ਮਾਨਸਾ (ਰੀਤਵਾਲ)
ਉੱਘੇ ਦੇਸ਼ ਭਗਤ ਪਰਜਾ ਮੰਡਲ ਲਹਿਰ ਦੇ ਮੋਢੀ ਕਾਮਰੇਡ ਜੰਗੀਰ ਸਿੰਘ ਜੋਗਾ ਦੀ ਸੋਮਵਾਰ 20ਵੀਂ ਬਰਸੀ ਉਨ੍ਹਾਂ ਦੇ ਜੱਦੀ ਪਿੰਡ ਜੋਗਾ ਵਿਖੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ | ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਆਗੂ ਕਾਮਰੇਡ ਸ਼ੇਰ ਸਿੰਘ ਫੌਜੂਕਾ, ਸੀ.ਪੀ.ਆਈ ਆਗੂ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਕਿ੍ਸ਼ਨ ਚੌਹਾਨ ਅਤੇ ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਗੁਰਮੀਤ ਜੋਗਾ ਵੱਲੋਂ ਇਨਕਲਾਬੀ ਨਾਹਰਿਆਂ ਦੀ ਗੂੰਜ ਨਾਲ ਨਿਭਾਈ ਗਈ | ਬਰਸੀ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਕਾਮਰੇਡ ਜੰਗੀਰ ਸਿੰਘ ਜੋਗਾ ਵਰਗੇ ਸ਼ਹੀਦਾਂ ਦੀ ਸੋਚ ਨੂੰ ਬਚਾਉਣ ਦੀ ਸਾਨੂੰ ਲੋੜ ਹੈ | ਉਨ੍ਹਾ ਕਿਹਾ ਕਿ ਫਿਰਕੂ ਤਾਕਤਾਂ ਦੇਸ਼ ਦੇ ਭਾਈਚਾਰੇ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਹੀਂ ਕੀਤਾ ਜਾਵੇਗਾ | ਉਨ੍ਹਾ ਕਿਹਾ ਕਿ ਸਾਡੇ ਅਜ਼ਾਦ ਭਾਰਤ ਵਿੱਚ ਫਿਰਕਾਪ੍ਰਸਤ ਅਤੇ ਰਾਸ਼ਟਰਵਾਦ ਦੇ ਨਾਅਰੇ ਹੇਠ ਸੰਘ ਪਰਵਾਰ ਵੱਲੋਂ ਦੇਸ਼ ਨੂੰ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਦੇਸ਼ ਦੀਆਂ ਜਮਹੂਰੀ ਸ਼ਕਤੀਆਂ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਇਕੱਠੇ ਹੋਣਾ ਸਮੇਂ ਦੀ ਲੋੜ ਹੈ | ਇਸ ਸਮਾੇ ਆਗੂਆਂ ਨੇ ਸੂਬਾ ਸਰਕਾਰ ਤੇ ਗੈਂਗਸਟਰਾਂ ਨੂੰ ਸੁਰੱਖਿਅਤ ਰੱਖਣ ਕਾਰਨ ਉਹਨਾ ਦੇ ਹੌਸਲਿਆਂ ਨੂੰ ਹੋਰ ਉਤਸ਼ਾਹਤ ਕਰਨ ਤੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਹੌਲ ਪੈਦਾ ਕਰਨ ਦਾ ਦੋਸ਼ ਲਾਇਆ | ਉਹਨਾ ਪੰਜਾਬ ਵਿੱਚੋਂ ਵਿਦੇਸ਼ ਵੱਲ ਜਾਣ ਲਈ ਵਧ ਰਹੀ ਨੌਜਵਾਨ ਪੀੜ੍ਹੀ ਦੇ ਰੁਝਾਨ ‘ਤੇ ਚਿੰਤਾ ਪ੍ਰਗਟ ਕੀਤੀ | ਬਰਸੀ ਮੌਕੇ ਉੱਘੇ ਦੇਸ਼ ਭਗਤਾਂ ਦੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਨੌਜਵਾਨਾਂ ਨੂੰ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ | ਉੱਘੇ ਨਾਟਕਕਾਰ ਮੇਘ ਰਾਜ ਰੱਲਾ ਨੇ ਲੋਕ ਕਲਾ ਮੰਚ ਜ਼ੀਰਾ ਦੇ ਕਲਾਕਾਰ ਸਾਥੀਆਂ ਨਾਲ ਕੋਰੀਓਗਰਾਫੀ ਤੇ ਇਨਕਲਾਬੀ ਨਾਟਕ ਪੇਸ਼ ਕੀਤੇ | ਨਗਰ ਪੰਚਾਇਤ ਜੋਗਾ ਦੇ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਜੋਗਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਲੜਕੀਆਂ ਨੂੰ ਖੇਡਾਂ ਵਿੱਚ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਟੇਜ ਦੀ ਕਾਰਵਾਈ ਕਿ੍ਸ਼ਨ ਚੌਹਾਨ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾ: ਕੁਲਵਿੰਦਰ ਸਿੰਘ ਉੱਡਤ, ਛੱਜੂ ਰਾਮ ਰਿਸ਼ੀ, ਕਾਮਰੇਡ ਜਗਜੀਤ ਸਿੰਘ ਜੋਗਾ, ਇਕਾਈ ਸਕੱਤਰ ਰਾਜਾ ਸਿੰਘ ਗੰਢਾ, ਜਥੇਦਾਰ ਮਲਕੀਤ ਸਿੰਘ, ਕੌਂਸਲਰ ਗੁਰਭੇਜ ਸਿੰਘ, ਗੁਰਚਰਨ ਸਿੰਘ ਕਮੇਟੀ ਮੈਂਬਰ, ਸੁਖਦੇਵ ਸਿੰਘ ਰੇਖੀ, ਸਾਬਕਾ ਪ੍ਰਧਾਨ ਮੇਘਾ ਸਿੰਘ ਅਤੇ ਨਗਰ ਪੰਚਾਇਤ ਜੋਗਾ ਦੇ ਸਮੂਹ ਕੌਂਸਲਰਾਂ ਵੱਲੋਂ ਹਾਜ਼ਰੀ ਲਗਵਾਈ ਗਈ |