ਸੰਗਰੂਰ, (ਪ੍ਰਵੀਨ ਸਿੰਘ)-ਸੰਗਰੂਰ ਵਿਖੇ 4161 ਮਾਸਟਰ ਕੇਡਰ ਅਧਿਆਪਕਾਂ ਵੱਲੋਂ ਸਟੇਸ਼ਨਾਂ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ | ਸ਼ਨੀਵਾਰ ਸਵੇਰੇ ਹੀ ਇੱਥੇ ਮੁੱਖ ਮੰਤਰੀ ਦੀ ਕੋਠੀ ਲਾਗੇ ਹੀ ਸਥਾਨਕ ਵੇਰਕਾ ਮਿਲਕ ਪਲਾਂਟ ਵਿੱਚ ਪੰਜਾਬ ਭਰ ਵਿੱਚੋਂ ਇਕੱਤਰ ਹੋਏ ਅਧਿਆਪਕਾਂ ਨੇ ਆਪਣੇ ਸਟੇਸ਼ਨ ਅਲਾਟ ਕਰਨ ਦੀ ਮੰਗ ਨੂੰ ਲੈ ਕੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ | ਇਸ ਰੋਸ ਰੈਲੀ ਕਰਨ ਤੋਂ ਬਾਅਦ ਭਗਵੰਤ ਮਾਨ ਦੀ ਕੋਠੀ ਤੱਕ ਰੋਸ ਮਾਰਚ ਕੀਤਾ ਗਿਆ | ਜਦੋਂ ਹੀ ਇਹ ਬੇਰੁਜ਼ਗਾਰ ਅਧਿਆਪਕ ਬੈਰੀਕੇਡਾਂ ਵੱਲ ਵਧਣ ਲੱਗੇ ਤਾਂ ਪੁਲਸ ਵੱਲੋਂ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ, ਜਿਸ ਵਿੱਚ ਗੁਰਮੁੱਖ ਸਿੰਘ ਕੋਟਭਾਈ ਜ਼ਿਲ੍ਹਾ ਮੁਕਤਸਰ, ਸੰਦੀਪ ਗਿੱਲ ਬਰਨਾਲਾ ਅਤੇ ਬਲਬੀਰ ਸਿੰਘ ਆਦਿ ਦੇ ਸੱਟਾਂ ਲੱਗੀਆਂ | ਪੁਲਸ ਵੱਲੋਂ ਮਹਿਲਾ ਅਧਿਆਪਕਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ | ਲਾਠੀਚਾਰਜ ਕਰਨ ਤੋਂ ਬਾਅਦ ਇਹਨਾਂ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਕੋਠੀ ਅੱਗੇ ਨੈਸ਼ਨਲ ਹਾਈਵੇ ਜਾਮ ਕਰਕੇ ਉੱਥੇ ਹੀ ਧਰਨਾ ਲਗਾ ਦਿੱਤਾ ਗਿਆ | ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ ਅਤੇ ਰਸ਼ਪਾਲ ਸਿੰਘ ਨੇ ਦੱਸਿਆ ਕੇ ਬਹੁਤ ਸਾਰੇ ਅਧਿਆਪਕ ਆਪਣੀ ਪ੍ਰਾਈਵੇਟ ਨੌਕਰੀ ਵੀ ਛੱਡ ਚੁੱਕੇ ਹਨ, ਜਿਸ ਕਾਰਨ ਉਹ ਭਾਰੀ ਮਾਨਸਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੇ ਹਨ |
ਇਸ ਮੌਕੇ ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ, ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ, ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਦੇਵੀ ਦਿਆਲ, ਫਕੀਰ ਚੰਦ ਟਿੱਬਾ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵੀ ਅਧਿਆਪਕਾਂ ਨੂੰ ਸਮਰਥਨ ਦਿੱਤਾ | ਇਸ ਮੌਕੇ ਮਾਲਵਿੰਦਰ ਸਿੰਘ ਬਰਨਾਲਾ, ਇੰਦਰਾਜ ਅਬੋਹਰ, ਇਕਬਾਲ ਮਾਲੇਰਕੋਟਲਾ, ਗੁਰਮੇਲ ਸਿੰਘ ਕੁਲਰੀਆਂ, ਹਰਦੀਪ ਬਠਿੰਡਾ, ਅਲਕਾ ਫਗਵਾੜਾ, ਗੁਰਜੀਤ ਕੌਰ ਸੰਗਰੂਰ, ਸੰਦੀਪ ਗੁਰੀ, ਅਮਿਤ ਸੰਗਰੂਰ, ਖੁਸ਼ਦੀਪ ਸੰਗਰੂਰ, ਰਿੰਕੂ ਕੰਬੋਜ, ਬਲਕਾਰ ਬੁਢਲਾਡਾ, ਗੁਰਪਾਲ ਮਾਨਸਾ, ਸੰਦੀਪ ਫਿਰੋਜ਼ਪੁਰ, ਗੁਰਸੇਵਕ ਤਰਨ ਤਾਰਨ, ਲਵਪ੍ਰੀਤ ਕੰਬੋਜ, ਗਗਨ ਸੰਧਵਾਂ ਫਰੀਦਕੋਟ ਆਦਿ ਅਧਿਆਪਕ ਹਾਜ਼ਰ ਸਨ |





