ਸੰਗਰੂਰ (ਪ੍ਰਵੀਨ ਸਿੰਘ)
ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ), ਪੰਜਾਬ ਖੇਤ ਮਜ਼ਦੂਰ ਸਭਾ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਆਜ਼ਾਦ) ਵੱਲੋਂ ਸੁਤੰਤਰ ਭਵਨ ਸੰਗਰੂਰ ਵਿਖੇ ਸਾਂਝੇ ਤੌਰ ‘ਤੇ ਮੀਟਿੰਗ ਕਰਕੇ ਕਿਹਾ ਗਿਆ ਕਿ ਪੇਂਡੂ ਮਜ਼ਦੂਰਾਂ ਦੀਆਂ ਭਖਵੀਆਂ ਮੰਗਾਂ—ਝੋਨੇ ਦੀ ਲਵਾਈ ਘੱਟੋ-ਘੱਟ ਪ੍ਰਤੀ ਏਕੜ 6000 ਅਤੇ ਪ੍ਰਤੀ ਅੱਠ ਘੰਟੇ ਦਿਹਾੜੀ 700 ਰੁਪਏ ਕਰਵਾਉਣ ਅਤੇ ਜ਼ਮੀਨ ਸਮੇਤ ਹੋਰ ਮੰਗਾਂ ਨੂੰ ਪੰਜਾਬ ਸਰਕਾਰ ਤੋਂ ਲਾਗੂ ਕਰਵਾਉਣ ਲਈ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਸੰਗਰੂਰ ਵਿਖੇ ਖੇਤ ਮਜ਼ਦੂਰਾਂ ਦਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ |
ਭਗਵੰਤ ਸਮਾਓ, ਕੁਲਵੰਤ ਸਿੰਘ ਸੇਲਬਰ੍ਹਾ, ਕਿ੍ਸ਼ਨ ਚੌਹਾਨ, ਭੂਪ ਚੰਦ ਚੰਨੋ, ਬਲਵਿੰਦਰ ਜਲੂਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੇ ਜਾਇਜ਼ ਮਸਲਿਆਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ, ਜਦਕਿ ਪੰਜਾਬ ਸਰਕਾਰ ਦੇ ਧਿਆਨ ਵਿੱਚ ਵਾਰ-ਵਾਰ ਲਿਆਂਦੇ ਜਾ ਚੁੱਕੇ ਹਨ |
ਮਜ਼ਦੂਰ ਆਗੂਆਂ ਕਿਹਾ ਇਕ ਪਾਸੇ ਕਰੋੜਪਤੀਆਂ ਦੇ ਕਰਜ਼ੇ ਮਾਫ਼ ਕੀਤੇ ਜਾਂਦੇ ਹਨ, ਦੂਜੇ ਪਾਸੇ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਮਜ਼ਦੂਰ ਦੇ ਘਰਾਂ ਦੀ ਕੁਰਕੀ ਕਰ ਲਈ ਜਾਂਦੀ ਹੈ | ਆਗੂਆਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਕਰਜਿਆਂ ‘ਤੇ ਲੀਕ ਮਾਰ ਕੇ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਬਿਨਾਂ ਵਿਆਜ ‘ਤੇ ਕਰਜ਼ੇ ਦਿੱਤੇ ਜਾਣ ਅਤੇ 10-10 ਮਰਲਿਆਂ ਦੇ ਪਲਾਟ ਦੇਣਾ ਯਕੀਨੀ ਬਣਾ ਕੇ ਮਕਾਨ ਉਸਾਰੀ ਲਈ ਪੰਜ-ਪੰਜ ਲੱਖ ਦੀ ਗਰਾਂਟ ਜਾਰੀ ਕੀਤੀ ਜਾਵੇ | ਪੰਚਾਇਤੀ ਜ਼ਮੀਨ ‘ਚੋਂ ਤੀਜੇ ਹਿੱਸੇ ਦੀ ਜ਼ਮੀਨ ਸਸਤੇ ਰੇਟ ‘ਤੇ ਦਿੱਤੀ ਜਾਵੇ ਅਤੇ ਰਿਜ਼ਰਵ ਕੋਟੇ ਵਾਲੀ ਜ਼ਮੀਨ ਦੀ ਬੋਲੀ ਐੱਸ ਸੀ ਧਰਮਸ਼ਾਲਾ ਵਿੱਚ ਕਰਵਾਈ ਜਾਵੇ ਅਤੇ ਡੰਮੀ ਬੋਲੀਆਂ ਕਰਨੀਆਂ ਬੰਦ ਕੀਤੀਆਂ ਜਾਣ | ਮਜ਼ਦੂਰਾਂ ਵਿਰੁੱਧ ਨਾਦਰਸ਼ਾਹੀ ਮਤੇ ਪਾਉਣ ਵਾਲੇ ਘੜੰਮ ਚੌਧਰੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ | ਪੰਜਾਬ ਦੇ ਮਜ਼ਦੂਰ ਆਗੂਆਂ ਐਲਾਨ ਕੀਤਾ ਕਿ ਮਜ਼ਦੂਰਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਹਜ਼ਾਰਾਂ ਦੀ ਗਿਣਤੀ ਵਿੱਚ ਖੇਤ ਮਜ਼ਦੂਰ ਕਾਫਲੇ ਬੰਨ੍ਹ ਕੇ ਪਹੁੰਚਣਗੇ, ਜੇ ਸਰਕਾਰ ਨੇ ਪੈਨਲ ਮੀਟਿੰਗ ਨਾ ਦਿੱਤੀ ਤਾਂ ਫੌਰੀ ਜਥੇਬੰਦੀਆਂ ਦੀ ਮੀਟਿੰਗ ਕਰਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ |





