ਮੋਗਾ : ਦਮਨਕਾਰੀ ਤੇ ਕਾਰਪੋਰੇਟਾਂ ਪੱਖੀ ਰਾਜ ਵਿਰੁੱਧ ਲੋਕ ਘੋਲਾਂ ਦੇ ਕੇਂਦਰ ਵਜੋਂ ਉਭਰੇ ਪੰਜਾਬ ਨੂੰ ਦਬਕਾਉਣ ਅਤੇ ਮਿਹਨਤਕਸ਼ ਲੋਕਾਂ ਦੇ ਸੰਵਿਧਾਨਕ ਹੱਕ ਖੋਹ ਲੈਣ ਦੀ ਨੀਤੀ ਨਾਲ ਚੱਲ ਰਹੀ ਹੈ ਕੇਂਦਰ ਸਰਕਾਰ | ਇਹ ਸ਼ਬਦ ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਕਹੇ | ਉਨ੍ਹਾ ਕਿਹਾ ਕਿ ਇਹ ਪੰਜਾਬ ਹੀ ਸੀ, ਜਿਸ ਨੇ ਕੇਂਦਰ ਸਰਕਾਰ ਵੱਲੋਂ ਐੱਨ ਆਰ ਸੀ ਤੇ ਸੀ ਏ ਏ ਵਰਗੇ ਦਮਨਕਾਰੀ ਕਾਨੂੰਨ ਅਤੇ ਖੇਤੀ ਤੇ ਖੁਰਾਕ ਉੱਤੇ ਕਬਜ਼ਾ ਕਰਨ ਦੀ ਮਨਸ਼ਾ ਨਾਲ ਠੋਸੇ ਜਾ ਰਹੇ ਤਿੰਨ ਕਾਲੇ ਕਨੂੰਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਸੀ | ਕੇਂਦਰ ਦੀ ਫਾਸ਼ੀ ਰੁਚੀ ਵਾਲੀ ਭਾਜਪਾ ਸਰਕਾਰ ਹੁਣ ਬੀ ਬੀ ਐੱਮ ਬੀ ‘ਚੋਂ ਪੰਜਾਬ ਦੀ ਨੁਮਾਇੰਦਗੀ ਖੋਹ ਕੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਤੇ ਕਬਜ਼ਾ ਕਰਕੇ, ਬਾਰਡਰ ਤੋਂ 50 ਕਿਲੋਮੀਟਰ ਅੰਦਰ ਤੱਕ ਕੇਂਦਰੀ ਫੋਰਸਾਂ ਚਾੜ੍ਹ ਕੇ, ਟੈਕਸਾਂ ‘ਚੋਂ ਪੰਜਾਬ ਦੇ ਹਿੱਸੇ ਦੀਆਂ ਅਦਾਇਗੀਆਂ ਲਮਕਾ/ਲੇਟ ਕਰਕੇ ਅਤੇ ਹੋਰ ਵੱਖ-ਵੱਖ ਤਰੀਕਿਆਂ ਨਾਲ ਪੰਜਾਬ ਨਾਲ ਕਿੜ੍ਹ ਕੱਢ ਰਹੀ ਹੈ | ਕੇਂਦਰ ਸਰਕਾਰ ਦੀ ਪੰਜਾਬ ਅਤੇ ਦੇਸ਼ ਵਿਰੋਧੀ ਨੀਤੀ ਨੂੰ ਭਾਂਜ ਦੇਣ ਲਈ ਪੰਜਾਬ ਦੀਆਂ ਖੱਬੀਆਂ ਧਿਰਾਂ ਵੱਲੋਂ ਹੋਂਦ ‘ਚ ਆਏ ਫਾਸ਼ੀ ਹਮਲੇ ਵਿਰੋਧੀ ਫਰੰਟ ਵੱਲੋਂ 10 ਮਾਚਰ ਨੂੰ ਜਲੰਧਰ ਵਿਖੇ ਲਾਮਿਸਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਉਨ੍ਹਾ ਦੱਸਿਆ ਕਿ ਪਾਰਟੀ ਨੇ ਇਸ ਦੀ ਤਿਆਰੀ ਅਤੇ ਲੋਕ ਚੇਤਨਾ ਲਈ ਸਾਰੇ ਪੰਜਾਬ ਵਿੱਚ ਜ਼ੋਰਦਾਰ ਮੁਹਿੰਮ ਵਿੱਢਣ ਦਾ ਫੈਸਲਾ ਕੀਤਾ ਹੈ | ਉਹਨਾ ਕਿਹਾ ਕਿ ਖੇਤਰੀ-ਮਾਂ ਬੋਲੀਆਂ, ਪਾਣੀਆਂ, ਫੈਡਰਲ ਢਾਂਚੇ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ | ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਕਥਿਤ ਦੋਸ਼ਾਂ ਤਹਿਤ ਵੱਡੀ ਗਿਣਤੀ ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਆਦਿ ਨੂੰ ਜੇਲਾਂ ਵਿੱਚ ਬੰਦ ਕੀਤਾ ਹੋਇਆ ਹੈ | ਇਸੇ ਤਰ੍ਹਾਂ ਬਹੁਤ ਸਾਰੇ ਲੋਕ ਆਪਣੇ ਦੋਸ਼ਾਂ ਦੀ ਕਨੂੰਨ ਦੁਆਰਾ ਮਿਥੀ ਸਜ਼ਾ ਭੁਗਤ ਚੁੱਕੇ ਹਨ, ਜਿਨ੍ਹਾਂ ਨੂੰ ਨਾਜਾਇਜ਼ ਤੌਰ ‘ਤੇ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ | ਪਾਰਟੀ ਉਨ੍ਹਾਂ ਸਾਰਿਆਂ ਨੂੰ ਸਾਰੇ ਦੇਸ਼ ਦੀਆਂ ਜੇਲ੍ਹਾਂ ‘ਚੋਂ ਫੌਰੀ ਤੌਰ ‘ਤੇ ਰਿਹਾਅ ਕਰਨ ਦੀ ਮੰਗ ਕਰਦੀ ਹੈ |
ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਾਅਦਿਆਂ, ਦਾਅਵਿਆਂ ਦੇ ਚਲਦਿਆਂ ਪੰਜਾਬ ਆਰਥਕ ਅਤੇ ਸਮਾਜਕ ਤੌਰ ‘ਤੇ ਹੀ ਨਹੀਂ ਉਜੜ ਰਿਹਾ, ਬਲਕਿ ਪਾਣੀ ਪੱਖੋਂ ਬੰਜਰ ਹੋ ਰਿਹਾ ਹੈ ਅਤੇ ਕਨੂੰਨ ਵਿਵਸਥਾ ਵੀ ਬੁਰੀ ਤਰ੍ਹਾਂ ਵਿਗੜ ਗਈ ਹੈ | ਲੱੁਟਾਂ-ਖੋਹਾਂ ਤੇ ਨਸ਼ੇ ਆਦਿ ਦਾ ਜਾਲ ਲਗਾਤਾਰ ਫੈਲ ਰਿਹਾ ਹੈ | ਬੇਰੁਜ਼ਗਾਰੀ ਦੀ ਝੰਬੀ ਜਵਾਨੀ ਬਦੇਸ਼ਾਂ ਨੂੰ ਦੌੜਦੀ ਜਾ ਰਹੀ ਹੈ, ਜਿਸ ਕਾਰਨ ਆਰਥਕ ਪੱਖੋਂ ਵੀ ਪੰਜਾਬ ਹੋਰ ਉਜੜ ਰਿਹਾ ਹੈ | ਉਨ੍ਹਾ ਕਿਹਾ ਕਿ ਅਜਿਹੇ ਰਾਜਸੀ ਹਾਲਾਤਾਂ ਦੌਰਾਨ ਪਾਰਟੀ ਵੱਲੋਂ ਗਦਰੀ ਬਾਬਿਆਂ, ਕਮਿਊਨਿਸਟ ਯੋਧਿਆਂ ਦੀਆਂ ਬਰਸੀਆਂ, ਕਾਨਫਰੰਸਾਂ, ਸੈਮੀਨਾਰਾਂ ਆਦਿ ਦੇ ਰੂਪ ਵਿੱਚ ਲੋਕਾਂ ਨਾਲ ਰਾਬਤਾ ਬਣਾਇਆ ਜਾਵੇਗਾ | ਇਸੇ ਸਿਲਸਿਲੇ ਤਹਿਤ ਮਹਾਨ ਦੇਸ਼ ਭਗਤ ਗਦਰੀ ਬਾਬਾ ਰੂੜ ਸਿੰਘ ਦੀ 73ਵੀਂ ਬਰਸ ਉਹਨਾ ਦੇ ਪਿੰਡ ਚੂਹੜ ਚੱਕ ਵਿਖੇ 15 ਫਰਵਰੀ ਨੂੰ ਮਨਾਈ ਜਾ ਰਹੀ ਹੈ | ਇਸ ਬਰਸੀ ਸਮਾਰੋਹ ਨੂੰ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਦੇ ਆਗੂ ਸੰਬੋਧਨ ਕਰਨਗੇ |
ਮੀਟਿੰਗ ਨੂੰ ਪਾਰਟੀ ਦੇ ਸੂਬਾ ਕੌਂਸਲ ਮੈਂਬਰ ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸਰਪੰਚ ਸ਼ੇਰ ਸਿੰਘ ਦੌਲਤਪੁਰਾ, ਸਬਰਾਜ ਸਿੰਘ ਢੱੁਡੀਕੇ, ਮਾਸਟਰ ਬਲਵਿੰਦਰ ਸਿੰਘ, ਮਹਿੰਦਰ ਸਿੰਘ ਧੂੜਕੋਟ, ਬਚਿੱਤਰ ਸਿੰਘ ਧੋਥੜ, ਸਿਕੰਦਰ ਸਿੰਘ ਮਧੇਕੇ, ਨੌਜਵਾਨ ਆਗੂ ਸੁਖਜਿੰਦਰ ਸਿੰਘ ਮਹੇਸ਼ਰੀ, ਗੁਰਦਿੱਤ ਸਿੰਘ ਦੀਨਾ ਤੇ ਕਰਮਵੀਰ ਕੌਰ ਬੱਧਨੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਵੱਡੀ ਗਿਣਤੀ ‘ਚ ਜ਼ਿਲ੍ਹਾ ਕੌਂਸਲ ਮੈਂਬਰ ਹਾਜ਼ਰ ਸਨ |