ਭਾਰਤ ਜੋੜੋ ਯਾਤਰਾ : ਮੋਦੀ ਬਨਾਮ ਪੱਪੂ

0
247

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਮੁਕੰਮਲ ਹੋ ਚੁੱਕੀ ਹੈ | ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ 145 ਦਿਨਾਂ ਵਿੱਚ 12 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਗਾਹੁੰਦਿਆਂ ਕਰੀਬ 4000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਣੀ ਆਖ਼ਰੀ ਮੰਜ਼ਲ ਸ੍ਰੀਨਗਰ ਵਿੱਚ ਪੁੱਜੀ ਸੀ | ਗੋਦੀ ਮੀਡੀਆ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ, ਭਾਜਪਾ ਵੱਲੋਂ ਮਜ਼ਾਕ ਉਡਾਉਣ ਤੇ ਕੋਵਿਡ ਦੀਆਂ ਚੇਤਾਵਨੀਆਂ ਦੇ ਬਾਵਜੂਦ ਇਹ ਯਾਤਰਾ ਲਗਾਤਾਰ ਚਲਦੀ ਰਹੀ | ਇਸ ਦੌਰਾਨ ਯਾਤਰਾ ਨੇ ਵੱਡੀਆਂ ਭੀੜਾਂ ਨੂੰ ਆਪਣੇ ਵੱਲ ਖਿੱਚਿਆ ਤੇ ਹਰ ਤਬਕੇ ਦੇ ਲੋਕ ਇਸ ਵਿੱਚ ਸ਼ਾਮਲ ਹੁੰਦੇ ਰਹੇ |
ਹੁਣ ਜਦੋਂ ਯਾਤਰਾ ਸਮਾਪਤ ਹੋ ਚੁੱਕੀ ਹੈ ਤਾਂ ਇਹ ਸਵਾਲ ਉਠਣੇ ਸੁਭਾਵਕ ਹਨ ਕਿ ਇਸ ਦਾ ਲਾਭ ਕੀ ਹੋਵੇਗਾ ਤੇ ਕੀ ਇਹ ਮਰਨ ਕੰਢੇ ਪੁੱਜ ਚੁੱਕੀ ਕਾਂਗਰਸ ਵਿੱਚ ਨਵੀਂ ਜਾਨ ਪਾ ਸਕੇਗੀ | ਕੁਝ ਲੋਕਾਂ ਦਾ ਖ਼ਿਆਲ ਹੈ ਸਿਰਫ਼ ਇਸ ਯਾਤਰਾ ਨਾਲ ਹੀ ਕਾਂਗਰਸ ਵਿਚਲੀਆਂ ਸਮੱਸਿਆਵਾਂ ਦਾ ਹੱਲ ਮੁਮਕਿਨ ਨਹੀਂ ਹੈ | ਅਸਲ ਵਿੱਚ ਕਾਂਗਰਸ ਦੀ ਸਮੱਸਿਆ ਦੀ ਜੜ੍ਹ ਉਸ ਦਾ ਆਗੂਆਂ ਅਧਾਰਤ ਪਾਰਟੀ ਬਣ ਜਾਣਾ ਹੈ | ਪਿਛਲੇ ਸਮੇਂ ਦੌਰਾਨ ਕੁਝ ਕੋਸ਼ਿਸ਼ਾਂ ਹੋਈਆਂ ਸਨ, ਜਿਸ ਦੇ ਸਿੱਟੇ ਵਜੋਂ ਘਾਗ ਲੀਡਰਾਂ ਨੇ ਜੀ-23 ਗਰੁੱਪ ਬਣਾ ਕੇ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ | ਇਹ ਸ਼ੁਭ ਸ਼ਗਨ ਸੀ ਕਿ ਰਾਜ ਸਭਾ ਸੀਟਾਂ ‘ਤੇ ਅੱਖਾਂ ਗੱਡੀ ਰੱਖਣ ਵਾਲੇ ਇਨ੍ਹਾਂ ਆਗੂਆਂ ਅੱਗੇ ਪਾਰਟੀ ਝੁਕੀ ਨਹੀਂ ਤੇ ਆਖਰ ਜੀ-23 ਖੇਰੂੰ-ਖੇਰੂੰ ਹੋ ਗਿਆ | ਕਾਂਗਰਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਸ ਦਾ ਮੁਕਾਬਲਾ ਉਸ ਭਾਜਪਾ ਨਾਲ ਹੈ, ਜਿਹੜੀ ਕਾਡਰ ਅਧਾਰਤ ਪਾਰਟੀ ਹੈ | ਇਸ ਲਈ ਉਸ ਨੂੰ ਕਾਡਰ ਅਧਾਰਤ ਪਾਰਟੀ ਬਣਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ |
ਸਾਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਡੇ ਦੇਸ਼ ਦੀ ਰਾਜਨੀਤੀ ਨੂੰ ਸਾਡੀ ਸੰਸਕ੍ਰਿਤੀ ਨੇ ਹਮੇਸ਼ਾ ਪ੍ਰਭਾਵਤ ਕੀਤਾ ਹੈ | ਸਾਡੇ ਗੁਰੂਆਂ, ਪੀਰਾਂ ਤੇ ਭਗਤਾਂ ਨੇ ਵੀ ਆਪਣੇ ਸਮੇਂ ਦੌਰਾਨ ਧਰਮ, ਸਮਾਜ ਤੇ ਸੱਭਿਆਚਾਰ ਦੀ ਇੱਕ ਲੋਕ-ਪੱਖੀ ਵਿਆਖਿਆ ਰਾਹੀਂ ਲੋਕ ਹਿੱਤ ਦੀ ਸਿਆਸਤ ਕੀਤੀ ਸੀ, ਜਿਸ ਦਾ ਅਸਰ ਅੱਜ ਵੀ ਕਾਇਮ ਹੈ | ਮਹਾਤਮਾ ਗਾਂਧੀ ਨੇ ਵੀ ਧਰਮ ਦੀ ਨਵੀਂ ਵਿਆਖਿਆ ਰਾਹੀਂ ਲੋਕ ਹਿੱਤ ਦੀ ਸਿਆਸਤ ਕੀਤੀ ਸੀ | ਲੋਕਾਂ ਲਈ ਉਹ ਸਿਆਸੀ ਆਗੂ ਨਹੀਂ, ਸਗੋਂ ਇੱਕ ਸੰਤ ਸੀ |
ਨਰਿੰਦਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਜਪਾ ਨੇ ਵੀ ਉਸ ਦੀ ਛਵੀ ਇੱਕ ਸੰਤ ਵਜੋਂ ਘੜਨ ਲਈ ਪੂਰਾ ਜ਼ੋਰ ਲਾਇਆ ਹੈ | ਬਾਲ ਮੋਦੀ ਵੱਲੋਂ ਮਗਰਮੱਛ ਫੜਨ, ਠੰਢ ਵਿੱਚ ਹਿਮਾਲਿਆ ਦੀ ਯਾਤਰਾ, ਬੱੁਧ ਵਾਂਗ ਧਰਮ ਹਿੱਤ ਪਤਨੀ ਦਾ ਤਿਆਗ, ਕਠਿਨ ਤਪੱਸਿਆ ਆਦਿ ਕੁਫ਼ਰ ਕਹਾਣੀਆਂ ਰਾਹੀਂ ਉਸ ਦੀ ਇੱਕ ਝੂਠੀ ਛਵੀ ਬਣਾਈ ਗਈ ਹੈ | ਇਹ ਛਵੀ ਪ੍ਰਚਾਰਤੰਤਰ ਰਾਹੀਂ ਲੋਕਾਂ ਦੇ ਜ਼ਿਹਨ ਵਿੱਚ ਇਸ ਕਦਰ ਠੋਸੀ ਗਈ ਹੈ ਕਿ ਇਸ ਦੇ ਢਹਿ-ਢੇਰੀ ਹੋਣ ਵਿੱਚ ਸਮਾਂ ਲੱਗੇਗਾ |
