ਪਟਿਆਲਾ : ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਮੈਂਬਰਾਨ ਸਰਵਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਕੇਸ਼ ਕੁਮਾਰ ਦਾਤਾਰਪੁਰੀ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਵੀਰਵਾਰ ਕਿਹਾ ਕਿ ਪੀ.ਆਰ.ਟੀ.ਸੀ. ਦੇ ਵਰਕਰਾਂ ਅਤੇ ਪੈਨਸ਼ਨਰਾਂ ਨੂੰ ਤਨਖਾਹ ਅਤੇ ਪੈਨਸ਼ਨ ਦਾ ਭੁਗਤਾਨ ਨਾ ਕੀਤੇ ਜਾਣ ਦੇ ਵਿਰੋਧ ਵਿੱਚ 9 ਫਰਵਰੀ ਨੂੰ ਪਟਿਆਲਾ ਵਿਖੇ ਪੀ.ਆਰ.ਟੀ.ਸੀ. ਦੇ ਹੈੱਡ ਆਫਿਸ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਪੀ.ਆਰ.ਟੀ.ਸੀ. ਦੀ ਮੈਨੇਜਮੈਂਟ ਨੂੰ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਦੇ ਵੀ ਪਾਜ ਉਧੇੜੇ ਜਾਣਗੇ ਕਿ ਕਿਵੇਂ ਉਹ ਝੂਠ ਦੇ ਸਹਾਰੇ ਫੋਕੀਆਂ ਸ਼ੋਹਰਤਾਂ ਖੱਟਣ ਦੀ ਕੋਸ਼ਿਸ਼ ਕਰਦਿਆਂ ਵਰਕਰਾਂ ਦਾ ਗਲਾ ਘੋਟਦੀ ਹੋਈ ਦਾਅਵਾ ਕਰਦੀ ਹੈ ਕਿ ਉਹ ਪੰਜਾਬ ਦੀਆਂ ਔਰਤਾਂ ਨੂੰ ਮੁਫਤ ਸਫਰ ਦੀਆਂ ਸਹੂਲਤਾਂ ਦੇ ਰਹੀ ਹੈ, ਜਦ ਕਿ ਸੱਚਾਈ ਇਹ ਕਿ ਇਨ੍ਹਾਂ ਸਹੂਲਤਾਂ ਲਈ ਪੀ.ਆਰ.ਟੀ.ਸੀ. ਵਿੱਚ ਸਖਤ ਮਿਹਨਤ ਕਰ ਰਹੇ ਕਰਮਚਾਰੀ ਅਤੇ ਬਜ਼ੁਰਗ ਪੈਨਸ਼ਨਰ ਆਪਣੇ ਘਰਾਂ ਦੇ ਗੁਜ਼ਾਰੇ ਦੇ ਸਾਧਨਾਂ, ਤਨਖਾਹਾਂ ਅਤੇ ਪੈਨਸ਼ਨਾਂ ਦੀ ਬਲੀ ਦੇ ਰਹੇ ਹਨ | ਦੂਸਰੇ ਪਾਸੇ ਬੇਰਹਿਮ ਸਰਕਾਰ ਆਮ ਆਦਮੀ ਦੇ ਦੰਭੀ ਦਾਅਵੇ ਕਰਨ ਵਾਲੀ ਮੁਫਤ ਸਫਰ ਬਦਲੇ ਬਣਦੇ 400 ਕਰੋੜ ਰੁਪਏ ਦੱਬੀ ਬੈਠੀ ਹੈ | ਟਰਾਂਸਪੋਰਟ ਮੰਤਰੀ ਝੂਠੇ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਦੀ ਰਹਿਨੁਮਾਈ ਹੇਠ ਪੀ.ਆਰ.ਟੀ.ਸੀ. ਨੇ ਵੱਧ ਕਮਾਈ ਕਰਨ ਦੇ ਰਿਕਾਰਡ ਤੋੜ ਦਿੱਤੇ ਹਨ, ਪਰ ਉਹ ਇਹ ਦੱਸਣ ਕਿ ਕਰਮਚਾਰੀ ਆਪਣੀ ਹੱਕ ਦੀ ਕਮਾਈ ਹਾਸਲ ਕਰਨ ਲਈ ਧਰਨੇ, ਮੁਜ਼ਾਹਰੇ ਕਰਨ ਲਈ ਕਿਉਂ ਮਜਬੂਰ ਹਨ |
ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ 9 ਫਰਵਰੀ ਦੇ ਧਰਨੇ ਦੇ ਮੌਕੇ ਅਗਲੇ ਸਖਤ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ | ਆਗੂਆਂ ਨੇ ਪੀ.ਆਰ.ਟੀ.ਸੀ. ਦੇ ਸਮੁੱਚੇ ਕਰਮਚਾਰੀਆਂ ਨੂੰ ਵੱਡੀ ਗਿਣਤੀ ਵਿੱਚ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ |