ਪਟਿਆਲਾ : 6 ਜੱਥੇਬੰਦੀਆਂ ਸੰਬੰਧਤ ਏਟਕ, ਇੰਟਕ, ਕਰਮਚਾਰੀ ਦਲ, ਐੱਸ.ਸੀ., ਬੀ.ਸੀ, ਸੀਟੂ ਅਤੇ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਤਨਖਾਹ ਪੈਨਸ਼ਨ ਦਾ ਭੁਗਤਾਨ ਨਾ ਹੋਣ ਦੇ ਵਿਰੋਧ ਵਿੱਚ ਅਤੇ ਵਰਕਰਾਂ ਦੀਆਂ ਹੋਰ ਮੰਗਾਂ ਸਬੰਧੀ ਪੀ.ਆਰ.ਟੀ.ਸੀ. ਦੇ ਸਾਰੇ ਡਿਪੂਆਂ ਵਿਚ ਰੋਸ ਰੈਲੀਆਂ ਕਰਨ ਦੇ ਦਿੱਤੇ ਗਏ ਸੱਦੇ ਮੁਤਾਬਕ ਮੰਗਲਵਾਰ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਪਟਿਆਲਾ ਡਿਪੂ ਦੇ ਗੇਟ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਗਈ | ਇਸ ਰੈਲੀ ਨੂੰ ਵਿਸ਼ੇਸ਼ ਤੌਰ ‘ਤੇ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵਸ੍ਰੀ ਬਲਦੇਵ ਰਾਜ ਬੱਤਾ, ਜਰਨੈਲ ਸਿੰਘ, ਗੁਰਬਖਸ਼ਾ ਰਾਮ, ਸੁੱਚਾ ਸਿੰਘ, ਅਤੇ ਉਤਮ ਸਿੰਘ ਬਾਗੜੀ ਨੇ ਸੰਬੋਧਨ ਕੀਤਾ | ਐਕਸ਼ਨ ਕਮੇਟੀ ਦੇ ਆਗੂਆਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਦੀ ਆਪ ਦੀ ਮਾਨ ਸਰਕਾਰ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਕਦੇ ਵੀ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਨਹੀਂ ਮਿਲੀ, ਵਰਕਰਾਂ ਦੇ ਹੋਰ ਬਕਾਏ ਤਾਂ ਮਿਲਣੇ ਦੂਰ ਦੀ ਗੱਲ ਹੈ | ਪਿਛਲੇ ਮਹੀਨੇ ਵੀ ਤਨਖਾਹ/ਪੈਨਸ਼ਨ 17 ਮਈ ਨੂੰ ਮਿਲੀ ਸੀ | ਇਸ ਮਹੀਨੇ ਮਿਲਣ ਦੀ ਸੰਭਾਵਨਾ ਬੜੀ ਹੀ ਮੱਧਮ ਹੈ | ਕਿਉਂਕਿ ਪੰਜਾਬ ਸਰਕਾਰ ਵੱਲੋਂ ਮੁਫਤ ਸਫਰ ਸਹੂਲਤਾਂ ਬਦਲੇ ਬਣਦੇ 200 ਕਰੋੜ ਰੁਪਏ ਵਿੱਚੋਂ ਇਕ ਪੈਸਾ ਵੀ ਵਰਕਰਾਂ ਦੀ ਤਨਖਾਹ/ਪੈਨਸ਼ਨ ਲਈ ਨਹੀਂ ਦਿੱਤਾ ਗਿਆ | ਪੰਜਾਬ ਸਰਕਾਰ ਵਿਰੁੱਧ ਵਰਕਰਾਂ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਐਕਸ਼ਨ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਅਤੇ ਮੈਨੇਜਮੈਂਟ ਨੇ ਕੋਈ ਸਾਰਥਕ ਹੱਲ ਜਲਦੀ ਨਾ ਕੱਢਿਆ ਤਾਂ 14 ਜੂਨ ਨੂੰ ਹਜ਼ਾਰਾਂ ਵਰਕਰਾਂ ਵੱਲੋਂ ਸੰਗਰੂਰ ਵਿਖੇ ਰੈਲੀ ਅਤੇ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਦੇ ਝੂਠੇ ਪ੍ਰਚਾਰ ਅਤੇ ਪਖੰਡਾਂ ਦਾ ਪਰਦਾਫਾਸ਼ ਕੀਤਾ ਜਾਵੇਗਾ | ਐਕਸ਼ਨ ਕਮੇਟੀ ਦੇ ਆਗੂਆਂ ਨੇ ਬਠਿੰਡਾ ਡਿਪੂ ਵਿਖੇ ਟਿਕਟ ਮਸ਼ੀਨਾਂ ਰਾਹੀਂ ਕੀਤੇ ਗਏ ਲੱਗਭੱਗ 20 ਕਰੋੜ ਦੇ ਮਹਾਂਸਕੈਂਡਲ ਦੀ ਢਿੱਲੀ ਜਾਂਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਨਰਲ ਮੈਨੇਜਰ ਸਮੇਤ ਕੁਝ ਹੋਰ ਵਿਅਕਤੀਆਂ ਨੂੰ ਸਕੈਂਡਲ ਦੀ ਜ਼ਿੰਮੇਵਾਰੀ ਲਈ ਕੁਝ ਨਹੀਂ ਕਿਹਾ ਜਾ ਰਿਹਾ, ਜਦਕਿ ਜਨਰਲ ਮੈਨੇਜਰ ਦੀ ਇਕ ਸਕੈਂਡਲ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |
ਐਕਸ਼ਨ ਕਮੇਟੀ ਨੇ ਕਿਹਾ ਕਿ ਸਕੈਂਡਲ ਦੇ ਤਾਰ ਚੰਡੀਗੜ੍ਹ ਡਿਪੂ ਨਾਲ ਵੀ ਜੁੜਨਗੇ | ਐਕਸ਼ਨ ਕਮੇਟੀ ਨੇ ਮੰਤਰੀ ਟਰਾਂਸਪੋਰਟ ਅਤੇ ਚੇਅਰਮੈਨ/ਕਮ-ਸਕੱਤਰ, ਟਰਾਂਸਪੋਰਟ ਅਤੇ ਮੈਨੇਜਮੈਟ ਪਾਸੋਂ ਮੰਗ ਕੀਤੀ ਹੈ ਕਿ ਵਰਕਰਾਂ ਦੇ ਮਸਲੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ, ਜਿਵੇਂ ਕਿ ਕੰਟਰੈਕਟ ਕਾਮੇ ਪੱਕੇ ਕਰਨਾ, ਨਵੀਆਂ ਬੱਸਾਂ ਪਾਉਣਾ, ਅਦਾਲਤੀ ਫੈਸਲੇ ਲਾਗੂ ਕਰਨਾ, ਓਵਰ ਟਾਈਮ ਦੀ ਸਹੀ ਅਦਾਇਗੀ ਕਰਨਾ, ਬਕਾਏ ਅਦਾ ਕਰਨੇ ਆਦਿ |