ਇਸ ਦੇ ਨਾਲ-ਨਾਲ ਕਰੋੜਾਂ ਰੁਪਏ ਖ਼ਰਚ ਕੇ ਰਾਹੁਲ ਗਾਂਧੀ ਦਾ ਨਾਂਅ ‘ਪੱਪੂ’ ਪ੍ਰਚਲਤ ਕੀਤਾ ਗਿਆ | ‘ਪੱਪੂ’ ਯਾਨੀ ਅਜਿਹਾ ਵਿਅਕਤੀ, ਜਿਸ ਨੂੰ ਕਿਸੇ ਗੱਲ ਦੀ ਕੋਈ ਜਾਣਕਾਰੀ ਨਹੀਂ, ਮਤਲਬ ਮੂਰਖ ਹੈ | ਉਸ ਵੱਲੋਂ ਕਹੀ ਗਈ ਹਰ ਗੱਲ ਦਾ ਮਜ਼ਾਕ ਉਡਾਇਆ ਜਾਂਦਾ ਰਿਹਾ | ਇਸ ਦਾ ਏਨਾ ਪ੍ਰਚਾਰ ਕੀਤਾ ਗਿਆ ਕਿ ਸਿਰਫ਼ ਭਾਜਪਾਈ ਹੀ ਨਹੀਂ, ਬਲਕਿ ਮੱਧਵਰਗੀ ਪੜ੍ਹੇ-ਲਿਖੇ ਵੀ ਰਾਹੁਲ ਨੂੰ ਪੱਪੂ ਹੀ ਸਮਝਣ ਲੱਗ ਪਏ ਸਨ |
ਭਾਰਤ ਜੋੜੋ ਪਦਯਾਤਰਾ ਰਾਹੀਂ ਰਾਹੁਲ ਨੇ ਆਪਣੇ ਆਪ ਨੂੰ ਹੀ ਸਾਬਤ ਨਹੀਂ ਕੀਤਾ, ਸਗੋਂ ਨਰਿੰਦਰ ਮੋਦੀ ਦੀ ਸੰਤਗਿਰੀ ਦਾ ਚੋਲਾ ਵੀ ਉਤਾਰ ਕੇ ਰੱਖ ਦਿੱਤਾ ਹੈ | ਭਾਰਤ ਜੋੜੋ ਯਾਤਰਾ ਦੌਰਾਨ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਰਾਹੁਲ ਗਾਂਧੀ ਵੱਲੋਂ ਕਹੇ ਇਹ ਸ਼ਬਦ ਕਿ ”ਮੈਂ ਰਾਹੁਲ ਗਾਂਧੀ ਨੂੰ ਮਾਰ ਦਿੱਤਾ ਹੈ, ਉਸ ਦਾ ਵਜੂਦ ਸਿਰਫ਼ ਤੁਹਾਡੇ ਤੇ ਭਾਜਪਾ ਦੇ ਦਿਮਾਗ਼ ਵਿੱਚ ਹੈ,” ਦੇ ਬੜੇ ਡੂੰਘੇ ਅਰਥ ਹਨ | ਰਾਹੁਲ ਨੇ ਆਪਣਾ ਇੱਕ ਅਜਿਹਾ ਵਿਅਕਤੀਤਵ ਉਸਾਰ ਲਿਆ ਹੈ, ਜਿਹੜਾ ਮੋਦੀ ਦਾ ਮੁਕਾਬਲਾ ਕਰਨ ਲਈ ਤਿਆਰ ਹੈ | ਕਸ਼ਮੀਰ ਦੀ ਖੂਨ ਜਮਾ ਦੇਣ ਵਾਲੀ ਠੰਢ ਵਿੱਚ ਰਾਹੁਲ ਗਾਂਧੀ ਦੀ ਬਿਨਾਂ ਬਾਹਾਂ ਵਾਲੀ ਟੀ-ਸ਼ਰਟ ਨੇ ਨਰਿੰਦਰ ਮੋਦੀ ਦੇ ਲੱਖਾਂ ਰੁਪਏ ਦੇ ਸੂਟਾਂ, ਮਹਿੰਗੇ ਚਸ਼ਮਿਆਂ ਤੇ ਬੇਸ਼ਕੀਮਤੀ ਘੜੀ ਦਾ ਮਜ਼ਾਕ ਉਡਾ ਦਿੱਤਾ ਹੈ | ਰਾਹੁਲ ਗਾਂਧੀ ਦਾ ਮਹੀਨਿਆਂ-ਬੱਧੀ ਰੋਜ਼ 20 ਕਿਲੋਮੀਟਰ ਤੁਰਨਾ ਕਿਰਤੀ ਲੋਕਾਂ ਨੂੰ ਭਾਵੇਂ ਕੁਝ ਨਾ ਲੱਗੇ, ਪਰ ਮੱਧਵਰਗ ਦੇ ਲੋਕਾਂ, ਜਿਨ੍ਹਾਂ ਲਈ ਇੱਕ ਫਰਲਾਂਗ ਤੁਰਨਾ ਵੀ ਔਖਾ ਹੈ, ਲਈ ਇਸ ਦੇ ਵੱਡੇ ਅਰਥ ਹਨ | ਇੱਕ ਟੀ-ਸ਼ਰਟ ਪਾ ਕੇ ਤੁਰਨਾ ਉਸ ਨੂੰ ਭਾਰਤੀ ਪਰੰਪਰਾ ਦੇ ਤਪੱਸਵੀ ਵਾਲੇ ਖਾਨੇ ਵਿੱਚ ਲੈ ਆਉਂਦਾ ਹੈ | ਉਸ ਦੀ ਫੁਰਤੀ ਦੱਸਦੀ ਹੈ ਕਿ ਉਸ ਉੱਤੇ ਠੰਢ ਦਾ ਕੋਈ ਅਸਰ ਨਹੀਂ ਹੈ | ਸਾਡੇ ਆਮ ਲੋਕਾਂ ਦਾ ਵਿਸ਼ਵਾਸ ਹੈ ਕਿ ਸਾਧੂਆਂ, ਸੰਨਿਆਸੀਆਂ ਤੇ ਫਕੀਰਾਂ ਉੱਤੇ ਠੰਢ ਦਾ ਅਸਰ ਨਹੀਂ ਹੁੰਦਾ | ਉਪਰੋਂ ਪੰਜਾਹ ਸਾਲ ਦਾ ਰਾਹੁਲ ਕੁਆਰਾ ਹੈ, ਇਸ ਨੂੰ ਭਾਰਤੀ ਪ੍ਰੰਪਰਾ ਵਿੱਚ ਸ਼ੁੱਧਤਾ ਦਾ ਦਰਜਾ ਹਾਸਲ ਹੈ |
ਪਿਛਲੇ ਅੱਠ ਸਾਲਾਂ ਵਿੱਚ ਭਾਰਤੀ ਸਮਾਜ ਨੇ ਜੋ ਦੇਖਿਆ ਹੈ, ਉਹ ਉਸ ਦੇ ਆਦੀ ਨਹੀਂ ਹਨ | ਹੁਣ ਲੋਕ ਅੱਕ ਚੁੱਕੇ ਹਨ | ਬੇਰੁਜ਼ਗਾਰੀ, ਮਹਿੰਗਾਈ ਤੇ ਟੈਕਸਾਂ ਦੀ ਮਾਰ ਨੇ ਉਨ੍ਹਾਂ ਦੀ ਜ਼ਿੰਦਗੀ ਬੇਹਾਲ ਕਰ ਦਿੱਤੀ ਹੈ | ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਭਾਈਚਾਰੇ ਦੇ ਸੰਦੇਸ਼ ਦੇ ਨਾਲ ਲਈ ਇਨ੍ਹਾਂ ਸਮੱਸਿਆਵਾਂ ਤੇ ਕਾਰਪੋਰੇਟਾਂ ਦੀ ਲੁੱਟ ਵੱਲ ਵੀ ਲੋਕਾਂ ਦਾ ਧਿਆਨ ਖਿੱਚਿਆ ਹੈ |
ਇਸ ਯਾਤਰਾ ਨੇ ਰਾਹੁਲ ਗਾਂਧੀ ਦੀ ‘ਪੱਪੂ’ ਵਾਲੀ ਛਵੀ ਨੂੰ ਦਫ਼ਨ ਕਰ ਦਿੱਤਾ ਹੈ | ਹੁਣ ਉਹ ਖਾਲੀ ਘੜਾ ਨਹੀਂ, ਉਸ ਦੇ ਕੋਲ ਭਾਈਚਾਰਕ ਏਕਤਾ ਦਾ ਦਿ੍ਸ਼ਟੀਕੋਣ ਹੈ, ਜਿਹੜਾ ਨਫ਼ਰਤ ਦੀ ਜ਼ਹਿਰ ਨੂੰ ਪੀ ਸਕਦਾ ਹੈ | ਸ਼ਹਿਜ਼ਾਦਾ ਕਰਾਰ ਦੇ ਦਿੱਤਾ ਗਿਆ ਇੱਕ ਨੌਜਵਾਨ ਤਿਆਗ ਨਾਲ ਲੋਕਾਂ ਦਾ ਸਿਆਸੀ ਸੰਤ ਬਣਨ ਦੀ ਰਾਹ ਉੱਤੇ ਹੈ ਤੇ ਬਦਰੀਨਾਥ ਦੀ ਗੁਫ਼ਾ ਵਿੱਚ ਕੈਮਰਿਆਂ ਸਾਹਮਣੇ ਸੰਤਗਿਰੀ ਦਾ ਨਾਟਕ ਕਰਨ ਵਾਲਾ ਮੋਦੀ ਐਸ਼ਪ੍ਰਸਤੀ ਦਾ ਪ੍ਰਤੀਕ ਬਣ ਚੁੱਕਾ ਹੈ |
-ਚੰਦ ਫਤਿਹਪੁਰੀ

LEAVE A REPLY

Please enter your comment!
Please enter your name here