ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ ਪੀ ਯੂ) ਦੇ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜ਼ਨਾਹ ਦੀ ਅਫਵਾਹ ਨੂੰ ਲੈ ਕੇ ਪੈਦਾ ਹੋਈ ਸਥਿਤੀ ਦੌਰਾਨ ਸਵਾਲਾਂ ਦੇ ਮੌਕੇ ਸਿਰ ਜਵਾਬ ਨਾ ਮਿਲਣ ‘ਤੇ ਵਿਦਿਆਰਥੀ ਸਨਿੱਚਰਵਾਰ ਰਾਤ ਭੜਕ ਗਏ | ਰਾਤ ਭਰ ਚੱਲੇ ਪ੍ਰਦਰਸ਼ਨਾਂ, ਭੰਨਤੋੜ ਅਤੇ ਹਾਈਵੇ ਜਾਮ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਨੇ ਹਰਕਤ ਵਿੱਚ ਆ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕਰਦਿਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ | ਯੂਨੀਵਰਸਿਟੀ ਦੇ ਕੈਂਪਸ ਵਿੱਚ ਬਣਾਈਆਂ ਗਈਆਂ ਵੀਡੀਓਜ਼ ਵਿੱਚ ਵੱਡੇ ਪੱਧਰ ‘ਤੇੇ ਪ੍ਰਦਰਸ਼ਨ ਨਜ਼ਰ ਆਇਆ | ਐਤਵਾਰ ਹਾਈਵੇਅ ਜਾਮ ਹੋਣ ਕਾਰਨ ਲੋਕ ਕਾਫੀ ਪ੍ਰੇਸ਼ਾਨ ਹੋਏ |
ਮੀਡੀਆ ਨਾਲ ਗੱਲ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕਿਹਾ ਕਿ ਗੁੱਸਾ ਯੂਨੀਵਰਸਿਟੀ ਦੇ ਹੋਸਟਲ ਵਿੱਚ ਇੱਕ ਬਾਹਰੀ ਕਰਮਚਾਰੀ ਵੱਲੋਂ ਕਥਿਤ ਤੌਰ ‘ਤੇ ਇੱਕ ਕੁੜੀ ਨਾਲ ਜਬਰ-ਜ਼ਨਾਹ ਕਰਨ ਦੇ ਖਿਲਾਫ ਸੀ | ਵਿਦਿਆਰਥੀ ਵਾਰੋ-ਵਾਰੀ ਕਥਿਤ ਜਬਰ-ਜ਼ਨਾਹ ਲਈ ਇੱਕ ਪੇਂਟਰ ਅਤੇ ਇੱਕ ਪਲੰਬਰ ਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ | ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਗੁੱਸਾ ਪੀੜਤਾ ਬਾਰੇ ਫਾਲੋ-ਅੱਪ ‘ਤੇ ਜਾਣਕਾਰੀ ਦੀ ਘਾਟ ਕਾਰਨ ਭੜਕਿਆ | ਇੱਕ ਵਿਦਿਆਰਥੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘ਹਰ ਹੋਸਟਲ ਦੇ ਵਿਦਿਆਰਥੀਆਂ—ਕੁੜੀਆਂ ਅਤੇ ਮੁੰਡਿਆਂ ਦੋਵਾਂ ਨੇ ਪਹਿਲਾਂ ਕੈਂਪਸ ਵਿੱਚ ਸ਼ਾਂਤਮਈ ਪ੍ਰਦਰਸ਼ਨ ਕੀਤਾ, ਪਰ ਹਾਲਾਤ ਉਦੋਂ ਵਿਗੜ ਗਏ, ਜਦੋਂ ਸਾਨੂੰ ਮਹਿਸੂਸ ਹੋਇਆ ਕਿ ਸਾਡੀਆਂ ਸ਼ਿਕਾਇਤਾਂ ਨਹੀਂ ਸੁਣੀਆਂ ਜਾ ਰਹੀਆਂ |’
ਇੱਕ ਵਿਦਿਆਰਥਣ ਨੇ ਕਿਹਾ, ‘ਕੈਂਪਸ ਵਿੱਚ ਬੇਮਿਸਾਲ ਸੁਰੱਖਿਆ ਹੈ ਅਤੇ ਆਮ ਤੌਰ ‘ਤੇ ਇਕੱਠੇ ਬੈਠੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਜਾਂਦੀ ਹੈ, ਪਰ ਸਾਡਾ ਸਵਾਲ ਇਹ ਹੈ ਕਿ ਇਸ ਸੁਰੱਖਿਆ ਦੇ ਵਿਚਕਾਰ, ਇੱਕ ਬਾਹਰੀ ਕਰਮਚਾਰੀ ਨੇ ਹੋਸਟਲ ਦੀ ਇੱਕ ਵਿਦਿਆਰਥਣ ਨਾਲ ਕਿਵੇਂ ਜਬਰ-ਜ਼ਨਾਹ ਕੀਤਾ | ਪੇਂਟਰਾਂ ਅਤੇ ਅਜਿਹੇ ਕਰਮਚਾਰੀਆਂ ਨੂੰ ਕੈਂਪਸ ਵਿੱਚ ਜਾਂ ਕੁੜੀਆਂ ਦੇ ਹੋਸਟਲ ਦੇ ਨੇੜੇ ਦੇਰ ਰਾਤ ਤੱਕ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ |’
