ਮੁੰਬਈ : ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਆਗੂ ਸੰਜੈ ਰਾਊਤ ਨੇ ਦੋਸ਼ ਲਾਇਆ ਹੈ ਕਿ ਸ਼ਿਵ ਸੈਨਾ ਦਾ ਨਾਂਅ ਤੇ ਚੋਣ ਨਿਸ਼ਾਨ ‘ਤੀਰ-ਕਮਾਨ’ ਦੀ ਖਰੀਦ ਲਈ 2000 ਕਰੋੜ ਰੁਪਏ ‘ਚ ਸੌਦਾ ਹੋਇਆ ਹੈ | ਇਸੇ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਗਰੁੱਪ ਦੇ ਵਿਧਾਇਕ ਸਦਾ ਸਰਵੰਕਾਰ ਨੇ ਇਸ ਦੋਸ਼ ਨੂੰ ਨਕਾਰਦਿਆਂ ਸਵਾਲ ਕੀਤਾ ਕਿ ਕੀ ਸੰਜੈ ਰਾਊਤ ਖਜ਼ਾਨਚੀ ਹੈ | ਇਸ ਦੇ ਜਵਾਬ ‘ਚ ਰਾਊਤ ਨੇ ਕਿਹਾ ਕਿ ਇਸ ਸੌਦੇ ਬਾਰੇ ਉਨ੍ਹਾ ਕੋਲ ਸਬੂਤ ਹੈ, ਜੋ ਕਿ ਛੇਤੀ ਹੀ ਜਨਤਕ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਗਰੁੱਪ ਨੂੰ ਅਸਲੀ ਸ਼ਿਵ ਸੈਨਾ ਦੱਸਦਿਆਂ ‘ਤੀਰ-ਕਮਾਨ’ ਚੋਣ ਨਿਸ਼ਾਨ ਉਸ ਨੂੰ ਦੇ ਦਿੱਤਾ ਹੈ |
ਰਾਊੁਤ ਨੇ ਕਿਹਾ ਕਿ ਚੋਣ ਕਮਿਸ਼ਨ ਨਾਲ ਵੱਜਿਆ ਦੋ ਹਜ਼ਾਰ ਕਰੋੜ ਰੁਪਏ ਦਾ ਅੰਕੜਾ ਸ਼ੁਰੂਆਤੀ ਹੈ ਤੇ ਇਹ ਸੌ ਫੀਸਦੀ ਸੱਚ ਹੈ | ਉਨ੍ਹਾ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਜਾਣਕਾਰੀ ਉਸ ਨੂੰ ਸੱਤਾਧਾਰੀਆਂ ਦੇ ਕਰੀਬੀ ਬਿਲਡਰ ਨੇ ਦਿੱਤੀ ਹੈ | ਬੇਈਮਾਨ ਲੋਕਾਂ ਦਾ ਗੁੱਟ ਵਿਧਾਇਕ ਖਰੀਦਣ ਲਈ 50 ਕਰੋੜ, ਸਾਂਸਦ ਖਰੀਦਣ ਲਈ 100 ਕਰੋੜ, ਕੌਂਸਲਰ ਖਰੀਦਣ ਲਈ ਇਕ ਕਰੋੜ ਤੇ ਸ਼ਾਖਾ ਪ੍ਰਮੁੱਖ ਖਰੀਦਣ ਲਈ 50 ਲੱਖ ਰੁਪਏ ਖਰਚ ਕਰ ਸਕਦਾ ਹੈ | ਤੁਸੀਂ ਅੰਦਾਜ਼ਾ ਲਾਓ ਉਹ ਪਾਰਟੀ ਦਾ ਨਿਸ਼ਾਨ ਤੇ ਨਾਂਅ ਹਾਸਲ ਕਰਨ ਲਈ ਕਿੰਨੀ ਬੋਲੀ ਲਾ ਸਕਦਾ ਹੈ |
