25.4 C
Jalandhar
Saturday, October 19, 2024
spot_img

ਪਿ੍ੰਸੀਪਲਾਂ ਦੀ ਚੋਣ ਬਾਰੇ ਪੁੱਛਣ ਵਾਲੇ ਗਵਰਨਰ ਨੂੰ ਮਾਨ ਨੇ ਪੁੱਛਿਆ—ਗਵਰਨਰਾਂ ਦੀ ਚੋਣ ਦਾ ਆਧਾਰ ਕੀ ਹੁੰਦਾ ਹੈ?

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਤੇ ਨਿਸ਼ਾਨਾ ਲਾਉਂਦਿਆਂ ਮੰਗਲਵਾਰ ਇੱਥੇ ਵਿਧਾਨ ਸਭਾ ‘ਚ ਨਵੇਂ ਵਿਧਾਇਕਾਂ ਦੇ ਟ੍ਰੇਨਿੰਗ ਸੈਸ਼ਨ ‘ਚ ਕਿਹਾ ਕਿ ਲੋਕਤੰਤਰ ‘ਚ ਚੁਣੇ ਨੁਮਾਇੰਦੇ ਹੀ ਵੱਡੇ ਹੁੰਦੇ ਨੇ, ਨਾ ਕਿ ਕਿਸੇ ਵੱਲੋਂ ‘ਥੋਪਿਆ’ | ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹੀ ਲੋਕ ਹਿੱਤ ਦੀ ਗੱਲ ਕਰਦੇ ਨੇ, ਜਿਸ ਕਾਨੂੰਨ ਨਾਲ ਸਾਡੇ ਤੋਂ ਕੋਈ ਜਵਾਬ ਮੰਗਦਾ ਹੈ, ਉਸੇ ਕਾਨੂੰਨ ਨਾਲ ਅਸੀਂ ਜਵਾਬ ਵੀ ਦੇਵਾਂਗੇ | ਸਾਡੇ ਲਈ ਪੰਜਾਬ ਤੇ ਪੰਜਾਬੀ ਅਹਿਮੀਅਤ ‘ਤੇ ਸਨ ਤੇ ਹਮੇਸ਼ਾ ਰਹਿਣਗੇ |
ਪੁਰੋਹਿਤ ਨੇ ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ‘ਚ ਕੀਤੀਆਂ ਗਈਆਂ ਨਿਯੁਕਤੀਆਂ ਤੇ ਕੰਮਾਂ ਬਾਰੇ ਜਾਣਕਾਰੀ ਮੰਗੀ ਹੈ | ਮਾਨ ਨੇ ਕਿਹਾ-ਵਿਚਾਰਕ ਮੱਤਭੇਦ ਲੋਕਤੰਤਰ ਦੀ ਖੂਬਸੂਰਤੀ ਹੈ | ਵਿਰੋਧੀ ਧਿਰ ਦਾ ਰੋਲ ਹਰ ਇੱਕ ਸਦਨ ਲਈ ਬਹੁਤ ਅਹਿਮ ਹੁੰਦਾ ਹੈ, ਅਸੀਂ ਵੀ ਵਿਰੋਧੀ ਧਿਰ ‘ਚ ਹੁੰਦੇ ਹੋਏ ਆਪਣਾ ਫਰਜ਼ ਅਦਾ ਕੀਤਾ ਹੈ | ਇੱਥੇ ਵੀ ਅਸੀਂ ਚਾਹੁੰਦੇ ਹਾਂ ਕਿ ਵਿਰੋਧੀ ਧਿਰ ਨੂੰ ਸਮਾਂ ਮਿਲੇ ਤਾਂ ਜੋ ਪੰਜਾਬ ਦੇ ਗੰਭੀਰ ਮਸਲਿਆਂ ‘ਤੇ ਵਧੀਆ ਬਹਿਸ ਹੋਵੇ |
ਇਸੇ ਦੌਰਾਨ ਮਾਨ ਨੇ ਗਵਰਨਰ ਵੱਲੋਂ ਲਿਖੇ ਪੱਤਰ ਦਾ ਜਵਾਬ ਵੀ ਦੇ ਦਿੱਤਾ ਹੈ | ਉਨ੍ਹਾ ਗਵਰਨਰ ਨੂੰ ਭੇਜੇ ਜਵਾਬੀ ਪੱਤਰ ਵਿਚ ਕਿਹਾ ਹੈ—ਮੈਨੂੰ ਤੁਹਾਡੀ ਚਿੱਠੀ 13 ਫਰਵਰੀ ਨੂੰ ਮਿਲੀ | ਆਪ ਜੀ ਦੀ ਚਿੱਠੀ ਵਿਚ ਜਿੰਨੇ ਵੀ ਵਿਸ਼ੇ ਲਿਖੇ ਨੇ ਉਹ ਸਾਰੇ ਰਾਜ ਸਰਕਾਰ ਦੇ ਵਿਸ਼ੇ ਹਨ | ਇਸ ਸੰਬੰਧ ਵਿਚ ਮੈਂ ਸਪੱਸ਼ਟ ਕਰਨਾ ਚਾਹਾਂਗਾ ਕਿ ਭਾਰਤੀ ਸੰਵਿਧਾਨ ਅਨੁਸਾਰ ਮੈਂ ਤੇ ਮੇਰੀ ਸਰਕਾਰ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਨ | ਆਪ ਨੇ ਮੈਨੂੰ ਪੁੱਛਿਆ ਹੈ ਕਿ ਸਿੰਗਾਪੁਰ ਟਰੇਨਿੰਗ ਲਈ ਪਿ੍ੰਸੀਪਲਾਂ ਦੀ ਚੋਣ ਕਿਸ ਆਧਾਰ ‘ਤੇ ਕੀਤੀ ਗਈ ਹੈ | ਪੰਜਾਬ ਦੇ ਵਾਸੀ ਇਹ ਪੁੱਛਣਾ ਚਾਹੁੰਦੇ ਹਨ ਕਿ ਭਾਰਤੀ ਸੰਵਿਧਾਨ ਵਿਚ ਕਿਸੇ ਸਪੱਸ਼ਟ ਯੋਗਤਾ ਦੀ ਅਣਹੋਂਦ ਵਿਚ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਰਾਜਾਂ ਵਿਚ ਰਾਜਪਾਲ ਕਿਸ ਆਧਾਰ ‘ਤੇ ਚੁਣੇ ਜਾਂਦੇ ਹਨ? ਕਿਰਪਾ ਕਰਕੇ ਇਹ ਦੱਸ ਕੇ ਪੰਜਾਬੀਆਂ ਦੀ ਜਾਣਕਾਰੀ ਵਿਚ ਵਾਧਾ ਕੀਤਾ ਜਾਵੇ |
ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਪ ਸਰਕਾਰ ਚੁਣੀ ਹੋਈ ਸਰਕਾਰ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੇਗੀ | ਗਵਰਨਰ ਵੱਲੋਂ ਮੁੱਖ ਮੰਤਰੀ ਨੂੰ ਪੱਤਰ ਭੇਜਣ ਦਾ ਅਸਲ ਕਾਰਨ ਇਹ ਹੈ ਕਿ ਉਨ੍ਹਾ ਦੀ ਪਾਰਟੀ ਨੇ ‘ਭਾਜਪਾ-ਅਡਾਨੀ ਲਿੰਕ’ ਖਿਲਾਫ ਐਤਵਾਰ ਪ੍ਰਦਰਸ਼ਨ ਕੀਤਾ ਸੀ |
‘ਆਪ’ ਨੇ ਮੰਗਲਵਾਰ ਕਿਹਾ ਕਿ ਪੰਜਾਬ ਦੇ ਰਾਜਪਾਲ ਆਪਣੇ ਅਹੁਦੇ ਦੀ ਮਰਿਆਦਾ ਨੂੰ ਬਰਕਰਾਰ ਨਹੀਂ ਰੱਖ ਰਹੇ | ਉਨ੍ਹਾ ਨੂੰ ਤੁਰੰਤ ਇਸ ਅਹੁਦੇ ਤੋਂ ਹਟਾਇਆ ਜਾਵੇ |
ਕੰਗ ਨੇ ਕਿਹਾ ਕਿ ਇਹ ਨਿੰਦਣਯੋਗ ਅਤੇ ਬਹੁਤ ਹੀ ਮੰਦਭਾਗਾ ਹੈ ਕਿ ਪੰਜਾਬ ਦੇ ਰਾਜਪਾਲ ਭਾਜਪਾ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਦੇ ਕੰਮਕਾਜ ਵਿੱਚ ਦਖਲਅੰਦਾਜ਼ੀ ਕਰਕੇ ਪੰਜਾਬ ਦੇ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ |
ਰਾਜਪਾਲ ਨੂੰ ਆਪਣੀਆਂ ਸੀਮਾਵਾਂ ਦਾ ਖਿਆਲ ਰੱਖਣ ਅਤੇ ਇਸ ਨੂੰ ਪਾਰ ਨਾ ਕਰਨ ਦੀ ਸਲਾਹ ਦਿੰਦਿਆਂ ਕੰਗ ਨੇ ਕਿਹਾ ਕਿ ਉਨ੍ਹਾ ਦੀ ਨਿਯੁਕਤੀ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਸੀ, ਪਰ ਮਾਨ ਸਰਕਾਰ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਹਿੱਤਾਂ ਲਈ ਚੁਣੀ ਗਈ ਸਰਕਾਰ ਹੈ, ਇਸ ਲਈ ਉਨ੍ਹਾਂ ਨੂੰ ਵਿਕਾਸ ਕਾਰਜਾਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਸਗੋਂ ਉਹ ਰਾਜ ਦੀ ਕਾਇਆ-ਕਲਪ ਕਰਨ ਲਈ ਉਨ੍ਹਾਂ ਨਾਲ ਸਹਿਯੋਗ ਕਰਨ |
