ਵਿਸ਼ਵ ਗੁਰੂ ਹੁਣ ਤਾਨਾਸ਼ਾਹੀ ਸੂਚਕ ਅੰਕ ਵਿੱਚ ਵੀ ਬਾਜ਼ੀ ਮਾਰ ਗਿਆ ਹੈ | ਭਾਰਤ ਵਿਸ਼ਵ ਇੰਮੁਨਿਟੀ ਇੰਡੈਕਸ ਵਿੱਚ 46ਵੇਂ ਥਾਂ ਪੁੱਜ ਚੁੱਕਾ ਹੈ | ਇੰਮੁਨਿਟੀ ਦਾ ਮਤਲਬ ਨਿਰੰਕੁਸ਼ ਰਾਜ ਯਾਨੀ ਤਾਨਾਸ਼ਾਹੀ ਹੁੰਦਾ ਹੈ | ਅਜਿਹੀ ਸਰਕਾਰ ਨੂੰ ਨਿਰੰਕੁਸ਼ ਸਰਕਾਰ ਕਿਹਾ ਜਾਂਦਾ ਹੈ, ਜਿਹੜੀ ਬੇਹੱਦ ਕੇਂਦਰਵਾਦੀ, ਸੁਰੱਖਿਆ ਬਲਾਂ ਦੇ ਆਸਰੇ ਦਮਨਕਾਰੀ ਨੀਤੀਆਂ ਉੱਤੇ ਚਲਦੀ ਹੈ, ਜਿੱਥੇ ਕਾਨੂੰਨ ਵਿਵਸਥਾ ਦੇ ਦੋ ਮੂੰਹ ਹੁੰਦੇ ਹਨ | ਅਡਾਨੀ ਉੱਤੇ ਲੱਗੇ ਦੋਸ਼ਾਂ ਦਾ ਸਰਕਾਰ ਬਚਾਅ ਕਰਦੀ ਹੈ, ਦੂਜੇ ਪਾਸੇ ਬੀ ਬੀ ਸੀ ਵੱਲੋਂ ਮੋਦੀ ਬਾਰੇ ਡਾਕੂਮੈਂਟਰੀ ਦਿਖਾਵੇ ਜਾਣ ਉੱਤੇ ਉਸ ਦੇ ਦਫਤਰਾਂ ਉੱਤੇ ਛਾਪੇ ਸ਼ੁਰੂ ਹੋ ਜਾਂਦੇ ਹਨ | ਭਾਜਪਾ ਸਮਰਥਕ ਗੁੰਡੇ ਤੇ ਸਾਧ ਵਿਰੋਧੀਆਂ ਨੂੰ ਮਾਰਨ-ਕੱਟਣ ਦੀਆਂ ਧਮਕੀਆਂ ਦਿੰਦੇ ਹਨ, ਪਰ ਉਹ ਭੜਕਾਊ ਭਾਸ਼ਣ ਨਹੀਂ ਹੁੰਦਾ, ਦੂਜੇ ਪਾਸੇ ਫਿਰਕੂ ਸਦਭਾਵਨਾ ਦੀ ਗੱਲ ਕਰਨ ਵਾਲਿਆਂ ਨੂੰ ਦੇਸ਼ ਧ੍ਰੋਹੀ ਕਰਾਰ ਦੇ ਦਿੱਤਾ ਜਾਂਦਾ ਹੈ |
ਇੰਗਲੈਂਡ ਦੇ ਸਾਬਕਾ ਵਿਦੇਸ਼ ਮੰਤਰੀ ਡੇਵਿਡ ਮਿਲੀਬੰਦ ਅਤੇ ਯੂਨੀਵਰਸਿਟੀ ਆਫ ਬਿਊਨਿਸ ਆਇਰਸ ਦੀ ਪ੍ਰੋਫੈਸਰ ਮੋਨਿਕਾ ਪਿੰਟੋ ਨੇ ਯੂਰੇਸ਼ੀਆ ਗਰੁੱਪ ਤੇ ਸ਼ਿਕਾਗੋ ਕੌਂਸਲ ਆਫ ਗਲੋਬਲ ਅਫੇਅਰ ਨਾਲ ਮਿਲ ਕੇ ਦੁਨੀਆ ਦਾ ਪਹਿਲਾ ਨਿਰੰਕੁਸ਼ ਸੱਤਾ ਇੰਡੈਕਸ ਜਾਰੀ ਕੀਤਾ ਹੈ | ਇਸ ਵਿੱਚ 163 ਦੇਸ਼ਾਂ ਦੀ ਪੁਜ਼ੀਸ਼ਨ ਦੱਸੀ ਗਈ ਹੈ | ਇਸ ਵਿੱਚ ਸਭ ਤੋਂ ਨਿਰੰਕੁਸ਼ ਦੇੇਸ਼ ਨੂੰ ਪਹਿਲਾ ਤੇ ਸਭ ਤੋਂ ਘੱਟ ਨੂੰ ਅੰਤਮ ਸਥਾਨ ਉੱਤੇ ਰੱਖਿਆ ਗਿਆ ਹੈ | ਇਸ ਇੰਡੈਕਸ ਦਾ ਪੈਮਾਨਾ ਮਨੁੱਖੀ ਅਧਿਕਾਰਾਂ ਨੂੰ ਕੁਚਲਣ, ਬਿਨਾਂ ਜਵਾਬਦੇਹੀ ਵਾਲੀ ਸੱਤਾ, ਹਿੰਸਾ, ਸੱਤਾ ਦਾ ਦੁਰਉਪਯੋਗ, ਆਰਥਕ ਸ਼ੋਸ਼ਣ ਤੇ ਵਾਤਾਵਰਣ ਦੀ ਤਬਾਹੀ ਸਮੇਤ 69 ਪੈਰਾਮੀਟਰਾਂ ਨੂੰ ਬਣਾਇਆ ਗਿਆ ਹੈ | ਹਰੇਕ ਦੇਸ਼ ਨੂੰ 0 ਤੋਂ 5 ਅੰਕ ਦਿੱਤੇ ਗਏ ਹਨ | ਸਭ ਤੋਂ ਵੱਧ ਅੰਕ ਦਾ ਮਤਲਬ ਸਭ ਤੋਂ ਵੱਧ ਨਿਰੰਕੁਸ਼ ਸੱਤਾ, ਸਭ ਤੋਂ ਘੱਟ ਅੰਕ ਯਾਨੀ ਜ਼ਿੰਮੇਵਾਰ ਲੋਕਤੰਤਰੀ ਸੱਤਾ ਹੈ | ਇਸ ਸੂਚੀ ਵਿੱਚ ਪਹਿਲੇ ਸਥਾਨ ਉੱਤੇ ਅਫਗਾਨਿਸਤਾਨ ਹੈ, ਜਿਸ ਨੂੰ 4.25 ਅੰਕ ਦਿੱਤੇ ਗਏ ਹਨ ਤੇ ਸਭ ਤੋਂ ਘੱਟ ਅੰਕ ਫਿਨਲੈਂਡ ਦੇ 0.29 ਹਨ |
ਅਖੌਤੀ ਵਿਸ਼ਵ ਗੁਰੂ, ਦੁਨੀਆ ਦੇ ਲੋਕਤੰਤਰ ਦੀ ਮਾਂ ਤੇ ਅੰਮਿ੍ਤ ਕਾਲ ਦੌਰਾਨ ਜੀ-20 ਦੇਸ਼ਾਂ ਦੀ ਪ੍ਰਧਾਨਗੀ ਦਾ ਜਸ਼ਨ ਮਨਾ ਰਿਹਾ ਭਾਰਤ 2.89 ਅੰਕਾਂ ਨਾਲ 46ਵੇਂ ਸਥਾਨ ਉੱਤੇ ਬਿਰਾਜਮਾਨ ਹੈ | ਇਸ ਇੰਡੈਕਸ ਵਿੱਚ ਸਮਾਜਕ ਹਿੰਸਾ ਬਾਰੇ ਸਾਡਾ ਦੇਸ਼ 7ਵੇਂ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਬਾਰੇ 37ਵੇਂ ਤੇ ਵਾਤਾਵਰਣ ਦੀ ਤਬਾਹੀ ਬਾਰੇ 20ਵੇਂ ਸਥਾਨ ਉੱਤੇ ਹੈ |