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਬਿਆਨ ਕਿ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਨੇ ਵਿਪਰੀਤ ਵਿਚਾਰਧਾਰਾ ਵਾਲਿਆਂ ਦੇ ਤਲਵੇ ਚੱਟੇ, ਦੇ ਜਵਾਬ ਵਿਚ ਰਾਊਤ ਨੇ ਕਿਹਾ ਕਿ ਵਰਤਮਾਨ ਮੁੱਖ ਮੰਤਰੀ ਕਿਹਦੇ ਤਲਵੇ ਚੱਟ ਰਹੇ ਹਨ | ਉਨ੍ਹਾ ਕਿਹਾ ਕਿ ਸ਼ਾਹ ਕੀ ਬੋਲਦੇ ਹਨ ਉਸ ਨੂੰ ਮਹਾਰਾਸ਼ਟਰ ਅਹਿਮੀਅਤ ਨਹੀਂ ਦਿੰਦਾ | ਵਰਤਮਾਨ ਮੁੱਖ ਮੰਤਰੀ ਦਾ ਛਤਰਪਤੀ ਸ਼ਿਵਾ ਜੀ ਮਹਾਰਾਜ ਦੇ ਨਾਂਅ ‘ਤੇ ਕੋਈ ਹੱਕ ਨਹੀਂ | ਸੱਚ ਖਰੀਦਣ ਵਾਲਿਆਂ ਦਾ ਜਵਾਬ ਲੋਕ ਦੇਣਗੇ | ਸ਼ਾਹ ਨੇ ਸ਼ਨੀਵਾਰ ਕਿਹਾ ਸੀ ਕਿ ਚੋਣ ਕਮਿਸ਼ਨ ਵੱਲੋਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ਨੂੰ ਅਸਲੀ ਸ਼ਿਵ ਸੈਨਾ ਐਲਾਨਣ ਤੋਂ ਬਾਅਦ ਵਿਪਰੀਤ ਵਿਚਾਰਧਾਰਾਵਾਂ ਵਾਲਿਆਂ ਦੇ ਤਲਵੇ ਚੱਟਣ ਵਾਲਿਆਂ ਨੂੰ ਪਤਾ ਲੱਗ ਗਿਆ ਹੈ ਕਿ ਸੱਚ ਕਿਸ ਧਿਰ ਨਾਲ ਹੈ | ਊਧਵ ਠਾਕਰੇ ਦਾ ਨਾਂਅ ਲਏ ਬਿਨਾਂ ਸ਼ਾਹ ਨੇ ਇਹ ਵੀ ਕਿਹਾ ਸੀ ਕਿ 2019 ਦੀਆਂ ਅਸੰਬਲੀ ਚੋਣਾਂ ਦੌਰਾਨ ਸ਼ਿਵ ਸੈਨਾ ਤੇ ਭਾਜਪਾ ਵਿਚਾਲੇ ਢਾਈ-ਢਾਈ ਸਾਲ ਦੇ ਮੁੱਖ ਮੰਤਰੀ ਬਣਾਉਣ ਦਾ ਕੋਈ ਸਮਝੌਤਾ ਨਹੀਂ ਹੋਇਆ ਸੀ | ਚੋਣਾਂ ਤੋਂ ਬਾਅਦ ਠਾਕਰੇ ਨੇ ਭਾਜਪਾ ਨਾਲੋਂ ਗੱਠਜੋੜ ਤੋੜ ਕੇ ਕਾਂਗਰਸ ਤੇ ਐੱਨ ਸੀ ਪੀ ਨਾਲ ਰਲ ਕੇ ਸਰਕਾਰ ਬਣਾ ਲਈ ਸੀ, ਜਿਹੜੀ ਸ਼ਿੰਦੇ ਦੀ ਬਗਾਵਤ ਤੱਕ ਪਿਛਲੇ ਸਾਲ ਜੂਨ ਤੱਕ ਚੱਲਦੀ ਰਹੀ ਸੀ |