ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਲੋਕਾਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਐਲਾਨ ਕੀਤਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ 36 ਪਿ੍ੰਸੀਪਲਾਂ ਦਾ ਪਹਿਲਾ ਬੈਚ ਆਪਣੇ ਪੇਸ਼ੇਵਰ ਹੁਨਰ ਨੂੰ ਹੋਰ ਨਿਖਾਰਨ ਲਈ ਸਿੰਗਾਪੁਰ ਜਾਵੇਗਾ | ਲੋਕਾਂ ਨਾਲ ਆਨਲਾਈਨ ਵਿਧੀ ਜ਼ਰੀਏ ਰਾਬਤਾ ਕਾਇਮ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਾਸੀਆਂ ਨੂੰ ਗਾਰੰਟੀ ਦਿੱਤੀ ਗਈ ਸੀ ਕਿ ਸੂਬੇ ਵਿਚ ਸਿੱਖਿਆ ਖੇਤਰ ਦੀ ਮੁਕੰਮਲ ਤੌਰ ਉਤੇ ਕਾਇਆ-ਕਲਪ ਕੀਤੀ ਜਾਵੇਗੀ | ਇਸੇ ਗਾਰੰਟੀ ਦੇ ਆਧਾਰ ਉਤੇ ਸਰਕਾਰੀ ਸਕੂਲਾਂ ਦੇ 36 ਪਿ੍ੰਸੀਪਲਾਂ ਦਾ ਪਹਿਲਾ ਬੈਚ ਪੇਸ਼ੇਵਰ ਟ੍ਰੇਨਿੰਗ ਲਈ 4 ਫਰਵਰੀ ਨੂੰ ਸਿੰਗਾਪੁਰ ਰਵਾਨਾ ਹੋ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਇਹ ਪਿ੍ੰਸੀਪਲ 6 ਫਰਵਰੀ ਤੋਂ 10 ਫਰਵਰੀ ਤੱਕ ਹੋ ਰਹੇ ‘ਪ੍ਰੋਫੈਸ਼ਨਲ ਟੀਚਰ ਟ੍ਰੇਨਿੰਗ ਸੈਮੀਨਾਰ’ ਵਿਚ ਸ਼ਿਰਕਤ ਕਰਨਗੇ | ਮੁੱਖ ਮੰਤਰੀ ਨੇ ਕਿਹਾ ਕਿ ਸਿੰਗਾਪੁਰ ਤੋਂ ਵਾਪਸ ਆਉਣ ਮਗਰੋਂ ਇਹ ਪਿ੍ੰਸੀਪਲ ਆਪਣੇ ਅਧਿਆਪਕ ਸਾਥੀਆਂ ਅਤੇ ਵਿਦਿਆਰਥੀਆਂ ਨਾਲ ਤਜਰਬੇ ਸਾਂਝੇ ਕਰਨਗੇ |