ਸਾਡੇ ਨਾਲੋਂ ਘੱਟ ਨਿਰੰਕੁਸ਼ ਦੇਸ਼ਾਂ ਵਿੱਚ ਫਿਨਲੈਂਡ ਤੋਂ ਇਲਾਵਾ ਡੈਨਮਾਰਕ, ਸਵੀਡਨ, ਨਾਰਵੇ, ਜਰਮਨੀ, ਆਇਰਲੈਂਡ, ਆਸਟਰੀਆ, ਸਵਿਜ਼ਰਲੈਂਡ ਤੇ ਨਿਊਜ਼ੀਲੈਂਡ ਆਦਿ ਹਨ | ਜਿਹੜੇ ਦੇਸ਼ ਸਾਥੋਂ ਵੀ ਵੱਧ ਨਿਰੰਕੁਸ਼ ਹਨ, ਉਹਨਾਂ ਵਿੱਚ ਅਫਗਾਨਿਸਤਾਨ ਤੋਂ ਇਲਾਵਾ ਸੀਰੀਆ, ਯਮਨ, ਮਿਆਂਮਾਰ, ਸੈਂਟਰਲ ਅਫਰੀਕਨ ਰਿਪਬਲਿਕ, ਸੁਡਾਨ, ਇਰਾਕ, ਬਰੂੰਡੀ, ਕਾਂਗੋ ਤੇ ਚਾਡ ਸ਼ਾਮਲ ਹਨ | ਸਾਡੇ ਗੁਆਂਢੀ ਦੇਸ਼ਾਂ ਵਿੱਚੋਂ ਪਾਕਿਸਤਾਨ 16ਵੇਂ ਤੇ ਬੰਗਲਾਦੇਸ਼ 20ਵੇਂ ਸਥਾਨ ਉੱਤੇ ਰਹਿੰਦਿਆਂ ਸਾਥੋਂ ਵੀ ਬਦਤਰ ਹਨ | ਸ੍ਰੀਲੰਕਾ, ਨੇਪਾਲ ਤੇ ਭੁਟਾਨ ਦੀ ਸਥਿਤੀ ਸਾਥੋਂ ਬੇਹਤਰ ਹੈ |
ਸਪੱਸ਼ਟ ਹੈ ਕਿ ਮਨੁੱਖੀ ਅਧਿਕਾਰਾਂ ਬਾਰੇ ਹਰ ਇੰਡਕੈਸ ਵਿੱਚ ਅਸੀਂ ਹੇਠਾਂ ਤੋਂ ਹੇਠਾਂ ਨੂੰ ਜਾ ਰਹੇ ਹਾਂ | ਇਹ ਇਸ ਗੱਲ ਤੋਂ ਵੀ ਸਪੱਸ਼ਟ ਹੈ ਕਿ ਅਜਿਹੀਆਂ ਖਬਰਾਂ ਨੂੰ ਗੋਦੀ ਮੀਡੀਆ ਗਾਇਬ ਕਰ ਦਿੰਦਾ ਹੈ | ਇਹ ਤੱਥ ਜਦੋਂ ਵਿਦੇਸ਼ੀ ਮੀਡੀਆ ਵਿੱਚ ਸਾਹਮਣੇ ਆਉਂਦੇ ਹਨ ਤਾਂ ਇਸ ਨੂੰ ਸੱਤਾਧਾਰੀਆਂ ਵੱਲੋਂ ਭਾਰਤ ਵਿਰੁੱਧ ਵਿਦੇਸ਼ੀ ਸਾਜਿਸ਼ ਕਰਾਰ ਦੇ ਦਿੱਤਾ ਜਾਂਦਾ ਹੈ |





