34.9 C
Jalandhar
Saturday, October 19, 2024
spot_img

ਹੁਣ ਬੀ ਬੀ ਸੀ ਦੀ ਵਾਰੀ

ਨਵੀਂ ਦਿੱਲੀ : ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਨੇ ਮੰਗਲਵਾਰ ਦਿੱਲੀ ਤੇ ਮੁੰਬਈ ਵਿਚਲੇ ਬੀ ਬੀ ਸੀ ਦੇ ਦਫਤਰਾਂ ‘ਚ ਛਾਪੇ ਮਾਰੇ | ਬੀਤੇ ਦਿਨੀਂ ਬੀ ਬੀ ਸੀ ਨੇ ਗੋਧਰਾ ਕਾਂਡ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਡਾਕੂਮੈਂਟਰੀ ਜਾਰੀ ਕੀਤੀ ਸੀ ਤੇ ਇਸ ਖਿਲਾਫ ਸਰਕਾਰ ਨੇ ਕਾਫੀ ਨਾਰਾਜ਼ਗੀ ਪ੍ਰਗਟਾਈ ਸੀ |
ਇਸੇ ਦੌਰਾਨ ਬੀ ਬੀ ਸੀ ਨਿਊਜ਼ ਨੇ ਕਿਹਾ ਕਿ ਉਹ ਸਰਵੇ ਕਰਨ ਵਾਲੇ ਅਧਿਕਾਰੀਆਂ ਨਾਲ ਪੂਰੀ ਮਿਲਵਰਤਨ ਕਰ ਰਹੇ ਹਨ ਤੇ ਆਸ ਕਰਦੇ ਹਨ ਕਿ ਮਾਮਲਾ ਛੇਤੀ ਤੋਂ ਛੇਤੀ ਹੱਲ ਹੋ ਜਾਵੇਗਾ |
ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਸ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਛਾਪਾ ਨਹੀਂ ਮਾਰਿਆ ਹੈ, ਉਹ ਸਰਵੇ ਕਰ ਰਹੇ ਹਨ | ਇਕ ਹੋਰ ਅਧਿਕਾਰੀ ਨੇ ਕਿਹਾ ਕਿ ਟੈਕਸ ਚੋਰੀ ਬਾਰੇ ਠੋਸ ਸੂਹ ਮਿਲੀ ਸੀ ਤੇ ਸਰਵੇ ਮੁਕੰਮਲ ਹੋਣ ਤੋਂ ਬਾਅਦ ਦੱਸਿਆ ਜਾਵੇਗਾ ਕਿ ਬੇਨੇਮੀਆਂ ਜਾਣਬੁੱਝ ਕੇ ਕੀਤੀਆਂ ਗਈਆਂ ਜਾਂ ਨਹੀਂ |
ਇਸੇ ਦੌਰਾਨ ਭਾਜਪਾ ਨੇ ਬੀ ਬੀ ਸੀ ਨੂੰ ਦੁਨੀਆ ਦੀ ਸਭ ਤੋਂ ‘ਭਿ੍ਸ਼ਟ ਬਕਵਾਸ ਕਾਰਪੋਰੇਸ਼ਨ’ ਕਰਾਰ ਦਿੰਦਿਆਂ ਕਿਹਾ ਹੈ ਕਿ ਮੀਡੀਆ ਸਮੂਹ ਦੇ ਖਿਲਾਫ ਆਮਦਨ ਕਰ ਵਿਭਾਗ ਦਾ ਛਾਪਾ ਨਿਯਮਾਂ ਅਤੇ ਸੰਵਿਧਾਨ ਅਧੀਨ ਹੈ | ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਇਸ ਕਾਰਵਾਈ ਨੂੰ ਲੈ ਕੇ ਸਰਕਾਰ ‘ਤੇ ਹਮਲਾ ਕਰਨ ਲਈ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੀ ਵੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਬੀ ਬੀ ਸੀ ‘ਤੇ ਪਾਬੰਦੀ ਲਗਾਈ ਸੀ |
ਭਾਟੀਆ ਨੇ ਕਿਹਾ ਕਿ ਬੀ ਬੀ ਸੀ ਨੂੰ ਭਾਰਤ ਵਿਚ ਕੰਮ ਕਰਦਿਆਂ ਜ਼ਹਿਰ ਨਹੀਂ ਉਗਲਣਾ ਚਾਹੀਦਾ | ਬੀ ਬੀ ਸੀ ਭਾਰਤ-ਵਿਰੋਧੀ ਪ੍ਰਾਪੇਗੰਡਾ ਕਰਦੀ ਹੈ | ਭਾਰਤ ਅਜਿਹਾ ਦੇਸ਼ ਹੈ, ਜਿਹੜਾ ਹਰ ਜਥੇਬੰਦੀ ਨੂੰ ਮੌਕਾ ਦਿੰਦਾ ਹੈ ਜਦੋਂ ਤੱਕ ਕਿ ਉਹ ਜ਼ਹਿਰ ਨਹੀਂ ਉਗਲਦੀ | ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੀ ਬੀ ਸੀ ਦੀ ਡਾਕੂਮੈਂਟਰੀ ਤੋਂ ਬਾਅਦ ਅਡਾਨੀ ਵਿਵਾਦ ਸਾਹਮਣੇ ਆਉਣ ਸੰਬੰਧੀ ਇਕ ਸਵਾਲ ਦੇ ਜਵਾਬ ਵਿਚ ਕਿਹਾ-ਇਹ ਲੋਕ 2002 ਤੋਂ ਮੋਦੀ ਜੀ ਦੇ ਪਿੱਛੇ ਪਏ ਹੋਏ ਹਨ, ਪਰ ਹਰ ਵਾਰ ਮੋਦੀ ਜੀ ਬੇਦਾਗ ਨਿਕਲਦੇ ਹਨ ਤੇ ਹੋਰ ਪਾਪੂਲਰ ਬਣ ਜਾਂਦੇ ਹਨ |
ਕਾਂਗਰਸ ਨੇ ਕਿਹਾ ਕਿ ਬੀ ਬੀ ਸੀ ਦਫਤਰਾਂ ਵਿਚ ਸਰਵੇ ਧਮਕਾਉਣ ਵਾਲਾ ਦਾਅਪੇਚ ਹੈ | ਇਹ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਅਲੋਚਨਾ ਤੋਂ ਤ੍ਰਬਕਦੀ ਹੈ | ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਉਹ ਅਡਾਨੀ ਮਾਮਲੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਦੀ ਮੰਗ ਕਰ ਰਹੇ ਹਨ, ਪਰ ਸਰਕਾਰ ਬੀ ਬੀ ਸੀ ਦੇ ਪਿੱਛੇ ਪੈ ਗਈ ਹੈ | ਉਨ੍ਹਾ ਕਿਹਾ-ਵਿਨਾਸ਼ ਕਾਲੇ ਵਿਪਰੀਤ ਬੁੱਧੀ |
ਐਡੀਟਰਜ਼ ਗਿਲਡ ਆਫ ਇੰਡੀਆ ਨੇ ‘ਸਰਵੇ’ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ | ਉਸ ਨੇ ਕਿਹਾ ਹੈ ਕਿ ਜਿਹੜੀ ਖਬਰ ਜਥੇਬੰਦੀ ਸੱਤਾਧਾਰੀਆਂ ਦੀ ਆਲੋਚਨਾ ਵਾਲੀ ਖਬਰ ਦਿੰਦੀ ਹੈ, ਸਰਕਾਰੀ ਏਜੰਸੀਆਂ ਨੂੰ ਉਨ੍ਹਾਂ ਨੂੰ ਯਰਕਾਉਣ ਲਈ ਵਰਤਿਆ ਜਾਣ ਲੱਗ ਪੈਂਦਾ ਹੈ |
ਤਿ੍ਣਮੂਲ ਕਾਂਗਰਸ ਦੀ ਸਾਂਸਦ ਮਹੁਆ ਮੋਇਤਰਾ ਨੇ ਕਿਹਾ ਹੈ ਕਿ ਆਮਦਨ ਕਰ ਦੇ ਅਧਿਕਾਰੀਆਂ ਨੂੰ ਅਡਾਨੀ ਖਿਲਾਫ ਵੀ ਅਜਿਹੀ ਕਾਰਵਾਈ ਕਰਨੀ ਚਾਹੀਦੀ ਹੈ |
ਬਸਪਾ ਦੇ ਸਾਂਸਦ ਕੁੰਵਰ ਦਾਨਿਸ਼ ਅਲੀ ਨੇ ਕਿਹਾ ਕਿ ਆਮਦਨ ਕਰ, ਈ ਡੀ ਤੇ ਸੀ ਬੀ ਆਈ ਦੇ ਅਧਿਕਾਰੀ ਅਡਾਨੀ ਦੇ ਦਫਤਰ ਨਹੀਂ ਪੁੱਜੇ ਤੇ ਆਮਦਨ ਕਰ ਵਾਲੇ ਬੀ ਬੀ ਸੀ ਦੇ ਦਫਤਰ ਪੁੱਜ ਗਏ | ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ਜਿੰਨੀ ਕੁ ਬਚੀ ਹੈ, ਇਹ ਉਸ ‘ਤੇ ਵੀ ਹਮਲਾ ਹੈ | ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ ਦਾ ਰੈਂਕ 150ਵਾਂ ਹੈ ਤੇ ਸਾਫ ਹੈ ਕਿ ਇਹ ਹੋਰ ਡਿੱਗੇਗਾ |
ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਟਵੀਟ ਕੀਤਾ-ਪਹਿਲਾਂ ਬੀ ਬੀ ਸੀ ਦੀਆਂ ਡਾਕੂਮੈਂਟਰੀਆਂ ‘ਤੇ ਪਾਬੰਦੀ | ਅਡਾਨੀ ਘੁਟਾਲੇ ਦੀ ਜੇ ਪੀ ਸੀ ਜਾਂਚ ਤੋਂ ਇਨਕਾਰ | ਹੁਣ ਬੀ ਬੀ ਸੀ ਦੇ ਦਫਤਰਾਂ ‘ਤੇ ਆਮਦਨ ਕਰ ਦੇ ਛਾਪੇ | ਭਾਰਤ : ਜਮਹੂਰੀਅਤ ਦੀ ਮਾਂ?
ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਬੀ ਬੀ ਸੀ ‘ਤੇ ਛਾਪਿਆਂ ਦਾ ਕਾਰਨ ਤੇ ਅਸਰ ਪ੍ਰਤੱਖ ਹੈ | ਭਾਰਤ ਸਰਕਾਰ ਉਨ੍ਹਾਂ ਮਗਰ ਬੁਰੀ ਤਰ੍ਹਾਂ ਪੈਂਦੀ ਹੈ ਜਿਹੜੇ ਸੱਚ ਬੋਲਦੇ ਹਨ | ਭਾਵੇਂ ਉਹ ਆਪੋਜ਼ੀਸ਼ਨ ਦੇ ਆਗੂ ਹੋਣ, ਮੀਡੀਆ ਹੋਵੇ, ਕਾਰਕੁੰਨ ਹੋਣ ਜਾਂ ਕੋਈ ਹੋਰ | ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਵੇ ਵੈਚਾਰਿਕ ਆਪਾਤਕਾਲ ਦਾ ਐਲਾਨ ਹੈ | ਭਾਰਤ ਰਾਸ਼ਟਰ ਸਮਿਤੀ ਦੇ ਸੋਸ਼ਲ ਮੀਡੀਆ ਹੈੱਡ ਸਤੀਸ਼ ਰੈੱਡੀ ਨੇ ਕਿਹਾ ਕਿ ਇਹ ਬੀ ਬੀ ਸੀ ਨੂੰ ਮੋਦੀ ਦਾ ਗਿਫਟ ਹੈ |

Related Articles

LEAVE A REPLY

Please enter your comment!
Please enter your name here

Latest Articles