ਉਨ੍ਹਾ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਰਾਜਪਾਲ ਨੇ ਪਿ੍ੰਸੀਪਲਾਂ ਦੀ ਸਿੰਗਾਪੁਰ ਦੀ ਵਿਦਿਅਕ ਯਾਤਰਾ ਦੇ ਵੇਰਵੇ ਮੰਗੇ | ਨਸ਼ਿਆਂ ਬਾਰੇ ਉਨ੍ਹਾ ਦੀਆਂ ਤਾਜ਼ਾ ਟਿੱਪਣੀਆਂ ਤੋਂ ਪਤਾ ਲੱਗਦਾ ਹੈ ਕਿ ਉਹ ਸੱਤਾਧਾਰੀ ‘ਆਪ’ ਸਰਕਾਰ ਨੂੰ ਬਦਨਾਮ ਕਰਨ ਲਈ ਕੇਂਦਰ ਸਰਕਾਰ ਦੀਆਂ ਧੁਨਾਂ ‘ਤੇ ਕੰਮ ਕਰ ਰਹੇ ਹਨ | ਕੰਗ ਨੇ ਕਿਹਾ ਕਿ ਗੈਰ-ਭਾਜਪਾ ਸਰਕਾਰਾਂ ਵਾਲੇ ਰਾਜਾਂ ਦੇ ਰਾਜਪਾਲ ਸਰਕਾਰ ਨੂੰ ਕਮਜ਼ੋਰ ਕਰਨ ਵਾਲਾ ਹਥਿਆਰ ਬਣ ਗਏ ਹਨ ਅਤੇ ਪੰਜਾਬ ਦੇ ਰਾਜਪਾਲ ਵਿਰੋਧੀ ਧਿਰ ਵਾਂਗ ਕੰਮ ਕਰ ਰਹੇ ਹਨ |
ਉਨ੍ਹਾ ਰਾਜਪਾਲ ਨੂੰ ਯਾਦ ਦਿਵਾਇਆ ਕਿ ਧਾਰਾ 157 ਦੇ ਤਹਿਤ ਮੁੱਖ ਮੰਤਰੀ ਅਤੇ ਰਾਜਪਾਲ ਦੋਵੇਂ ਭਾਰਤ ਦੇ ਸੰਵਿਧਾਨ ਪ੍ਰਤੀ ਜਵਾਬਦੇਹ ਹਨ ਅਤੇ ਰਾਜਪਾਲ ਮੰਤਰੀ ਮੰਡਲ ਦੀ ਸਹਾਇਤਾ ਅਤੇ ਸਲਾਹ ਅਨੁਸਾਰ ਕੰਮ ਕਰਦੇ ਹਨ | ਉਨ੍ਹਾ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ ਆਰ ਅੰਬੇਦਕਰ ਨੇ ਵੀ ਕਿਹਾ ਹੈ, ‘ਖਰੜਾ ਕਮੇਟੀ ਨੇ ਮਹਿਸੂਸ ਕੀਤਾ, ਜਿਵੇਂ ਕਿ ਸਦਨ ਵਿੱਚ ਹਰ ਕੋਈ ਜਾਣਦਾ ਹੈ ਕਿ ਰਾਜਪਾਲ ਕੋਲ ਕਿਸੇ ਕਿਸਮ ਦੇ ਕਾਰਜ ਜਾਂ ਸ਼ਕਤੀਆਂ ਨਹੀਂ ਹੁੰਦੀਆਂ | ਸੰਵਿਧਾਨ ਦੇ ਸਿਧਾਂਤਾਂ ਦੇ ਅਨੁਸਾਰ ਉਸ ਨੂੰ ਸਾਰੇ ਮਾਮਲਿਆਂ ਵਿੱਚ ਆਪਣੇ ਮੰਤਰਾਲੇ ਦੀ ਸਲਾਹ ਦੀ ਪਾਲਣਾ ਕਰਨੀ ਹੁੰਦੀ ਹੈ |’
‘ਆਪ’ ਦੇ ਬੁਲਾਰੇ ਨੇ ਕਿਹਾ ਕਿ ਰਾਜਪਾਲ ਨੇ ਇਸ ਪੱਤਰ ਨੂੰ ਪਹਿਲਾਂ ਮੁੱਖ ਮੰਤਰੀ ਦਫਤਰ ਭੇਜਣ ਦੀ ਬਜਾਏ ਮੀਡੀਆ ਨੂੰ ਦਿੱਤਾ, ਕਿਉਂਕਿ ਉਹ ਭਾਜਪਾ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਹਨ ਅਤੇ ਉਹ ਲੋਕਾਂ ਦਾ ਧਿਆਨ ‘ਆਪ’ ਸਰਕਾਰ ਦੇ ਚੰਗੇ ਅਤੇ ਲੋਕ-ਪੱਖੀ ਕੰਮਾਂ ਤੋਂ ਹਟਾਉਣਾ ਚਾਹੁੰਦੇ ਹਨ, ਜੋ ਉਹ ਸੂਬੇ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਲਈ ਪੂਰੀ ਤਨਦੇਹੀ ਨਾਲ ਕਰ ਰਹੇ ਹਨ |
ਇਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਬੁਲਾਰੇ ਡਾ. ਸੰਨੀ ਆਹਲੂਵਾਲੀਆ ਨੇ ਐਤਵਾਰ ਨੂੰ ‘ਆਪ’ ਵੱਲੋਂ ਮੋਦੀ-ਅਡਾਨੀ ਦੀ ਜੋੜੀ ਵਿਰੁੱਧ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨ ਵੱਲੋਂ ਆਪ ਆਗੂਆਂ ‘ਤੇ ਕੀਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਲਈ ਰਾਜਪਾਲ ਅਤੇ ਭਾਜਪਾ ਸਰਕਾਰ ਦੀ ਨਿੰਦਾ ਕੀਤੀ | ਉਨ੍ਹਾ ਕਿਹਾ ਕਿ ਇਸ ਪ੍ਰਦਰਸਨ ਵਿਚ ਆਪ ਦੇ 22 ਤੋਂ ਜ਼ਿਆਦਾ ਆਗੂ ਜ਼ਖਮੀ ਹੋਏ, ਜਿਨ੍ਹਾਂ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ | ਪ੍ਰੈੱਸ ਕਾਨਫਰੰਸ ਵਿੱਚ ਯੂਥ ਆਗੂ ਪਰਮਿੰਦਰ ਸਿੰਘ ਗੋਲਡੀ ਅਤੇ ਰਾਜ ਕੌਰ ਗਿੱਲ ਮੌਜੂਦ ਸਨ, ਜਿਨ੍ਹਾਂ ਦੇ ਲਾਠੀਚਾਰਜ ਦੌਰਾਨ ਸੱਟਾਂ ਲੱਗੀਆਂ ਸਨ | ਉਨ੍ਹਾ ਕਿਹਾ ਕਿ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਨੇ ਮੋਦੀ-ਅਡਾਨੀ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਉਹ ਭਾਜਪਾ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਨ ਕਿ ਇੱਕ ਵਿਅਕਤੀ ਨੂੰ ਐਨਾ ਫਾਇਦਾ ਕਿਉਂ ਪਹੁੰਚਾਇਆ ਜਾ ਰਹੇ | ਕਦੇ ਨਰਿੰਦਰ ਮੋਦੀ ਅਡਾਨੀ ਦੇ ਜਹਾਜ਼ ਵਿੱਚ ਸਫਰ ਕਰਦੇ ਹਨ ਅਤੇ ਕਦੇ ਅਡਾਨੀ ਪ੍ਰਧਾਨ ਮੰਤਰੀ ਮੋਦੀ ਨਾਲ ਵਿਦੇਸ਼ ਦੌਰਾ ਕਰਦੇ ਹਨ | ਕਿਵੇਂ ਸਿਰਫ 8 ਸਾਲਾਂ ਵਿੱਚ ਗੌਤਮ ਅਡਾਨੀ ਦੀ ਸੰਪਤੀ 37 ਹਜ਼ਾਰ ਕਰੋੜ ਤੋਂ ਵਧ ਕੇ 13 ਲੱਖ ਕਰੋੜ ਹੋ ਗਈ, ਜਦਕਿ ਬਾਕੀ ਦੇਸ਼ ਦੀ ਅਰਥ ਵਿਵਸਥਾ ਸੰਕਟ ਨਾਲ ਜੂਝ ਰਹੀ ਹੈ ਅਤੇ ਬੇਰੁਜ਼ਗਾਰੀ ਦਰ ਸਿਖਰ ‘ਤੇ ਹੈ |

Related Articles

LEAVE A REPLY

Please enter your comment!
Please enter your name here

Latest Articles