ਪੀ ਆਰ ਟੀ ਸੀ ਕਾਮਿਆਂ ਵੱਲੋਂ ਪਟਿਆਲਾ ‘ਚ ਵਿਸ਼ਾਲ ਕਨਵੈਨਸ਼ਨ, ਸਰਕਾਰ ਨੂੰ ਸਖਤ ਚੇਤਾਵਨੀ

0
197

ਪਟਿਆਲਾ : ਵੀਰਵਾਰ ਇੱਥੇ ਪਟਿਆਲਾ ਵਿਖੇ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਸੱਦੇ ‘ਤੇ ਬੱਸ ਸਟੈਂਡ ਵਿਖੇ ਵਿਸ਼ਾਲ ਕਨਵੈਨਸ਼ਨ ਕੀਤੀ ਗਈ | ਕਨਵੈਨਸ਼ਨ ਵਿੱਚ ਇੱਕ ਹਜ਼ਾਰ ਤੋਂ ਵੱਧ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ | ਕਨਵੈਨਸ਼ਨ ਦੀ ਪ੍ਰਧਾਨਗੀ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਤੇ ਮੈਂਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਕੇਸ਼ ਕੁਮਾਰ ਦਾਤਾਰਪੁਰੀ, ਤਰਸੇਮ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਕੀਤੀ | ਐਕਸ਼ਨ ਕਮੇਟੀ ਦੇ ਆਗੂਆਂ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਨੂੰ ਕੋਸਦਿਆਂ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਪੀ ਆਰ ਟੀ ਸੀ ਨੂੰ ਮਾਲੀ ਸੰਕਟ ਵਿੱਚ ਧੱਕ ਦਿੱਤਾ ਗਿਆ ਹੈ, ਜਿਸ ਦੇ ਸਿੱਟੇ ਵਰਕਰਾਂ ਨੂੰ ਭੁਗਤਣੇ ਪੈ ਰਹੇ ਹਨ, ਜਿਹਨਾਂ ਨੂੰ ਤਨਖਾਹਾਂ, ਪੈਨਸ਼ਨਾਂ ਲੇਟ ਵੀ ਮਿਲਦੀਆਂ ਹਨ ਅਤੇ ਪੂਰੀਆਂ ਵੀ ਨਹੀਂ ਮਿਲਦੀਆਂ |
ਇਸ ਤੋਂ ਇਲਾਵਾ ਵਰਕਰਾਂ ਦੇ 90 ਕਰੋੜ ਰੁਪਏ ਦੇ ਬਕਾਏ ਪੀ ਆਰ ਟੀ ਸੀ ਵੱਲ ਖੜੇ ਹਨ | ਮੁਫਤ ਸਫਰ ਬਦਲੇ 350 ਕਰੋੜ ਰੁਪਏ ਦੇ ਬਕਾਏ ਸਰਕਾਰ ਵੱਲ ਖੜੇ ਹਨ | ਵਰਕਰਾਂ ਦੀ ਸਖਤ ਮਿਹਨਤ ਨੂੰ ਨਜ਼ਰਅੰਦਾਜ਼ ਕਰਕੇ ਸਰਕਾਰ ਅਤੇ ਮੈਨੇਜਮੈਂਟ ਵਰਕਰਾਂ ਲਈ ਮੁਸੀਬਤਾਂ ਖੜੀਆਂ ਕਰ ਰਹੀ ਹੈ | ਵਰਕਰਾਂ ਨੂੰ ਆਪਣੇ ਘਰਾਂ ਦੇ ਗੁਜ਼ਾਰੇ ਚਲਾਉਣੇ ਮੁਸ਼ਕਲ ਹੋ ਗਏ ਹਨ | ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਕਰਨ ਲਈ ਪੀ ਆਰ ਟੀ ਸੀ ਵੱਲੋਂ ਆਪਣੇ ਤੌਰ ‘ਤੇ ਸਕੀਮ ਤਿਆਰ ਕਰਕੇ ਇਸ ਲੁੱਟ ਦੇ ਸਿਸਟਮ ਨੂੰ ਖਤਮ ਕਰਨ ਦੀ ਮੰਗ ਨੂੰ ਐਕਸ਼ਨ ਕਮੇਟੀ ਵੱਲੋਂ ਲਗਾਤਾਰ ਸੰਘਰਸ਼ ਕਰਨ ਦਾ ਅਹਿਦ ਕੀਤਾ ਗਿਆ | ਬੁਲਾਰਿਆਂ ਨੇ ਜ਼ੋਰਦਾਰ ਤਰੀਕੇ ਨਾਲ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ 300 ਨਵੀਂਆਂ ਬੱਸਾਂ ਸਰਕਾਰੀ ਮਾਲਕੀ ਵਾਲੀਆਂ ਪਾਈਆਂ ਜਾਣ, 90 ਕਰੋੜ ਦੇ ਵਰਕਰਾਂ ਦੇ ਬਕਾਏ ਲੈਣ ਲਈ, 1992 ਦੀ ਪੈਨਸ਼ਨ ਸਕੀਮ ਤੋਂ ਵਾਂਝੇ ਰਹਿੰਦੇ ਵਰਕਰਾਂ ਨੂੰ ਪੈਨਸ਼ਨ ਦਾ ਲਾਭ ਦੇਣਾ, ਕੁਰੱਪਸ਼ਨ ਦਾ ਖਾਤਮਾ ਕਰਨਾ, ਕਿਲੋਮੀਟਰ ਸਕੀਮ ਬੰਦ ਕਰਨਾ, ਵਿਤਕਰੇਬਾਜ਼ੀ ਸਕੀਮ ਲਾਗੂ ਕਰਨਾ, ਸੰਵਿਧਾਨ ਦੀ 85ਵੀਂ ਸੋਧ ਲਾਗੂ ਕਰਨ ਲਈ, ਫਲਾਇੰਗ ਸਟਾਫ ਨੂੰ 5000/ ਰੁਪਏ ਮਹੀਨੇ ਦਾ ਵਿਸ਼ੇਸ਼ ਭੱਤਾ ਦੇਣਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਸੰਵਿਧਾਨ ਦੀ 85ਵੀਂ ਸੋਧ ਲਾਗੂ ਕਰਨ ਲਈ, ਓਵਰ ਟਾਇਮ ਨੂੰ ਰੈੱਸਟਾਂ ਵਿੱਚ ਬਦਲਣਾ ਬੰਦ ਕਰਨਾ, ਵਰਕਸ਼ਾਪ ਲਈ ਓਵਰ ਟਾਈਮ ਲਾਗੂ ਕਰਨਾ, ਸਾਰੇ ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਦੀ ਤਨਖਾਹ ਵਿੱਚ ਇਕਸਾਰਤਾ ਲਿਆਉਣੀ, ਅਪਰੇਸ਼ਨ ਸਟਾਫ ਨੂੰ ਪੰਜਾਬ ਰੋਡਵੇਜ਼ ਦੇ ਬਰਾਬਰ ਹੋਲੀਡੇਜ ਦੇਣੀਆਂ, 113 ਪ੍ਰਤੀਸ਼ਤ ਦੀ ਬਜਾਏ 119 ਪ੍ਰਤੀਸ਼ਤ ਡੀ ਏ ਮਰਜ਼ ਕਰਕੇ ਤਨਖਾਹਾਂ ਫਿਕਸ ਕਰਨੀਆਂ, ਆਊਟ ਸੋਰਸ ਵਰਕਰਾਂ ਦਾ ਅਪੀਲ ਦਾ ਹੱਕ ਬਹਾਲ ਕਰਨਾ, ਲਈ ਆਦਿ ਮੰਗਾਂ ਦਾ ਮੰਗ ਪੱਤਰ ਦਿੱਤਾ ਜਾਵੇਗਾ | ਐਕਸ਼ਨ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਰਵਰੀ ਦੇ ਤੀਜੇ ਹਫਤੇ ਮੁੱਖ ਦਫਤਰ ਦੇ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਅਗਲੇ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ |
ਕਨਵੈਨਸ਼ਨ ਨੂੰ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ, ਗੰਡਾ ਸਿੰਘ, ਹਰਪ੍ਰੀਤ ਸਿੰਘ ਖੱਟੜਾ, ਰਕੇਸ਼ ਕੁਮਾਰ ਦਾਤਾਰਪੁਰੀ, ਇੰਦਰਪਾਲ ਸਿੰਘ ਅਤੇ ਉਤਮ ਸਿੰਘ ਬਾਗੜੀ ਨੇ ਸੰਬੋਧਨ ਕੀਤਾ |

LEAVE A REPLY

Please enter your comment!
Please enter your name here