ਇੱਕ ਵਾਰ ਸ਼ਾਂਤ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਐਤਵਾਰ ਦੁਪਹਿਰ ਮੁੜ ਹਾਈਵੇ ‘ਤੇ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਐੱਫ ਆਈ ਆਰ ਦੀ ਇੱਕ ਕਾਪੀ ਉਨ੍ਹਾਂ ਨਾਲ ਸਾਂਝੀ ਕੀਤੀ ਜਾਵੇ | ਵਿਦਿਆਰਥੀਆਂ ਨੇ ਸ਼ੁਰੂ ਵਿੱਚ ਰਾਤ ਨੂੰ ਪੁਲਸ ਵੱਲੋਂ ਕਥਿਤ ਵਿਹਾਰ ‘ਤੇ ਵੀ ਸ਼ੰਕੇ ਪ੍ਰਗਟ ਕੀਤੇ ਸਨ, ਸਵੇਰੇ ਮਾਮਲਾ ਸ਼ਾਂਤ ਹੋ ਗਿਆ, ਜਦੋਂ ਜਲੰਧਰ ਰੇਂਜ ਦੇ ਡੀ ਆਈ ਜੀ ਨਵੀਨ ਸਿੰਗਲਾ ਨੇ ਖੁਦ ਕੈਂਪਸ ਵਿੱਚ ਆ ਕੇ ਵਿਦਿਆਰਥੀਆਂ ਨੂੰ ਸਖਤ ਕਾਰਵਾਈ ਦਾ ਭਰੋਸਾ ਦਿੱਤਾ | ਫਗਵਾੜਾ ਦੀ ਸਤਨਾਮਪੁਰਾ ਪੁਲਸ ਨੇ ਇੱਕ ਵਿਦਿਆਰਥਣ ਦੀ ਸ਼ਿਕਾਇਤ ‘ਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 64 ਤਹਿਤ ਇੱਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ |
ਜਲੰਧਰ ਰੇਂਜ ਦੇ ਡੀ ਆਈ ਜੀ ਨਵੀਨ ਸਿੰਗਲਾ ਨੇ ਕਿਹਾ ਕਿ ਵਿਦਿਆਰਥਣ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ‘ਤੇ ਜਾਂਚ ਅੱਗੇ ਵਧੇਗੀ | ਪੁਲਸ ਵੱਲੋਂ ਜਾਂਚ ਦੇ ਹਿੱਸੇ ਵਜੋਂ ਸੰਬੰਧਤ ਤਕਨੀਕੀ ਅਤੇ ਫੋਰੈਂਸਿਕ ਸਮੱਗਰੀ ਦੀ ਜਾਂਚ ਕੀਤੇ ਜਾਣ ਦੀ ਉਮੀਦ ਹੈ |
ਪੰਜਾਬ ਪੁਲਸ ਨੇ ਸਪੈਸ਼ਲ ਡਾਇਰੈਕਟਰ ਜਨਰਲ (ਲਾਅ ਐਂਡ ਆਰਡਰ) ਪ੍ਰਵੀਨ ਕੁਮਾਰ ਸਿਨਹਾ ਦੀ ਅਗਵਾਈ ਹੇਠ ਚਿਤਕਾਰਾ ਯੂਨੀਵਰਸਿਟੀ ਅਤੇ ਲਵਲੀ ਯੂਨੀਵਰਸਿਟੀ ਦੇ ਕੈਂਪਸਾਂ ਵਿੱਚ ਹੋਈ ਹਿੰਸਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਡੀ ਜੀ ਪੀ ਸਿਨਹਾ ਨੇ ਕਿਹਾ, ‘ਦੋਵਾਂ ਕੈਂਪਸਾਂ ਵਿੱਚ ਹੋਈ ਬੇਵਜ੍ਹਾ ਹਿੰਸਾ ਦਾ ਆਪਸ ਵਿੱਚ ਕੋਈ ਸੰਬੰਧ ਨਹੀਂ | ਭੀੜ ਦੇ ਇਸ ਉਛਾਲ ਦੇ ਆਗੂ ਵਜੋਂ ਕਿਸੇ ਵੀ ਵਿਅਕਤੀਗਤ ਵਿਦਿਆਰਥੀ ਦੀ ਪਛਾਣ ਨਹੀਂ ਕੀਤੀ ਜਾ ਸਕਦੀ | ਅਸੀਂ ਇਸ ਮਾਮਲੇ ਵਿੱਚ ਅਚਾਨਕ ਹੋਏ ਇਸ ਵਾਧੇ ਦੇ ਸਾਰੇ ਸੰਭਾਵੀ ਕਾਰਨਾਂ ‘ਤੇ ਕੰਮ ਕਰ ਰਹੇ ਹਾਂ | ਅਸੀਂ ਇਸ ਦਾ ਕੀ ਅਰਥ ਹੋ ਸਕਦਾ ਹੈ, ਇਹ ਸਮਝਣ ਲਈ ਇਨ੍ਹਾਂ ਦੋਵਾਂ ਘਟਨਾਵਾਂ ਵਿਚਕਾਰ ਕੋਈ ਸੰਬੰਧ ਸਥਾਪਤ ਕਰਨ ‘ਤੇ ਵੀ ਕੰਮ ਕਰ ਰਹੇ ਹਾਂ |’ ਡੀ ਆਈ ਜੀ ਸਿੰਗਲਾ ਨੇ ਫਗਵਾੜਾ ਦੇ ਐੱਸ ਪੀ ਮੇਜਰ ਸਿੰਘ, ਡੀ ਐੱਸ ਪੀ ਪਲਵਿੰਦਰ ਸਿੰਘ ਅਤੇ ਇੱਕ ਮਹਿਲਾ ਪੁਲਸ ਇੰਸਪੈਕਟਰ ਤੋਂ ਇਲਾਵਾ ਵਿਦਿਆਰਥੀਆਂ ਦੇ ਪ੍ਰਤੀਨਿਧਾਂ ਨੂੰ ਸ਼ਾਮਲ ਕਰਕੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਦਾ ਗਠਨ ਕੀਤਾ ਹੈ | ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, ‘ਮੁੱਢਲੀਆਂ ਰਿਪੋਰਟਾਂ ਤੋਂ ਸੰਕੇਤ ਮਿਲਿਆ ਹੈ ਕਿ ਐੱਫ ਆਈ ਆਰ ਵਿੱਚ ਜਿਸ ਥਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ, ਉੱਥੇ ਕੋਈ ਜਬਰ-ਜ਼ਨਾਹ ਨਹੀਂ ਹੋਇਆ | ਮੌਕੇ ‘ਤੇ ਤਿੰਨ ਕੁੜੀਆਂ ਸਨ ਅਤੇ ਉਨ੍ਹਾਂ ਵਿੱਚੋਂ ਕਿਸੇ ਨਾਲ ਵੀ ਜਬਰ-ਜ਼ਨਾਹ ਨਹੀਂ ਹੋਇਆ ਸੀ, ਇਸ ਗੱਲ ਦੀ ਪੁਸ਼ਟੀ ਹੋ ਗਈ ਹੈ | ਅਸੀਂ ਇਨ੍ਹਾਂ ਘਟਨਾਵਾਂ ਦੇ ਸੰਭਾਵੀ ਮਕਸਦ ਬਾਰੇ ਸਪੱਸ਼ਟ ਨਹੀਂ ਹਾਂ, ਇਸ ਲਈ ਅਸਲ ਮੁੱਦੇ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ |’ ਪੁਲਸ ਇਸ ਸੰਭਾਵਨਾ ਨੂੰ ਵੀ ਰੱਦ ਨਹੀਂ ਕਰ ਰਹੀ ਕਿ ਕੋਈ ਪ੍ਰੇਰਿਤ ਚਿਹਰਾ ਜਾਂ ਗਰੁੱਪ ਇਸ ਮੁੱਦੇ ‘ਤੇ ਨਿੱਜੀ ਕਾਰਨਾਂ ਕਰਕੇ ਵਿਦਿਆਰਥੀਆਂ ਦੀ ਵਰਤੋਂ ਕਰ ਰਿਹਾ ਹੋਵੇ, ਜੋ ਕਿ ਬਹੁਤ ਖਤਰਨਾਕ ਹੋ ਸਕਦਾ ਹੈ | ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਦਿੱਲੀ ਵਿੱਚ ਹਾਲ ਹੀ ਵਿੱਚ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੀ ਲਹਿਰ, ਜਿਸ ਦਾ ਅੰਤ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਨਾਲ ਹੋਇਆ, ਨੇ ਬੇਚੈਨ ਵਿਦਿਆਰਥੀਆਂ ਨੂੰ ਹਿੰਸਾ ਲਈ ਪ੍ਰੇਰਿਤ ਕੀਤਾ ਹੈ | ਵਿਦਿਆਰਥੀ ਰਾਜ ਵਿੱਚ ਸਿੱਖਿਆ ਪ੍ਰਤੀ ਅਸੰਤੁਸ਼ਟੀ ਅਤੇ ਉਨ੍ਹਾਂ ਦੇ ਸਿੱਖਿਆ ਹੁਨਰ ਨਾਲ ਮੇਲ ਖਾਂਦੇ ਰੁਜ਼ਗਾਰ ਦੇ ਬਹੁਤ ਘੱਟ ਮੌਕਿਆਂ ਨੂੰ ਲੈ ਕੇ ਯਕੀਨਨ ਬੇਚੈਨ ਹਨ |’
ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਅਗਲੇ ਸਾਲ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਕਰ ਰਹੀਆਂ ਹਨ, ਇਸ ਲਈ ਸਿਆਸੀ ਮਾਹਰ ਸੰਭਾਵੀ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਉਨ੍ਹਾਂ ਨੂੰ ਭੜਕਾਉਣ ਵਿੱਚ ਨਿੱਜੀ ਹਿੱਤਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕਰ ਰਹੇ |





