ਪਠਾਨਕੋਟ : ਰਾਹੁਲ ਗਾਂਧੀ ਨੇ ਵੀਰਵਾਰ ਭਾਰਤ ਜੋੜੋ ਯਾਤਰਾ ਦੇ ਪੰਜਾਬ ‘ਚ ਆਖਰੀ ਦਿਨ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਸਲਾਹ ਦਿੱਤੀ ਕਿ ਉਹ ਪੰਜਾਬ ਨੂੰ ਆਪਣੇ ਢੰਗ ਨਾਲ ਚਲਾਉਣ, ਰਿਮੋਟ ਕੰਟਰੋਲ ਨਾਲ ਨਾ ਚੱਲਣ ਦੇਣ | ਉਨ੍ਹਾ ਕਿਹਾ—ਮੈਂ ਪੰਜਾਬ ਦੇ ਸੀ ਐੱਮ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਲੋਕ ਸਭਾ ‘ਚ ਬੈਠਦੇ ਸੀ | ਤੁਹਾਡੇ ਤੇ ਅਰਵਿੰਦ ਕੇਜਰੀਵਾਲ ਵਿਚਾਲੇ ਬਹੁਤ ਫਰਕ ਹੈ | ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਣਾ ਚਾਹੀਦਾ | ਭਗਵੰਤ ਮਾਨ ਮੈਨੂੰ ਚੰਗੇ ਲਗਦੇ ਹਨ, ਪਰ ਪੰਜਾਬ ਨੂੰ ਪੰਜਾਬ ਤੋਂ ਚਲਾਉਣਾ ਚਾਹੀਦਾ ਹੈ | ਰਾਹੁਲ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਲੜੇਗੀ ਤੇ ਉਸ ਨੂੰ ਹਰਾਏਗੀ |
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਨੇ ਮੱਧ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਸਮੇਤ ਛੇ ਸਰਕਾਰਾਂ ਚੋਰੀ ਕੀਤੀਆਂ | ਉਹ ਇਨ੍ਹਾਂ ਨੂੰ ਚੋਰ ਨਾ ਕਹਿਣ ਤਾਂ ਕੀ ਕਹਿਣ? ਉਨ੍ਹਾ ਕਿਹਾ ਕਿ ਭਾਜਪਾ ਰਾਹੁਲ ਦੀ ਯਾਤਰਾ ਤੋਂ ਘਬਰਾ ਗਈ ਹੈ | ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਪੂਰੇ ਦੇਸ਼ ਦੀ ਨਜ਼ਰ ਯਾਤਰਾ ‘ਤੇ ਹੈ | ਰਾਹੁਲ ਗਾਂਧੀ ਜਨਨਾਇਕ ਬਣ ਗਏ ਹਨ | ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਹੁਲ ਗਾਂਧੀ ਕਰਾਂਤੀਕਾਰੀ ਲੀਡਰ ਹਨ | ਉਹ ਪਿਆਰ ਵੰਡਦੇ ਹਨ, ਤਪੱਸਵੀ ਹਨ | ਸੰਤ ਦਾ ਰੂਪ ਹਨ | ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਯਾਤਰਾ ਨੂੰ ਇਤਿਹਾਸਕ ਕਰਾਰ ਦਿੱਤਾ | ਪ੍ਰਤਾਪ ਸਿੰਘ ਬਾਜਵਾ ਨੇ ਰਾਹੁਲ ਤੋਂ ਮੰਗ ਕੀਤੀ ਕਿ ਉਹ ਪਾਰਟੀ ਵਿਚ ਕਾਂਗਰਸੀ ਸੋਚ ਵਾਲੇ ਲੋਕਾਂ ਨੂੰ ਲੈ ਕੇ ਆਉਣ | ਜੇ ਪਹਿਲਾਂ ਅਜਿਹਾ ਹੁੰਦਾ ਤਾਂ ਪੰਜਾਬ ਵਿਚ ਕਾਂਗਰਸ ਦੀ ਮਾੜੀ ਹਾਲਤ ਨਾ ਹੁੰਦੀ | ਪੈਰਾਸ਼ੂਟਰ ਕਾਂਗਰਸ ਦਾ ਭਲਾ ਨਹੀਂ ਕਰਨਗੇ | ਇਨ੍ਹਾਂ ਕਾਂਗਰਸ ਦਾ ਕਾਫੀ ਨੁਕਸਾਨ ਕੀਤਾ ਹੈ | ਰੈਲੀ ਤੋਂ ਬਾਅਦ ਯਾਤਰਾ ਜੰਮੂ-ਕਸ਼ਮੀਰ ਵਿਚ ਦਾਖਲ ਹੋ ਗਈ | ਯਾਤਰਾ 30 ਜਨਵਰੀ ਨੂੰ ਮਹਾਤਮਾ ਗਾਂਧੀ ਦੀ ਬਰਸੀ ‘ਤੇ ਖਤਮ ਹੋਵੇਗੀ |





