ਨਵੀਂ ਦਿੱਲੀ : ਅਡਾਨੀ ਗਰੁੱਪ ਵੱਲੋਂ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਦੇ ਜਵਾਬ ‘ਚ ਜਾਰੀ 413 ਪੰਨਿਆਂ ਦੇ ਸਪੱਸ਼ਟੀਕਰਨ ‘ਤੇ ਹਿੰਡਨਬਰਗ ਰਿਸਰਚ ਨੇ ਸੋਮਵਾਰ ਕਿਹਾ ਕਿ ਉਹ ਮੰਨਦਾ ਹੈ ਕਿ ਭਾਰਤ ਵੱਡਾ ਲੋਕਤੰਤਰ ਅਤੇ ਉੱਭਰਦੀ ਮਹਾਂਸ਼ਕਤੀ ਹੈ, ਪਰ ਅਡਾਨੀ ਗਰੁੱਪ ਭਾਰਤ ਦੇ ਭਵਿੱਖ ਨੂੰ ਯੋਜਨਾਬੱਧ ਢੰਗ ਨਾਲ ਲੁੱਟ ਕੇ ਰੋਕ ਰਿਹਾ ਹੈ | ਹਿੰਡਨਬਰਗ ਨੇ ਅਡਾਨੀ ਗਰੁੱਪ ਦੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ ਕਿ ਉਸ ਦੀ ਰਿਪੋਰਟ ਭਾਰਤ ‘ਤੇ ਹਮਲਾ ਸੀ | ਹਿੰਡਨਬਰਗ ਨੇ ਕਿਹਾ ਕਿ ਧੋਖਾਧੜੀ ਨੂੰ ਰਾਸ਼ਟਰਵਾਦ ਜਾਂ ਵਧਾਅ-ਚੜ੍ਹਾਅ ਕੇ ਪ੍ਰਤੀਕਰਮ ਰਾਹੀਂ ਢਕਿਆ ਨਹੀਂ ਜਾ ਸਕਦਾ |
ਅਡਾਨੀ ਗਰੁੱਪ ਨੇ ਆਪਣੇ ਸਪੱਸ਼ਟੀਕਰਨ ਵਿਚ ਇਹ ਵੀ ਕਿਹਾ ਹੈ ਕਿ ਰਿਪੋਰਟ ਦਾ ਅਸਲ ਮਤਲਬ ਅਮਰੀਕੀ ਕੰਪਨੀਆਂ ਦੇ ਆਰਥਕ ਫਾਇਦੇ ਲਈ ਨਵਾਂ ਬਾਜ਼ਾਰ ਤਿਆਰ ਕਰਨਾ ਹੈ |
ਹਿੰਡਨਬਰਗ ਨੇ 24 ਜਨਵਰੀ ਨੂੰ ਜਾਰੀ ਰਿਪੋਰਟ ਵਿਚ ਅਡਾਨੀ ਗਰੁੱਪ ‘ਤੇ ਧੋਖਾਧੜੀ ਤੇ ਮਨੀ ਲਾਂਡਰਿੰਗ ਵਰਗੇ ਵੱਡੇ ਦੋਸ਼ ਲਾਏ ਸਨ | ਰਿਪੋਰਟ ਜਾਰੀ ਹੋਣ ਤੋਂ ਬਾਅਦ ਗੌਤਮ ਅਡਾਨੀ ਦੀ ਦੌਲਤ 10 ਫੀਸਦੀ ਘਟ ਗਈ | ਫੋਰਬਸ ਮੁਤਾਬਕ ਉਸ ਨੂੰ ਇਕ ਲੱਖ 32 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਅਡਾਨੀ ਅਮੀਰਾਂ ਦੀ ਲਿਸਟ ਵਿਚ ਚੌਥੇ ਨੰਬਰ ਤੋਂ ਖਿਸਕ ਕੇ ਸੱਤਵੇਂ ਨੰਬਰ ‘ਤੇ ਆ ਗਿਆ | 25 ਜਨਵਰੀ ਨੂੰ ਉਸ ਦੀ ਦੌਲਤ 9 ਲੱਖ 20 ਕਰੋੜ ਸੀ, ਜਿਹੜੀ 27 ਜਨਵਰੀ ਨੂੰ 7 ਲੱਖ 88 ਕਰੋੜ ‘ਤੇ ਆ ਗਈ ਸੀ |
