ਚੰਡੀਗੜ੍ਹ : ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੀ ਪੰਜਾਬ ਸੂਬਾ ਕੌਂਸਲ ਨੇ ਪੰਜਾਬ ਵਿਚ ਨਿਘਰਦੀ ਅਮਨ-ਕਾਨੂੰਨ ਦੀ ਹਾਲਤ, ਵਧਦੀਆਂ ਲੁੱਟਾਂ-ਖੋਹਾਂ, ਗੈਂਗਸਟਰਾਂ ਦੇ ਦਬਦਬੇ, ਵੱਖ-ਵੱਖ ਮਾਫੀਆ, ਨਿੱਘਰਦੀ ਸਿੱਖਿਆ ਅਤੇ ਸਿਹਤ ਦੀ ਹਾਲਤ ਉਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਹਨਾਂ ਮੁੱਦਿਆਂ ‘ਤੇ ਆਪਣੀਆਂ ਲੰਮੀਆਂ ਕੈਦ ਸਜ਼ਾਵਾਂ ਭੁਗਤ ਚੱੁਕੇ ਪੰਜਾਬੀਆਂ, ਜਿਹਨਾਂ ਵਿਚ ਬੰਦੀ ਸਿੰਘ ਅਤੇ ਦੇਸ਼ ਦੇ ਹੋਰ ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਸਮਾਜ ਸੇਵਕ ਕਾਰਕੁਨ ਵੀ ਸ਼ਾਮਲ ਹਨ, ਦੀ ਰਿਹਾਈ ਲਈ ਆਵਾਜ਼ ਚੁੱਕੀ ਹੈ | ਪੰਜਾਬ ਸਰਕਾਰ ਦੀ ਇਹਨਾਂ ਮੁੱਦਿਆਂ ‘ਤੇ ਕੀਤੀ ਜਾ ਰਹੀ ਅਣਗਹਿਲੀ ਅਤੇ ਗੱਲੀਂਬਾਤੀਂ ਹਵਾਈ ਕਿਲ੍ਹੇ ਬਣਾਉਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ |
ਸੂਬਾ ਦਫਤਰ ਚੰਡੀਗੜ੍ਹ ਵਿਖੇ ਹੋਈ ਸੂਬਾ ਕੌਂਸਲ ਦੀ ਦੋ-ਰੋਜ਼ਾ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕੌਂਸਲ ਨੇ ਵੱਖ-ਵੱਖ ਮਤੇ ਪਾਸ ਕਰਕੇ ਪੰਜਾਬ ਦੇ ਭਖਦੇ ਸਵਾਲਾਂ ਉਤੇ ਆਪਣਾ ਪੱਖ ਅਤੇ ਦੁੱਖ ਪ੍ਰਗਟ ਕੀਤਾ | ਮੀਟਿੰਗ ਹਰਦੇਵ ਸਿੰਘ ਅਰਸ਼ੀ, ਬਲਦੇਵ ਸਿੰਘ ਨਿਹਾਲਗੜ੍ਹ ਅਤੇ ਸੁਖਜਿੰਦਰ ਮਹੇਸ਼ਰੀ ‘ਤੇ ਅਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿਚ ਹੋਈ |
ਮੀਟਿੰਗ ਨੂੰ ਆਰੰਭ ਵਿਚ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਡੀ. ਰਾਜਾ ਨੇ ਸੰਬੋਧਨ ਕੀਤਾ ਅਤੇ 24ਵੀਂ ਪਾਰਟੀ ਕਾਂਗਰਸ ਦੇ ਨਿਰਣਿਆਂ ਦੀ ਰੋਸ਼ਨੀ ਵਿਚ ਕੌਮੀ ਪ੍ਰਸਥਿਤੀ ਦਾ ਵਿਸ਼ਲੇਸ਼ਣ ਕੀਤਾ ਅਤੇ ਰਿਪੋਰਟਿੰਗ ਕੀਤੀ | ਉਹਨਾ ਕਿਹਾ ਕਿ ਪਾਰਟੀ ਦਾ ਮੁੱਖ ਕਾਰਜ ਭਾਜਪਾ-ਆਰ ਐੱਸ ਐੱਸ ਨੂੰ ਗੱਦੀਓਾ ਲਾਹ ਕੇ ਧਰਮ-ਨਿਰਪੱਖਤਾ, ਜਮਹੂਰੀਅਤ, ਸੰਵਿਧਾਨ ਤੇ ਫੈਡਰਲ ਢਾਂਚੇ ਦੀ ਰਾਖੀ ਕਰਨਾ ਹੈ, ਜਿਸ ਵਾਸਤੇ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੀ ਵਿਸਥਾਰਤ ਏਕਤਾ ਕਾਇਮ ਕਰਨੀ ਹੈ | ਇਸ ਵਾਸਤੇ ਉਹਨਾ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ |
ਸੂਬਾ ਸਕੱਤਰ ਬੰਤ ਬਰਾੜ ਵੱਲੋਂ ਪੰਜਾਬ ਦੀ ਸਿਆਸੀ ਤੇ ਆਰਥਕ ਸਥਿਤੀ ਉਤੇ ਪੇਸ਼ ਕੀਤੀ ਰਿਪੋਰਟ ਉਤੇ ਹੋਈ ਬਹਿਸ ਵਿਚ 30 ਸਾਥੀਆਂ ਨੇ ਹਿੱਸਾ ਲਿਆ, ਜਿਸ ਨੂੰ ਅੰਤ ਉਤੇ ਕੁਝ ਵਾਧਿਆਂ ਸਮੇਤ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਕੌਂਸਲ ਨੇ 10 ਮਾਰਚ ਨੂੰ ਫਾਸ਼ੀਵਾਦ ਵਿਰੋਧੀ ਫਰੰਟ ਵੱਲੋਂ ਕੀਤੇ ਜਾ ਰਹੇ ਜਲੰਧਰ ਵਿਚ ਰੈਲੀ ਅਤੇ ਮਾਰਚ ਨੂੰ ਸਫਲ ਕਰਨ ਲਈ ਫੈਸਲੇ ਲਏ ਅਤੇ ਵੱਖ-ਵੱਖ ਜ਼ਿਲਿ੍ਹਆਂ ਨੂੰ ਕੋਟੇ ਲਾਏ | ਕੌਂਸਲ ਨੇ 13 ਫਰਵਰੀ ਨੂੰ ਕੇਂਦਰੀ ਬਜਟ-ਵਿਰੋਧੀ ਦਿਨ ਮਨਾਉਣ ਦਾ ਸੱਦਾ ਦਿੱਤਾ, ਕਿਉਂਕਿ ਇਹ ਬਜਟ ਗਰੀਬ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਹੈ ਅਤੇ ਸਿੱਖਿਆ, ਸਿਹਤ ਤੇ ਸਨਅਤ ਨੂੰ ਅਣਗੌਲਿਆ ਕੀਤਾ ਗਿਆ ਹੈ |
ਪਾਰਟੀ ਨੇ ਪੰਜਾਬ ਨਾਲ ਕੀਤੀ ਜਾ ਰਹੀ ਬੇਇਨਸਾਫੀ ਉਤੇ ਗੁੱਸੇ ਦਾ ਇਜ਼ਹਾਰ ਕੀਤਾ | ਫੈਡਰਲ ਢਾਂਚਾ ਸਾਬੋਤਾਜ ਕੀਤਾ ਜਾ ਰਿਹਾ ਹੈ | ਗਣਤੰਤਰ ਦਿਵਸ ਉਤੇ ਵੀ ਪੰਜਾਬ ਦੀ ਝਾਕੀ ਪੇਸ਼ ਨਹੀਂ ਹੋਣ ਦਿੱਤੀ | ਬੀ ਬੀ ਐੱਮ ਬੀ ਵਿਚ ਧੱਕਾ ਕੀਤਾ ਹੈ | ਬੀ ਐੱਸ ਐੱਫ ਨੂੰ 50 ਕਿਲੋਮੀਟਰ ਅੰਦਰ ਤੱਕ ਅਧਿਕਾਰ ਦੇ ਦਿੱਤੇ ਹਨ | ਕੇਂਦਰ ਦੇ ਇਸ਼ਾਰੇ ‘ਤੇ ਰਾਜਪਾਲ ਵਾਰ-ਵਾਰ ਪ੍ਰਸ਼ਾਸਨ ਵਿਚ ਦਖਲ ਦਿੰਦਾ ਹੈ |
ਮੀਟਿੰਗ ਨੇ ਆਰੰਭ ਵਿਚ ਉਹਨਾਂ ਸਾਥੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ, ਜਿਹੜੇ ਪਿਛਲੇ ਚਾਰ ਮਹੀਨਿਆਂ ਵਿਚ ਸਾਥੋਂ ਵਿਛੜ ਗਏ ਹਨ | ਇਹਨਾਂ ਵਿਚ ਰਣਧੀਰ ਗਿੱਲ, ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ, ਖੇਤ ਮਜ਼ਦੂਰ ਸਭਾ ਦੇ ਆਗੂ ਸੰਤੋਖ ਸਿੰਘ ਸੰਘੇੜਾ, ਤਰਲੋਚਨ ਸਿੰਘ ਰਾਣਾ ਆਦਿ ਸ਼ਾਮਲ ਹਨ | ਸ਼ੋਕ ਮਤਾ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਪੇਸ਼ ਕੀਤਾ |
ਜਥੇਬੰਦਕ ਫੈਸਲੇ : ਮੀਟਿੰਗ ਨੇ ਮਹੱਤਵਪੂਰਨ ਜਥੇਬੰਦਕ ਕਾਰਜ ਨੇਪਰੇ ਚਾੜ੍ਹੇ | ਇਸ ਨੇ 27 ਮੈਂਬਰੀ ਨਵੀਂ ਸੂਬਾ ਕਾਰਜਕਾਰਨੀ ਦੀ ਚੋਣ ਸਰਬਸੰਮਤੀ ਨਾਲ ਕੀਤੀ | ਇਸ ਵਿਚ 7-8 ਨਵੇਂ ਚਿਹਰੇ ਪਾਏ ਹਨ, ਕਿਉਂਕਿ ਏਨੇ ਕੁ ਹੀ ਵੈਟਰਨ ਮੈਂਬਰਾਂ ਨੇ ਆਪਣੇ-ਆਪ ਨੂੰ ਪਾਏ ਨਾ ਜਾਣ ਲਈ ਫੈਸਲਾ ਕੀਤਾ ਸੀ | ਇਸੇ ਤਰ੍ਹਾਂ ਕੌਂਸਲ ਨੇ 9 ਮੈਂਬਰੀ ਸਕੱਤਰੇਤ ਦੀ ਚੋਣ ਕੀਤੀ | ਚੇਤੇ ਰਹੇ ਕਿ ਪਿਛਲੀ ਟਰਮ ਵਿਚ ਸਕੱਤਰੇਤ ਨਹੀਂ ਸੀ ਅਤੇ ਦੋ ਸਹਾਇਕ ਸਕੱਤਰ ਸਨ | ਕਾਰਜਕਾਰਨੀ ਵਿਚ 2 ਅਤੇ ਸਕੱਤਰੇਤ ਵਿਚ ਇਕ ਪੱਕਾ ਨਿਮੰਤ੍ਰਤ ਮੈਂਬਰ ਨਾਮਜ਼ਦ ਕੀਤਾ ਗਿਆ | ਕੌਂਸਲ ਨੇ ਗੁਰਨਾਮ ਕੰਵਰ ਨੂੰ ਫਿਰ ਸਰਬਸੰਮਤੀ ਨਾਲ ਖਜ਼ਾਨਜੀ ਚੁਣ ਲਿਆ ਅਤੇ ਡੀ ਪੀ ਮੌੜ, ਵੇਦ ਪ੍ਰਕਾਸ਼ ਅਤੇ ਮਹਿੰਦਰਪਾਲ ਸਿੰਘ ‘ਤੇ ਅਧਾਰਤ ਆਡਿਟ ਕਮਿਸ਼ਨ ਚੁਣਿਆ, ਇਸ ਦੇ ਮੁਖੀ ਡੀ ਪੀ ਮੌੜ ਹੋਣਗੇ | ਕੌਂਸਲ ਨੇ 2 ਖਾਲੀ ਸੀਟਾਂ ਲਈ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ ਅਤੇ ਹੁਸ਼ਿਆਰਪੁਰ ਦੇ ਸਕੱਤਰ ਅਮਰਜੀਤ ਸਿੰਘ ਨੂੰ ਸੂਬਾ ਕੌਂਸਲ ਦਾ ਮੈਂਬਰ ਚੁਣਿਆ | ਇਸ ਤੋਂ ਇਲਾਵਾ ਕੌਂਸਲ ਨੇ 7 ਮੈਂਬਰਾਂ ਨੂੰ ਪੱਕੇ ਨਿਮੰਤ੍ਰਤ ਚੁਣਿਆ | ਇਸ ਨੇ ਭੁਪਿੰਦਰ ਸਾਂਬਰ ਸਣੇ ਵੈਟਰਨ ਸਾਥੀਆਂ ਅਤੇ ਕੌਮੀ ਕੌਂਸਲ ਮੈਂਬਰਾਂ ਨੂੰ ਮੀਟਿੰਗਾਂ ਵਿਚ ਹਾਜ਼ਰ ਹੋਣ ਦਾ ਪੱਕਾ ਸੱਦਾ ਦਿੱਤਾ | ਕੌਂਸਲ ਨੇ ਸਾਲ 2023 .ਲਈ ਮੈਂਬਰਸ਼ਿਪ ਦੇ ਨਵੀਨੀਕਰਨ ਲਈ ਦਿਸ਼ਾ-ਨਿਰਦੇਸ਼ ਤੈਅ ਕੀਤੇ |