ਸ੍ਰੀਨਗਰ : ਰਾਹੁਲ ਗਾਂਧੀ ਨੇ ਸੋਮਵਾਰ ਸ੍ਰੀਨਗਰ ‘ਚ ਭਾਰਤ ਜੋੜੋ ਯਾਤਰਾ ਦੇ ਕੈਂਪ ਵਾਲੀ ਥਾਂ ‘ਤੇ ਕੌਮੀ ਝੰਡਾ ਲਹਿਰਾਇਆ ਅਤੇ ਫਿਰ ਆਪਣੀ ਭੈਣ ਪਿ੍ਅੰਕਾ ਗਾਂਧੀ ਵਾਡਰਾ ਨਾਲ ਸਨੋਬਾਲ ਫਾਈਟ (ਬਰਫ ਦੇ ਗੋਲੇ ਇਕ-ਦੂਜੇ ‘ਤੇ ਸੁੱਟਣਾ) ਕੀਤੀ | ਚਿੱਟੀ ਟੀ-ਸ਼ਰਟ ਅਤੇ ਸਲੀਵਲੈੱਸ ਜੈਕੇਟ ਪਹਿਨੇ ਰਾਹੁਲ ਨੇ ਰਾਸ਼ਟਰੀ ਗੀਤ ਦੇ ਦਰਮਿਆਨ ਤਾਜ਼ਾ ਬਰਫਬਾਰੀ ਦੌਰਾਨ ਪੰਥਾ ਚੌਕ ਵਿਖੇ ਕੈਂਪ ਵਾਲੀ ਥਾਂ ‘ਤੇ ਕੌਮੀ ਝੰਡਾ ਲਹਿਰਾਇਆ | ਇਸ ਮੌਕੇ ਸੰਖੇਪ ਸੰਬੋਧਨ ‘ਚ ਰਾਹੁਲ ਨੇ 136 ਦਿਨਾਂ ਦੀ ਯਾਤਰਾ ਦੌਰਾਨ ‘ਭਾਰਤ ਯਾਤਰੀਆਂ’ ਵੱਲੋਂ ਦਿਖਾਏ ਗਏ ਪਿਆਰ, ਸਨੇਹ ਅਤੇ ਸਮਰਥਨ ਲਈ ਧੰਨਵਾਦ ਕੀਤਾ | ਝੰਡਾ ਲਹਿਰਾਉਣ ਤੋਂ ਬਾਅਦ ਰਾਹੁਲ ਅਤੇ ਪਿ੍ਅੰਕਾ ਮੌਲਾਨਾ ਆਜ਼ਾਦ ਰੋਡ ‘ਤੇ ਸਥਿਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਪਹੁੰਚੇ, ਜਿੱਥੇ ਪਾਰਟੀ ਪ੍ਰਧਾਨ ਮਲਿਕਾਰਜੁਨ ਨੇ ਵੱਡੀ ਗਿਣਤੀ ‘ਚ ਮੌਜੂਦ ਨੇਤਾਵਾਂ ਅਤੇ ਸਮਰਥਕਾਂ ਵਿਚਕਾਰ ਤਿਰੰਗਾ ਲਹਿਰਾਇਆ | ਕਾਂਗਰਸ ਨੇ ‘ਭਾਰਤ ਜੋੜੋ ਯਾਤਰਾ’ ਦੀ ਸਮਾਪਤੀ ਮੌਕੇ ਸ਼ੇਰ-ਏ-ਕਸ਼ਮੀਰ ਕਿ੍ਕਟ ਸਟੇਡੀਅਮ ਤੋਂ ਰੈਲੀ ਵੀ ਕੱਢੀ | ਰੈਲੀ ਦੀ ਅਗਵਾਈ ਰਾਹੁਲ ਗਾਂਧੀ, ਪਿ੍ਅੰਕਾ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੀਤੀ | ਇਸ ‘ਚ ਡੀ ਐੱਮ ਕੇ, ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕਰੇਟਿਕ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਨੁਮਾਇੰਦੇ ਵੀ ਸ਼ਾਮਲ ਹੋਏ |
ਰਾਹੁਲ ਨੇ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿਚ ਆਪਣੀ 35 ਮਿੰਟ ਦੀ ਤਕਰੀਰ ‘ਚ ਕਿਹਾ—ਮੈਂ ਹੁਣ ਜੰਮੂ-ਕਸ਼ਮੀਰ ਦੇ ਲੋਕਾਂ ਅਤੇ ਫੌਜ ਤੇ ਸੁਰੱਖਿਆ ਬਲਾਂ ਨੂੰ ਕੁਝ ਕਹਿਣਾ ਚਾਹੁੰਦਾ ਹਾਂ | ਮੈਂ ਹਿੰਸਾ ਨੂੰ ਸਮਝਦਾ ਹਾਂ | ਜਿਸ ਨੇ ਹਿੰਸਾ ਨਹੀਂ ਦੇਖੀ, ਉਸ ਨੂੰ ਇਹ ਗੱਲ ਸਮਝ ਨਹੀਂ ਆਏਗੀ, ਜਿਵੇਂ ਮੋਦੀ ਜੀ ਹਨ, ਅਮਿਤ ਸ਼ਾਹ ਜੀ ਹਨ, ਸੰਘ ਦੇ ਲੋਕ ਹਨ, ਉਨ੍ਹਾਂ ਹਿੰਸਾ ਨਹੀਂ ਦੇਖੀ | ਡਰਦੇ ਹਨ | ਇੱਥੇ ਅਸੀਂ ਚਾਰ ਦਿਨ ਪੈਦਲ ਚੱਲੇ | ਗਰੰਟੀ ਦਿੰਦਾ ਹਾਂ ਕਿ ਭਾਜਪਾ ਦਾ ਕੋਈ ਆਗੂ ਇੰਜ ਨਹੀਂ ਚੱਲ ਸਕਦਾ | ਇਸ ਲਈ ਨਹੀਂ ਕਿ ਜੰਮੂ-ਕਸ਼ਮੀਰ ਦੇ ਲੋਕ ਉਨ੍ਹਾਂ ਨੂੰ ਚੱਲਣ ਨਹੀਂ ਦੇਣਗੇ, ਇਸ ਲਈ ਕਿ ਉਹ ਡਰਦੇ ਹਨ | ਕਸ਼ਮੀਰੀਆਂ ਤੇ ਫੌਜੀਆਂ ਦੀ ਤਰ੍ਹਾਂ ਮੈਂ ਆਪਣਿਆਂ ਨੂੰ ਗੁਆਉਣ ਦਾ ਦਰਦ ਸਹਿਣ ਕੀਤਾ ਹੈ | ਮੋਦੀ-ਸ਼ਾਹ ਇਹ ਦਰਦ ਨਹੀਂ ਸਮਝ ਸਕਦੇ |