ਪਟਿਆਲਾ : ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਅਤੇ ਪਾਵਰ ਮੈਨੇਜਮੈਂਟ ਦੇ ਨੁਮਾਇੰਦਿਆਂ ਦਰਮਿਆਨ ਹੈੱਡ ਆਫਿਸ ਪਟਿਆਲਾ ਵਿਖੇ ਵਧੀਆ ਮਾਹੌਲ ਵਿੱਚ ਮੀਟਿੰਗ ਹੋਈ, ਜਿਸ ਵਿੱਚ ਪਾਵਰ ਮੈਨੇਜਮੈਂਟ ਵੱਲੋਂ ਇੰਜੀ: ਗੋਪਾਲ ਸ਼ਰਮਾ ਡਾਇਰੈਕਟਰ ਐੱਚ.ਆਰ. ਬੀ.ਐੱਸ. ਗੁਰਮ ਡਿਪਟੀ ਸੈਕਟਰੀ ਲੇਬਰ ਅਤੇ ਵੈੱਲਫੇਅਰ ਸਮੇਤ ਦਫਤਰੀ ਅਮਲਾ ਅਤੇ ਜੁਆਇੰਟ ਫੋਰਮ ਵੱਲੋਂ ਸਰਵਸਾਥੀ ਕੁਲਦੀਪ ਸਿੰਘ ਖੰਨਾ, ਸਿਕੰਦਰ ਨਾਥ, ਹਰਪਾਲ ਸਿੰਘ, ਬਲਦੇਵ ਸਿੰਘ ਮੰਢਾਲੀ, ਕੌਰ ਸਿੰਘ, ਅਵਤਾਰ ਸਿੰਘ ਕੈਂਥ, ਰਵੇਲ ਸਿੰਘ ਸਹਾਏਪੁਰ, ਬਲਵਿੰਦਰ ਸਿੰਘ ਸੰਧੂ, ਹਰਮੇਸ਼ ਧੀਮਾਨ, ਜਗਜੀਤ ਸਿੰਘ ਕੋਟਲੀ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ, ਰਾਮ ਲੁਭਾਇਆ, ਸੁਖਵਿੰਦਰ ਸਿੰਘ ਦੁੰਮਨਾ, ਜਗਜੀਤ ਸਿੰਘ ਕੰਡਾ, ਜਗਦੀਪ ਸਿੰਘ ਸਹਿਗਲ ਅਤੇ ਗੁਰਦਿੱਤ ਸਿੰਘ ਸੰਧੂ ਆਦਿ ਸ਼ਾਮਲ ਹੋਏ | ਮੀਟਿੰਗ ਵਿੱਚ 28 ਨੁਕਾਤੀ ਮੰਗ ਪੱਤਰ ‘ਤੇ ਵਿਸਥਾਰਤ ਚਰਚਾ ਕੀਤੀ ਗਈ | ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਰਹਿੰਦੀਆਂ ਮੰਗਾਂ ‘ਤੇ 10 ਦਿਨਾਂ ਅੰਦਰ ਫਿਰ ਮੀਟਿੰਗ ਦੇ ਕੇ ਹੱਲ ਕਰਨ ਅਤੇ ਮੁੱਖ ਲੇਖਾ ਅਫਸਰ ਨਾਲ 9 ਜੂਨ ਨੂੰ ਜੁਆਇੰਟ ਫੋਰਮ ਦੇ ਨੁਮਾਇੰਦਿਆਂ ਨਾਲ ਵਿਸਥਾਰਤ ਮੀਟਿੰਗ ਕਰਕੇ ਪੇ ਸਕੇਲਾਂ ਵਿੱਚ ਰਹਿੰਦੀਆਂ ਤਰੁੱਟੀਆਂ, ਤਨਖਾਹ ਫਿਕਸ਼ੇਸ਼ਨ ਅਤੇ ਅਨਾਮਲੀਜ਼ ਬਾਰੇ ਵਿਚਾਰ ਕਰਕੇ ਹੱਲ ਕੀਤਾ ਜਾਵੇਗਾ | ਪੰਜਾਬ ਸਰਕਾਰ ਦੀ ਤਰਜ਼ ‘ਤੇ ਮੋਬਾਇਲ ਅਲਾਊਾਸ ਵਿੱਚ ਵਾਧਾ ਅਤੇ ਬਕਾਇਆ ਦਿੱਤਾ ਜਾਵੇਗਾ | ਗਰਿਡ ਸਬ ਸਟੇਸ਼ਨਾਂ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਬਣਦਾ ਏਰੀਅਰ ਜਲਦੀ ਦਿੱਤਾ ਜਾਵੇਗਾ | ਆਰ.ਟੀ.ਐੱਮ., ਏ.ਐੱਸ.ਐੱਸ.ਏ., ਤਕਨੀਕੀ ਤੇ ਕਲੈਰੀਕਲ ਸਟਾਫ ਦੀਆਂ ਬਣਦੀਆਂ ਤਰੱਕੀਆਂ ਕੀਤੀਆਂ ਜਾਣਗੀਆਂ, ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਨੁਮਾਇੰਦਗੀ ਦਿੱਤੀ ਜਾਵੇਗੀ | ਰਹਿੰਦੇ ਭੱਤਿਆਂ ਵਿੱਚ ਯੋਗ ਵਾਧਾ ਕੀਤਾ ਜਾਵੇਗਾ | ਸੰਘਰਸ਼ ਦੌਰਾਨ ਮੁਲਾਜ਼ਮਾਂ ਦੀ ਗੈਰ ਹਾਜ਼ਰੀ ਦੇ ਸਮੇਂ ਨੂੰ ਰੈਗੂਲਰ ਕੀਤਾ ਜਾਵੇਗਾ | 23 ਸਾਲਾਂ ਦੀ ਸੇਵਾ ਬਾਅਦ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਸਾਲਾਨਾ ਤਰੱਕੀ ਦਾ ਲਾਭ ਦੇਣ ਲਈ ਬੀ.ਓ.ਡੀ. ਦੀ ਮੀਟਿੰਗ ਵਿੱਚ ਹਮਦਰਦੀਪੂਰਬਕ ਲਾਭ ਦੇਣ ਬਾਰੇ ਵਿਚਾਰਿਆ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਸਾਥੀ ਕਰਮਚੰਦ ਭਾਰਦਵਾਜ ਸਕੱਤਰ ਜੁਆਇੰਟ ਫੋਰਮ ਨੇ ਦੱਸਿਆ ਕਿ ਜੇਕਰ 10 ਦਿਨ ਅੰਦਰ ਮੀਟਿੰਗ ਦੇ ਫੈਸਲੇ ਅਨੁਸਾਰ ਮੁਲਾਜ਼ਮ ਮਸਲੇ ਹੱਲ ਨਾ ਕੀਤੇ ਅਤੇ ਬਿਜਲੀ ਮੁਲਾਜ਼ਮਾਂ ਅਤੇ ਗਰਿੱਡ ਸਬ ਸਟੇਸ਼ਨਾਂ ਦੀ ਸੁਰੱਖਿਆ ਨਾ ਕੀਤੀ ਤਾਂ ਜੁਆਇੰਟ ਫੋਰਮ ਵੱਲੋਂ ਮਜਬੂਰਨ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪਾਵਰ ਮੈਨੇਜਮੈਂਟ ਦੀ ਹੋਵੇਗੀ |ੱ





