ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਤੋਂ ਅਸਤੀਫਾ ਦੇ ਕੇ ਬੁੱਧਵਾਰ ਕੇਂਦਰੀ ਮੰਤਰੀ ਪੀਯੂਸ਼ ਗੋਇਲ, ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਅਤੇ ਪਾਰਟੀ ਦੇ ਕੌਮੀ ਮੀਡੀਆ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਲ ਹੋ ਗਏ | ਭਾਜਪਾ ‘ਚ ਸ਼ਾਮਲ ਹੋਣ ਮਗਰੋਂ ਉਨ੍ਹਾ ਕਿਹਾ ਕਿ ਕੋਈ ਅਜਿਹੀ ਕਿਸੇ ਪਾਰਟੀ ‘ਚ ਕਿਵੇਂ ਕੰਮ ਕਰ ਸਕਦਾ ਹੈ, ਜਿਸ ‘ਚ ਅੰਦਰੂਨੀ ਕਲੇਸ਼ ਹੋਵੇ | ਮਨਪ੍ਰੀਤ ਨੇ ਕਿਹਾ ਕਿ ਉਹ ਸਿਆਸਤ ਨੂੰ ਭਾਰਤ ਦੀ ਸੇਵਾ ਦਾ ਜ਼ਰੀਆ ਸਮਝਦੇ ਹਨ ਤੇ ਉਹ ਧੜੇਬੰਦੀ ਵਧਾਉਂਦੀ ਕਾਂਗਰਸ ਦਾ ਬਹੁਤਾ ਚਿਰ ਹਿੱਸਾ ਨਹੀਂ ਰਹਿ ਸਕਦੇ ਸਨ | ਉਹ ਦੇਸ਼ ਦੀ ਸੇਵਾ ਕਰਨ ਲਈ ਭਾਜਪਾ ਵਿਚ ‘ਚ ਸ਼ਾਮਲ ਹੋਏ ਹਨ, ਜਿਸ ਦੀ ਪ੍ਰੌਢ ਲੀਡਰਸ਼ਿਪ ਪੰਜਾਬ ਨੂੰ ਗਰਕਣੋਂ ਬਚਾ ਸਕਦੀ ਹੈ | ਉਨ੍ਹਾ ਕਿਹਾ ਕਿ ਉਹ ਪੰਜਾਬ ਦੀ ਚਲੰਤ ਹਾਲਤ ਹੋੋਰ ਨਹੀਂ ਦੇਖ ਸਕਦੇ ਸਨ, ਜਿਸ ਦੀ ਜਵਾਨੀ ਰੁਜ਼ਗਾਰ ਖਾਤਰ ਵਿਦੇਸ਼ਾਂ ਵੱਲ ਭੱਜ ਰਹੀ ਹੈ | ਉਨ੍ਹਾ ਕਿਹਾ—ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਿਆ ਅਤੇ ਭਾਰਤ ਦੀ ਸੇਵਾ ਲਈ ਉਨ੍ਹਾ ਦਾ ਉਤਸ਼ਾਹ ਦੇਖ ਬਹੁਤ ਮੁਤਾਸਰ ਹੋਇਆ | ਉਨ੍ਹਾ ਕਿਹਾ ਕਿ ਹਮਲਿਆਂ ਦਾ ਸਾਹਮਣਾ ਕਰਨ ਵਾਲੇ ਪੰਜਾਬ ਨੂੰ ਨਿਘਰਨ ਨਹੀਂ ਦਿੱਤਾ ਜਾਵੇਗਾ | ਪੰਜਾਬ ਦੇ 9 ਬੱਜਟ ਪੇਸ਼ ਕਰਨ ਵਾਲੇ ਮਨਪ੍ਰੀਤ ਨੂੰ ਭਾਜਪਾ ਵਿਚ ਪੀਯੂਸ਼ ਗੋਇਲ ਨੇ ਸ਼ਾਮਲ ਕਰਵਾਇਆ | ਗੋਇਲ ਨੇ ਕਿਹਾ—ਮੈਂ ਮਨਪ੍ਰੀਤ ਨੂੰ ਜਦੋਂ ਵੀ ਮਿਲਿਆ, ਇਹ ਮਹਿਸੂਸ ਕੀਤਾ ਕਿ ਉਹ ਪੰਜਾਬ ਤੇ ਦੇਸ਼ ਪ੍ਰਤੀ ਸੱਚੀਂ ਚਿੰਤਤ ਹਨ | ਤਰੁਣ ਚੁੱਘ ਨੇ ਕਿਹਾ ਕਿ 1994 ਵਿਚ ਮਨਪ੍ਰੀਤ ਦਾ ਗਿੱਦੜਬਾਹਾ ਚੋਣ ਜਿੱਤਣਾ ਪੰਜਾਬ ਦੀ ਸਿਆਸਤ ‘ਚ ਟਰਨਿੰਗ ਪੁਆਇੰਟ ਸੀ ਤੇ ਹੁਣ ਮਨਪ੍ਰੀਤ ਪੰਜਾਬ ਦੇ ਟਰਨਿੰਗ ਪੁਆਇੰਟ ਦੇ ਹੀਰੋ ਬਣ ਕੇ ਉਭਰੇ ਹਨ | ਉਨ੍ਹਾ ਕਿਹਾ—ਮਨਪ੍ਰੀਤ ਨੇ ਜਦੋਂ ਦਹਿਸ਼ਤਗਰਦੀ ਦੇ ਕਾਲੇ ਦੌਰ ਤੋਂ ਬਾਅਦ ਗਿੱਦੜਬਾਹਾ ਚੋਣ ਜਿੱਤੀ ਸੀ ਤਾਂ ਗੈਰ-ਕਾਂਗਰਸ ਸਰਕਾਰਾਂ ਦਾ ਦੌਰ ਸ਼ੁਰੂ ਹੋਇਆ ਸੀ | ਉਹ ਸੂਬੇ ਦੀ ਸਿਆਸਤ ਦਾ ਟਰਨਿੰਗ ਪੁਆਇੰਟ ਸੀ | ਅੱਜ ਫਿਰ ਮਨਪ੍ਰੀਤ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਪੰਜਾਬ ਦੀ ਸਿਆਸਤ ‘ਚ ਟਰਨਿੰਗ ਪੁਆਇੰਟ ਲਿਆਂਦਾ ਹੈ | ਸਾਰੇ ਸਮਝਦਾਰ ਲੋਕ ਸਾਡੇ ਨਾਲ ਰਲ ਰਹੇ ਹਨ | ਅਸੀਂ 2024 ਦੀਆਂ ਲੋਕ ਸਭਾ ਤੇ 2027 ਦੀਆਂ ਪੰਜਾਬ ਵਿਧਾਨ ਸਭਾ ਆਪਣੇ ਦਮ ‘ਤੇ ਲੜਾਂਗੇ |
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਨੇ 1995 ਵਿਚ ਗਿੱਦੜਬਾਹਾ ਉਪ ਚੋਣ ਜਿੱਤ ਕੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ | ਤਿੰਨ ਦਹਾਕੇ ਦੇ ਸਿਆਸੀ ਸਫਰ ਵਿਚ ਭਾਜਪਾ ਉਨ੍ਹਾ ਦੀ ਚੌਥੀ ਪਾਰਟੀ ਹੈ | ਉਨ੍ਹਾ ਦੇ ਵਰਤਮਾਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਹੜੇ ਗਿੱਦੜਬਾਹਾ ਦੀ ਨੁਮਾਇੰਦਗੀ ਕਰਦੇ ਹਨ, ਨਾਲ ਮਤਭੇਦ ਸਨ |
ਰਾਹੁਲ ਗਾਂਧੀ ਨੂੰ ਲਿਖੇ ਤਿਆਗ-ਪੱਤਰ ਵਿਚ ਮਨਪ੍ਰੀਤ ਨੇ ਕਿਹਾ ਕਿ ਉਨ੍ਹਾ 7 ਸਾਲ ਪਹਿਲਾਂ ਆਪਣੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਕਾਂਗਰਸ ਵਿਚ ਰਲੇਵਾਂ ਕੀਤਾ ਸੀ | ਉਨ੍ਹਾ ਨੂੰ ਆਸ ਸੀ ਕਿ ਕਾਂਗਰਸ ਵਿਚ ਰਹਿ ਕੇ ਉਹ ਪੰਜਾਬ ਦੇ ਲੋਕਾਂ ਦੀ ਆਪਣੀ ਪੂਰੀ ਯੋਗਤਾ ਨਾਲ ਸੇਵਾ ਕਰ ਸਕਣਗੇ, ਪਰ ਉਨ੍ਹਾ ਦਾ ਉਤਸ਼ਾਹ ਹੌਲੀ-ਹੌਲੀ ਭਰਮ ਵਿਚ ਬਦਲ ਗਿਆ |
ਉਨ੍ਹਾ ਪੰਜਾਬ ਨੂੰ ਮਾਲੀ ਸੰਕਟ ਵਿੱਚੋਂ ਕੱਢਣ ਦੇ ਜਤਨ ਕੀਤੇ, ਪਰ ਉਨ੍ਹਾ ਨੂੰ ਸਲਾਹੁਣ ਦੀ ਥਾਂ ਨਿੰਦਿਆ ਗਿਆ | ਉਹ ਕਾਂਗਰਸ ਵੱਲੋਂ ਪੰਜਾਬ ਦੇ ਸੰਬੰਧ ਵਿਚ ਲਏ ਗਏ ਫੈਸਲਿਆਂ ਤੋਂ ਨਿਰਾਸ਼ ਹੋਏ ਹਨ | ਦਿੱਲੀ ਦੇ ਨੁਮਾਇੰਦਿਆਂ ਨੇ ਪੰਜਾਬ ਪਾਰਟੀ ਵਿਚ ਕਲੇਸ਼ ਨੂੰ ਖਤਮ ਕਰਨ ਦੀ ਥਾਂ ਹੋਰ ਵਧਾਇਆ |





