਮੁੱਦਿਆਂ ਨੂੰ ਹਵਾ ਦਿੰਦੀ ਹੈ | ਮੱਧ ਪ੍ਰਦੇਸ਼ ਤੇ ਯੂ ਪੀ ‘ਚ ਅਜਿਹਾ ਕਈ ਵਾਰ ਦੇਖਣ ਨੂੰ ਮਿਲਿਆ ਹੈ | ਛੱਤੀਸਗੜ੍ਹ ਵਿਚ ਚੋਣਾਂ ਹੋਣੀਆਂ ਹਨ ਤੇ ਉਥੇ ਇਹ ਈਸਾਈਆਂ ਵਿਰੁੱਧ ਲੋਕਾਂ ਨੂੰ ਭੜਕਾ ਰਹੀ ਹੈ | ਰਾਜਸਥਾਨ ‘ਚ ਚੋਣਾਂ ਹੋਣੀਆਂ ਹਨ ਤੇ ਉਥੇ ਵੀ ਕੋਈ ਨਾ ਕੋਈ ਫਿਰਕੂ ਬਖੇੜਾ ਖੜ੍ਹਾ ਕਰਦੀ ਆ ਰਹੀ ਹੈ |

LEAVE A REPLY

Please enter your comment!
Please enter your name here