ਅਡਾਨੀ ਗਰੁੱਪ ਨੇ ਰਿਪੋਰਟ ਦੇ ਜਵਾਬ ਵਿਚ ਕਿਹਾ ਹੈ ਕਿ ਇਹ ਕਿਸੇ ਖਾਸ ਕੰਪਨੀ ‘ਤੇ ਬੇਬੁਨਿਆਦ ਹਮਲਾ ਨਹੀਂ, ਸਗੋਂ ਇਹ ਭਾਰਤ ‘ਤੇ ਕੀਤਾ ਗਿਆ ਗਿਣਿਆ-ਮਿੱਥਿਆ ਹਮਲਾ ਹੈ | ਇਹ ਭਾਰਤੀ ਅਦਾਰਿਆਂ ਦੀ ਆਜ਼ਾਦੀ, ਅਖੰਡਤਾ ਤੇ ਗੁਣਵੱਤਾ ‘ਤੇ ਕੀਤਾ ਗਿਆ ਹਮਲਾ ਹੈ | ਇਹ ਭਾਰਤ ਦੇ ਵਿਕਾਸ ਦੀ ਕਹਾਣੀ ਤੇ ਉਮੀਦਾਂ ‘ਤੇ ਹਮਲਾ ਹੈ | ਰਿਪੋਰਟ ਦਾ ਸਿਰਫ ਇਕ ਹੀ ਮਕਸਦ ਹੈ—ਝੂਠੇ ਦੋਸ਼ ਲਾ ਕੇ ਸਕਿਉਰਟੀਜ਼ ਮਾਰਕਿਟ ਵਿਚ ਥਾਂ ਬਣਾਉਣਾ, ਜਿਸ ਦੇ ਚਲਦਿਆਂ ਅਣਗਿਣਤ ਨਿਵੇਸ਼ਾਂ ਨੂੰ ਨੁਕਸਾਨ ਹੋਵੇ ਤੇ ਸ਼ਾਰਟ ਸੈਲਰ ਹਿੰਡਨਬਰਗ ਵੱਡਾ ਫਾਇਦਾ ਉਠਾ ਸਕੇ | ਅਡਾਨੀ ਗਰੁੱਪ ਨੇ ਇਹ ਵੀ ਕਿਹਾ ਹੈ ਕਿ ਜਦੋਂ ਅਡਾਨੀ ਗਰੁੱਪ ਦਾ ਆਈ ਪੀ ਓ ਲਾਂਚ ਹੋਣ ਵਾਲਾ ਹੈ, ਜਿਹੜਾ ਦੇਸ਼ ਦਾ ਸਭ ਤੋਂ ਵੱਡਾ ਆਈ ਪੀ ਓ ਹੋਵੇਗਾ, ਹਿੰਡਨਬਰਗ ਨੇ ਰਿਪੋਰਟ ਜਾਰੀ ਕਰਕੇ ਬਦਨੀਅਤੀ ਦਾ ਸਬੂਤ ਦਿੱਤਾ ਹੈ | ਰਿਪੋਰਟ ਲੋਕਾਂ ਦੀ ਭਲਾਈ ਲਈ ਨਹੀਂ, ਸਗੋਂ ਆਪਣੇ ਸਵਾਰਥ ਲਈ ਹੈ |
ਹਿੰਡਨਬਰਗ ਨੇ ਕਿਹਾ ਹੈ ਕਿ ਅਡਾਨੀ ਗਰੁੱਪ ਆਪਣੇ ਤੇ ਆਪਣੇ ਚੇਅਰਮੈਨ ਦੀ ਵਧਦੀ ਆਮਦਨੀ ਨੂੰ ਭਾਰਤ ਦੇ ਵਿਕਾਸ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਉਹ ਸਹਿਮਤ ਨਹੀਂ | ਹਿੰਡਨਬਰਗ ਨੇ ਇਹ ਵੀ ਕਿਹਾ ਹੈ—ਅਸੀਂ ਮੰਨਦੇ ਹਾਂ ਕਿ ਭਾਰਤੀ ਲੋਕਤੰਤਰ ਨੇ ਭਿੰਨਤਾਵਾਂ ਨੂੰ ਸਮੇਟਿਆ ਹੋਇਆ ਹੈ | ਭਾਰਤ ਇਕ ਉਭਰਦੀ ਹੋਈ ਸੁਪਰ ਪਾਵਰ ਹੈ, ਜਿਸ ਦਾ ਸ਼ਾਨਦਾਰ ਭਵਿੱਖ ਹੈ | ਅਸੀਂ ਇਹ ਵੀ ਮੰਨਦੇ ਹਾਂ ਕਿ ਭਾਰਤ ਦੇ ਭਵਿੱਖ ਨੂੰ ਅਡਾਨੀ ਗੁਰੱਪ ਨੇ ਪਿੱਛੇ ਖਿੱਚ ਰਿੱਖਆ ਹੈ | ਉਹ ਖੁਦ ਨੂੰ ਦੇਸ਼ ਦੇ ਝੰਡੇ ਵਿਚ ਲਪੇਟ ਕੇ ਲੁੱਟ ਮਚਾ ਰਿਹਾ ਹੈ | ਅਸੀਂ ਮੰਨਦੇ ਹਾਂ ਕਿ ਧੋਖਾ ਧੋਖਾ ਹੀ ਹੁੰਦਾ ਹੈ, ਭਲੇ ਹੀ ਇਹ ਦੁਨੀਆ ਦੇ ਸਭ ਤੋਂ ਵੱਧ ਅਮੀਰਾਂ ਵਿਚ ਸ਼ਾਮਲ ਕਿਸੇ ਸ਼ਖਸ ਨੇ ਹੀ ਕਿਉਂ ਨਾ ਕੀਤਾ ਹੋਵੇ | ਅਸੀਂ 88 ਸਵਾਲ ਆਪਣੀ ਰਿਪੋਰਟ ‘ਚ ਪੁੱਛੇ ਸਨ ਤੇ ਅਡਾਨੀ ਗਰੁੱਪ ਨੇ ਇਨ੍ਹਾਂ ਵਿੱਚੋਂ 62 ਸਵਾਲਾਂ ਦੇ ਸਹੀ ਤਰ੍ਹਾਂ ਜਵਾਬ ਨਹੀਂ ਦਿੱਤੇ | ਉਸ ਨੇ ਸਾਡੀ ਖੋਜ ਨੂੰ ਦਰਕਿਨਾਰ ਕਰਨ ਦੀ ਕੋਸ਼ਿਸ਼ ਕੀਤੀ |
ਹਿੰਡਨਬਰਗ ਨੇ ਆਪਣੀ ਰਿਪੋਰਟ ਵਿਚ ਅਡਾਨੀ ਗਰੁੱਪ ‘ਤੇ ਕਈ ਦਹਾਕਿਆਂ ਤੋਂ ਮਾਰਕਿਟ ਮੈਨੀਪੁਲੇਸ਼ਨ, ਅਕਾਊਾਟਿੰਗ ਫਰਾਡ ਤੇ ਮਨੀ ਲਾਂਡਰਿੰਗ ਦਾ ਦੋਸ਼ ਲਾਇਆ ਸੀ | ਉਸ ਨੇ ਕਿਹਾ ਸੀ ਕਿ ਗਰੁੱਪ ਦੀਆਂ ਸਾਰੀਆਂ ਪ੍ਰਮੱੁਖ ਲਿਸਟਿਡ ਕੰਪਨੀਆਂ ‘ਤੇ ਕਾਫੀ ਕਰਜ਼ ਹੈ ਅਤੇ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ 85 ਫੀਸਦੀ ਤੋਂ ਵੱਧ ਓਵਰ ਵੈਲਿਊਡ ਹਨ | ਰਿਪੋਰਟ ਤੋਂ ਬਾਅਦ ਭਾਰਤੀ ਜੀਵਨ ਬੀਮਾ ਨਿਗਮ (ਐੱਲ ਆਈ ਸੀ) ਨੂੰ ਭਾਰੀ ਨੁਕਸਾਨ ਹੋਇਆ ਹੈ | ਉਸ ਦਾ 24 ਜਨਵਰੀ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ ਵਿਚ 81268 ਕਰੋੜ ਦਾ ਨਿਵੇਸ਼ ਸੀ | ਸ਼ੇਅਰਾਂ ਦੇ ਭਾਅ ਡਿਗਣ ਨਾਲ 27 ਜਨਵਰੀ ਨੂੰ ਨਿਵੇਸ਼ 62621 ਕਰੋੜ ‘ਤੇ ਆ ਗਿਆ | ਇਸ ਤਰ੍ਹਾਂ ਉਸ ਨੇ ਸ਼ੇਅਰ ਬਾਜ਼ਾਰ ਦੇ ਦੋ ਟਰੇਡਿੰਗ ਸੈਸ਼ਨਾਂ ਵਿਚ ਸਾਢੇ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਗੁਆਏ | ਐੱਲ ਆਈ ਸੀ ਵਿਚ ਆਮ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਜਮ੍ਹਾਂ ਹੈ |





