ਨਿਹਾਲ ਸਿੰਘ ਵਾਲਾ : ਪਿੰਡ ਖੋਟੇ (ਮੋਗਾ) ਵਿੱਚ ਸਮਾਜ ਦੇ ਸਭ ਤੋਂ ਹੇਠਲੇ ਤੇ ਨਪੀੜੇ (ਦਲਿਤ) ਵਰਗ ਖੇਤ ਮਜਦੂਰਾਂ ਨੂੰ ਚੇਤਨ ਅਤੇ ਜਥੇਬੰਦ ਕਰਨ ਦੀ ਪਹਿਲੀ ਵਾਰ (1954 ਤੋਂ) ਸ਼ੁਰੂਆਤ ਕਰਨ ਵਾਲੇ ਦੇਸ਼ ਭਗਤ, ਹਰਮਨਪਿਆਰੇ ਮਜ਼ਦੂਰ ਆਗੂ ਕਾਮਰੇਡ ਰੁਲਦੂ ਖਾਂ ਦੀ ਸੋਮਵਾਰ 17ਵੀਂ ਬਰਸੀ ਮਨਾਈ ਗਈ | ਮਹਿੰਦਰ ਸਿੰਘ ਧੂੜਕੋਟ ਦੀ ਪ੍ਰਧਾਨਗੀ ਹੇਠ ਅਯੋਜਿਤ ਸਮਾਗਮ ਨੂੰ ਕਮਿਊਨਿਸਟ ਆਗੂ ਜਗਰੂਪ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ |
ਸਮਾਗਮ ਦੀ ਸ਼ੁਰੂਆਤ ‘ਤੇ ਪ੍ਰੋਫੈਸਰ ਮਲਕੀਤ ਸਿੰਘ ਬਰਾੜ ਨੇ ਆਏ ਆਗੂਆਂ ਤੇ ਵਰਕਰਾਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਕਾਮਰੇਡ ਰੁਲਦੂ ਖਾਂ ਸ਼ਾਨਦਾਰ ਮਨੁੱਖ ਸੀ, ਉਹ ਭਾਵੇਂ ਖੁਦ ਵਿਆਹੇ ਨਹੀਂ ਸਨ, ਪਰ ਮੇਰੇ ਸਮੇਤ ਫਰੀਦਕੋਟ ਇਲਾਕੇ ਦੇ ਸਾਡੇ ਸੈਂਕੜੇ ਹਾਣੀ ਉਨ੍ਹਾ ਨੂੰ ਆਪਣੇ ਬਾਪ ਸਮਾਨ ਸਨਮਾਨ ਦਿੰਦੇ ਸਨ | ਉਨ੍ਹਾ ਖੋਟੇ ਵਾਸੀਆਂ ਦਾ ਬਰਸੀ ਲਈ ਆਰਥਕ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ‘ਤੇ ਸ਼ੁਕਰੀਆ ਵੀ ਅਦਾ ਕੀਤਾ |
ਕਾਮਰੇਡ ਰੁਲਦੂ ਖਾਂ ਦੀ ਜੀਵਨੀ ਬਾਰੇ ਗੱਲ ਕਰਦਿਆਂ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਦੇਸ਼ ਵੰਡ ਵੇਲੇ ਭਰ ਜੁਆਨੀ ਵਿੱਚ ਸਨ | ਜਿਸ ਵੇਲੇ ਉਨ੍ਹਾ ਦੇ ਵਿਆਹ ਲਈ ਇੱਕ ਰਿਸ਼ਤਾ ਹੋ ਗਿਆ ਸੀ, ਉਸੇ ਵੇਲੇ ਦੇਸ਼ ਦੀ ਵੰਡ ਦਾ ਐਲਾਨ ਹੋ ਗਿਆ | ਲੜਕੀ ਵਾਲੇ ਪਰਵਾਰ ਨੂੰ ਓਧਰਲੇ ਪਾਰ ਜਾਣਾ ਪਿਆ, ਪਰ ਕਾਮਰੇਡ ਨੇ ਫੈਸਲਾ ਕੀਤਾ ਕਿ ਮੈਂ ਪਾਕਿਸਤਾਨ ਨਹੀਂ ਜਾਵਾਂਗਾ ਅਤੇ ਨਾਲ ਹੀ ਐਲਾਨ ਕੀਤਾ ਕਿ ਹੁਣ ਹੋਰ ਕਿਸੇ ਲੜਕੀ ਨਾਲ ਵਿਆਹ ਵੀ ਨਹੀਂ ਕਰਾਂਗਾ ਤੇ ਸਾਰਾ ਧਿਆਨ ਮਿਹਨਤਕਸ਼ ਲੋਕਾਂ ਨੂੰ ਜੱਥੇਬੰਦ ਕਰਨ ਵੱਲ ਕੇਂਦਰਤ ਕਰਾਂਗਾ | ਉਨ੍ਹਾ ਸਮਾਜਵਾਦੀ ਸਮਾਜ ਦੀ ਸਥਾਪਤੀ ਲਈ ਕਮਿਊਨਿਸਟ ਲਹਿਰ ਵਿੱਚ ਕੰਮ ਕਰਨਾ ਜਾਰੀ ਰਖਦਿਆਂ ਤਹਿ ਕੀਤਾ ਕਿ ਖੇਤਾਂ ਵਿੱਚ ਕਿਰਤ ਸ਼ਕਤੀ ਵੇਚ ਕੇ ਗੁਜ਼ਾਰਾ ਕਰਦੇ ਖੇਤ ਮਜ਼ਦੂਰਾਂ ਨੂੰ ਜਥੇਬੰਦ ਕਰਾਂਗਾ | ਉਨ੍ਹਾ ਫਰੀਦਕੋਟ ਜ਼ਿਲ੍ਹੇ ਦੇ ਖੇਤ ਮਜ਼ਦੂਰਾਂ ਨੂੰ ਏਨੇ ਸ਼ਾਨਦਾਰ ਢੰਗ ਨਾਲ ਜਥੇਬੰਦ ਕੀਤਾ ਕਿ ਇਕੱਲੇ ਜ਼ਿਲ੍ਹੇ ਵਿੱਚੋਂ ਇੱਕ ਲੱਖ ਤੋਂ ਵਧੇਰੇ ਮੈਂਬਰਸ਼ਿਪ ਭਰਤੀ ਦਾ ਰਿਕਾਰਡ ਕਾਇਮ ਕੀਤਾ | ਇਸ ਪ੍ਰਾਪਤੀ ਲਈ ਕਾਮਰੇਡ ਖਾਂ ਨੂੰ ਭਾਰਤੀਆ ਖੇਤ ਮਜ਼ਦੂਰ ਯੂਨੀਅਨ (ਬੀ ਕੇ ਐੱਮ ਯੂ) ਦੇ ਰਾਜਗੀਰ (ਬਿਹਾਰ) ਕੌਮੀ ਅਜਲਾਸ ਵਿੱਚ ਸਨਮਾਨਤ ਵੀ ਕੀਤਾ ਗਿਆ | ਜਗਰੂਪ ਸਿੰਘ ਨੇ ਕਿਹਾ ਕਿ 2024 ਵਿੱਚ ਫਾਸ਼ੀ ਰੁਚੀ ਵਾਲੀ ਤੇ ਭਾਈਚਾਰਕ ਸਾਂਝ ਦੀ ਦੁਸ਼ਮਣ ਕੇਂਦਰ ਸਰਕਾਰ ਨੂੰ ਸੱਤਾ ਤੋਂ ਚੱਲਦੀ ਕਰਨਾ ਭਾਰਤ ਦੀ ਅਣਸਰਦੀ ਲੋੜ ਹੈ, ਜਿਸ ਦੀ ਪ੍ਰਾਪਤੀ ਲਈ ਕੰਮ ਮੰਗਦੇ ਬੇਰੁਜ਼ਗਾਰਾਂ ਲਈ ਕੰਮ ਦੀ ਗਰੰਟੀ ਕਰਦਾ ਕਨੂੰਨ ‘ਬਨੇਗਾ’ ਅਤੇ ਸਾਰੀਆਂ ਫਸਲਾਂ ਤੇ ਫਲਾਂ ਦੀ ਖਰੀਦ ਗਰੰਟੀ ਲਈ ਕੇਰਲਾ ਦੀ ਤਰਜ਼ ‘ਤੇ ‘ਐੱਮ ਐੱਸ ਪੀ’ ਦਾ ਕਨੂੰਨ ਹਰੇਕ ਨੂੰ ਦੱਸ ਹਜ਼ਾਰ ਰੁਪਏ ਮਹੀਨਾ ਪੈਨਸ਼ਨ ਵਰਗੇ ਮੁੱਦਿਆਂ ‘ਤੇ ਲੋਕ ਲਾਮਬੰਦੀ ਕਰਨੀ ਚਾਹੀਦੀ ਹੈ | ਇਸ ਤਰ੍ਹਾਂ ਬਹੁਗਿਣਤੀ ਦੀ ਲਾਮਬੰਦੀ ਕਰਕੇ ਹੀ ਵੰਡਵਾਦੀ ਤਾਕਤਾਂ ਨੂੰ ਹਾਰ ਦਿੱਤੀ ਜਾ ਸਕਦੀ ਹੈ | ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਡੂੰਘੇ ਖੇਤੀ ਅਤੇ ਪਾਣੀ ਸੰਕਟ ਦਾ ਸ਼ਿਕਾਰ ਹੈ | ਕਿਸਾਨ-ਮਜ਼ਦੂਰ ਬੁਰੀ ਤਰ੍ਹਾਂ ਕਰਜ਼ੇ ਦੇ ਜਾਲ ਵਿੱਚ ਫਸ ਚੁੱਕੇ ਹਨ | ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ‘ਤੇ ਪੰਜਾਬ ਨੂੰ ਉਜਾੜੇ ਵੱਲ ਧੱਕਿਆ ਗਿਆ ਹੈ | ਉਨ੍ਹਾ ਫਿਰ ਤੋਂ ਅਜ਼ਾਦੀ ਤੋਂ ਪਹਿਲਾਂ ਵਰਗੀ ਮਜ਼ਬੂਤ ਅਤੇ ਭਰੋਸੇਯੋਗ ਦੇਸ਼ ਪੱਧਰੀ ਕਿਸਾਨ ਲਹਿਰ ਉਸਾਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਬਾਬਾ ਸੋਹਣ ਸਿੰਘ ਭਕਨਾ, ਤੇਜਾ ਸਿੰਘ ਸੁਤੰਤਰ, ਜੰਗੀਰ ਸਿੰਘ ਜੋਗਾ ਵਰਗੇ ਧੜੱਲੇਦਾਰ ਆਗੂਆਂ ਵੱਲੋਂ ਜੱਥੇਬੰਦ ਕੀਤੀ ਕੁਲ ਹਿੰਦ ਕਿਸਾਨ ਸਭਾ ਨੂੰ ਮਜ਼ਬੂਤ ਕਰਨ ਦੀ ਸਖਤ ਲੋੜ ਹੈ | ਸਮਾਗਮ ਵਿੱਚ ਸ਼ਹੀਦ ਕਾਮਰੇਡ ਰਣਧੀਰ ਸਿੰਘ ਰਾਊਕੇ ਦੇ ਬੇਟੇ ਅਤੇ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸਨ ਦੇ ਕਮੇਟੀ ਮੈਂਬਰ ਪਿ੍ਤਪਾਲ ਸਿੰਘ ਕੈਨੇਡੀਅਨ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ | ਪੰਜਾਬ ਵਿੱਚ ਚੱਲੇ ਕਾਲੇ ਦੌਰ ਦੌਰਾਨ ਕਾਮਰੇਡ ਖਾਂ ਦੀ ਸੁਰੱਖਿਆ ਲਈ ਆਪਣੇ-ਆਪ ਨੂੰ ਪੇਸ਼ ਕਰਨ ਵਾਲੇ ਕਾਮਰੇਡ ਨਾਜ਼ਰ ਸਿੰਘ ਨੂੰ ਪਾਰਟੀ ਦਾ ਝੰਡਾ ਭੇਂਟ ਕਰਕੇ ਸਨਮਾਨਤ ਕੀਤਾ ਗਿਆ | ਇਸ ਮੌਕੇ ਰੁਜ਼ਗਾਰ ਪ੍ਰਾਪਤੀ ਸੱਭਿਆਚਾਰਕ ਮੰਚ ਮੋਗਾ ਸ਼ਹੀਦ ਭਗਤ ਸਿੰਘ ਦੀ ਜੀਵਨੀ ‘ਤੇ ਅਧਾਰਤ ਨਾਟਕ ‘ਛਿਪਣ ਤੋਂ ਪਹਿਲਾਂ’ ਅਤੇ ਕਿਸਾਨ ਮੋਰਚੇ ਤੋਂ ਚਰਚਿੱਤ ‘ਭੰਡਾਂ ਦੇ ਟੋਟਕੇ’ ਵੀ ਪੇਸ਼ ਕੀਤੇ ਗਏ | ਹਰਭਜਨ ਸਿੰਘ ਬਿਲਾਸਪਰ ਦੇ ਕਵੀਸ਼ਰੀ ਜਥੇ ਨੇ ਇਨਕਲਾਬੀ ਕਵੀਸ਼ਰੀ ਤੇ ਵਾਰਾਂ ਪੇਸ਼ ਕੀਤੀਆਂ ਗਈਆਂ | ਸਮਾਗਮ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਸ਼ੇਰ ਸਿੰਘ ਸਰਪੰਚ, ਜਗਰਾਜ ਸਿੰਘ ਰਾਮਾ, ਗੁਰਦਿੱਤ ਸਿੰਘ ਦੀਨਾ, ਨਿਰਮਲ ਸਿੰਘ ਰਿਟਾਇਰਡ ਐਕਸੀਅਨ ਤੇ ਸਤਵੰਤ ਸਿੰਘ ਨੇ ਵੀ ਸੰਬੋਧਨ ਕੀਤਾ | ਸੁਖਵੰਤ ਸਿੰਘ ਦੀ ਅਗਵਾਈ ਹੇਠ ਰੋਟੀ, ਚਾਹ, ਪਾਣੀ ਦੇ ਲੰਗਰ ਸਮੇਤ ਸਾਰੇ ਪ੍ਰਬੰਧ ਬਾਖੂਬੀ ਢੰਗ ਨਾਲ ਨਿਭਾਏ ਗਏ | ਇਸ ਮੌਕੇ ਸੁਖਦੇਵ ਸਿੰਘ ਭੋਲਾ, ਬੂਟਾ ਸਿੰਘ ਰਾਊਕੇ, ਸੁਖਦੇਵ ਸਿੰਘ ਕੈਨੇਡੀਅਨ, ਗੁਰਦੇਵ ਸਿੰਘ ਕਿਰਤੀ, ਬਲਵਿੰਦਰ ਸਿੰਘ ਖੋਟੇ, ਜਿੰਦਰਪਾਲ ਸਿੰਘ ਰਾਊਕੇ, ਅੰਗਰੇਜ਼ ਸਿੰਘ ਖੋਟੇ, ਬਲਰਾਜ ਸਿੰਘ ਬੱਧਨੀ ਤੇ ਇੰਦਰਜੀਤ ਦੀਨਾ ਆਦਿ ਆਗੂ ਹਾਜ਼ਰ ਸਨ |