ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਸੋਮਵਾਰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਦ ਵਿਚ ਅਡਾਨੀ ਮੁੱਦੇ ‘ਤੇ ਬਹਿਸ ਟਾਲਣ ਲਈ ਪੂਰਾ ਤਾਣ ਲਾਉਣਗੇ, ਜਦਕਿ ਦੇਸ਼ ਜਾਨਣਾ ਚਾਹੁੰਦਾ ਹੈ ਕਿ ਖਰਬਪਤੀ ਬਿਜ਼ਨਸਮੈਨ ਦੇ ਪਿੱਛੇ ਕਿਹੜੀ ਤਾਕਤ ਹੈ | ਉਨ੍ਹਾ ਕਿਹਾ—ਮੋਦੀ ਖੁਦ ਬਹਿਸ ਨਹੀਂ ਹੋਣ ਦੇਣਗੇ ਅਤੇ ਹਰ ਕੋਈ ਇਸ ਪਿਛਲੇ ਕਾਰਨ ਜਾਣਦਾ ਹੈ | ਮੈਂ ਇਹ ਮੁੱਦਾ ਪਿਛਲੇ ਦੋ ਸਾਲ ਤੋਂ ਉਠਾ ਰਿਹਾ ਹਾਂ | ਬਹਿਸ ਹੋਣੀ ਚਾਹੀਦੀ ਹੈ, ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ | ਰਾਹੁਲ ਗਾਂਧੀ ਸਿਵਲ ਸੁਸਾਇਟੀ ਜਥੇਬੰਦੀਆਂ ਵੱਲੋਂ ਕੰਸਟੀਚਿਊਸ਼ਨ ਕਲੱਬ ਆਫ ਇੰਡੀਆ ‘ਚ ਭਾਰਤ ਜੋੜੋ ਅਭਿਆਨ ਬਾਰੇ ਜਥੇਬੰਦ ਕੌਮੀ ਕਨਵੈਨਸ਼ਨ ਵਿਚ ਹਿੱਸਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲ ਕਰ ਰਹੇ ਸਨ | ਉਨ੍ਹਾ ਕਿਹਾ ਕਿ ਅਡਾਨੀ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਨੇ ਲੱਖਾਂ ਕਰੋੜਾਂ ਦੀ ਕੁਰੱਪਸ਼ਨ ਕੀਤੀ ਹੈ ਤੇ ਸੰਸਦ ਵਿਚ ਬਹਿਸ ਹੋਣੀ ਚਾਹੀਦੀ ਹੈ ਕਿ ਅਡਾਨੀ ਨੇ ਦੇਸ਼ ਦੇ ਬੁਨਿਆਦੀ ਢਾਂਚੇ ‘ਤੇ ਕਬਜ਼ਾ ਕਿਵੇਂ ਕੀਤਾ | ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਅਡਾਨੀ ਦੇ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰ ਰਹੀਆਂ ਹਨ |