ਨਿੱਤ ਨਵੇਂ ਨਾਅਰੇ ਘੜਨ ਵਿਚ ਮਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਨਾਅਰਾ ‘ਜੈ ਵਿਗਿਆਨ, ਜੈ ਅਨੁਸੰਧਾਨ’ ਵੀ ਹੈ, ਪਰ ਅਨੁਸੰਧਾਨ (ਖੋਜ) ਅਦਾਰਿਆਂ ਦੀ ਹਾਲਤ ਏਨੀ ਨਿੱਘਰ ਗਈ ਹੈ ਕਿ ਦੇਸ਼ ਭਰ ‘ਚ ਆਈ ਆਈ ਐੱਸ ਈ ਆਰ, ਆਈ ਆਈ ਟੀ ਤੇ ਐੱਨ ਆਈ ਟੀ ਵਰਗੇ ਵਕਾਰੀ ਅਦਾਰਿਆਂ ਦੇ ਰਿਸਰਚ ਸਕਾਲਰ ਫੈਲੋਸ਼ਿਪ ਵਿਚ ਵਾਧੇ ਤੇ ਹੋਰਨਾਂ ਮੰਗਾਂ ਨੂੰ ਲੈ ਕੇ 17 ਫਰਵਰੀ ਨੂੰ ਧਰਨੇ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋ ਗਏ | ਆਲ ਇੰਡੀਆ ਰਿਸਰਚ ਸਕਾਲਰਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫੈਲੋਸ਼ਿਪ ਵਿਚ ਵਾਧੇ ਸਣੇ ਤਿੰਨ ਮੁੱਖ ਮੰਗਾਂ ਨੂੰ ਲੈ ਕੇ ਉਹ ਉੱਚ ਸਿੱਖਿਆ ਅਤੇ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਨ | ਇਨ੍ਹਾਂ ਮੰਗਾਂ ‘ਤੇ 2018 ਵਿਚ ਹੋਈ ਬੈਠਕ ਵਿਚ ਭਰੋਸਾ ਦਿੱਤਾ ਗਿਆ ਸੀ ਕਿ ਸਕਾਲਰਾਂ ਨੂੰ ਅੰਦੋਲਨ ਕਰਨ ਦੀ ਲੋੜ ਨਹੀਂ ਹੋਵੇਗੀ ਤੇ ਉਨ੍ਹਾਂ ਦੀਆਂ ਮੰਗਾਂ ਪਹਿਲਾਂ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ, ਪਰ ਅਜੇ ਤੱਕ ਇੰਜ ਨਹੀਂ ਹੋਇਆ | ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਚਾਰ ਸਾਲ ਬਾਅਦ ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਦਰਵਾਜ਼ੇ ‘ਤੇ ਦਸਤਕ ਦੇਣੀ ਪੈਂਦੀ ਹੈ | ਉਹ ਪਿਛਲੇ ਛੇ ਮਹੀਨਿਆਂ ਤੋਂ ਮੰਗਾਂ ਬਾਰੇ ਹੁੰਗਾਰਾ ਉਡੀਕ ਰਹੇ ਹਨ, ਪਰ ਕੋਈ ਹੁੰਗਾਰਾ ਨਹੀਂ ਮਿਲਿਆ | ਆਖਰ ਉਨ੍ਹਾਂ ਨੂੰ ਪ੍ਰਯੋਗਸ਼ਾਲਾਵਾਂ ਤੋਂ ਬਾਹਰ ਨਿਕਲ ਕੇ ਪ੍ਰਦਰਸ਼ਨ ਕਰਨਾ ਪਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਆਤਮ-ਨਿਰਭਰ ਭਾਰਤ ਦੀ ਕਲਪਨਾ ਨੂੰ ਸਾਕਾਰ ਕਰਨ ਲਈ ਖੋਜ ਅਦਾਰਿਆਂ ਵਿਚ ਸਿਹਤਮੰਦ ਮਾਹੌਲ ਦੀ ਲੋੜ ਹੈ | ਜੈ ਵਿਗਿਆਨ ਤੇ ਜੈ ਅਨੁਸੰਧਾਨ ਦੇ ਨਾਅਰੇ ਨਾਲ ਹੀ ਗੱਲ ਨਹੀਂ ਬਣਨੀ | ਸਕਾਲਰਾਂ ਨੇ ਪ੍ਰਧਾਨ ਮੰਤਰੀ, ਕੇਂਦਰੀ ਸਿੱਖਿਆ ਮੰਤਰੀ, ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਅਤੇ ਆਪਣੇ ਅਦਾਰਿਆਂ ਦੇ ਡਾਇਰੈਕਟਰਾਂ ਦੇ ਨਾਂਅ ਮੈਮੋਰੈਂਡਮ ਵਿਚ ਕਿਹਾ ਹੈ ਕਿ ਸਕਾਲਰਾਂ ਦੀ ਹਾਲਤ ਬਦ ਤੋਂ ਬਦਲਰ ਹੁੰਦੀ ਜਾ ਰਹੀ ਹੈ | ਸਰਕਾਰ ਇਸ ਪਾਸੇ ਤੁਰੰਤ ਧਿਆਨ ਦੇਵੇ | ਹਾਲ ਹੀ ਵਿਚ ਐੱਮ ਏ ਐੱਮ ਆਈ ਟੀ ਭੋਪਾਲ, ਆਈ ਆਈ ਐੱਸ ਈ ਆਰ ਪੁਣੇ ਤੇ ਬੀ ਐੱਚ ਯੂ ਵਰਗੇ ਨਾਮੀ ਅਦਾਰਿਆਂ ਵਿਚ ਖੁਦਕੁਸ਼ੀਆਂ ਤੇ ਹਰਾਸਮੈਂਟ ਦੇ ਮਾਮਲੇ ਦਰਜ ਹੋਏ ਹਨ, ਇਸ ਦੇ ਬਾਵਜੂਦ ਅਦਾਰਿਆਂ ਨੇ ਦੋਸ਼ੀਆਂ ‘ਤੇ ਕੋਈ ਕਾਰਵਾਈ ਨਹੀਂ ਕੀਤੀ | ਪਿਛਲੇ ਪੰਜ ਸਾਲਾਂ ਵਿਚ ਕਈ ਸਕਾਲਰਾਂ ਨੇ ਖੁਦਕੁਸ਼ੀ ਕੀਤੀ ਹੈ, ਕਿਉਂਕਿ ਉਨ੍ਹਾਂ ਦਾ ਮਾਨਸਕ, ਸਰੀਰਕ ਤੇ ਬੌਧਿਕ ਸ਼ੋਸ਼ਣ ਹੋ ਰਿਹਾ ਸੀ | ਇਸ ਦੇ ਨਾਲ ਹੀ ਸੁਪਰਵਾਈਜ਼ਰਾਂ ਤੇ ਪ੍ਰੋਫੈਸਰਾਂ ਦੀਆਂ ਮਨਮਾਨੀਆਂ ਵਧ ਰਹੀਆਂ ਹਨ | 2019 ਤੋਂ ਬਾਅਦ ਫੈਲੋਸ਼ਿਪ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਜਦਕਿ ਮਹਿੰਗਾਈ ਵਿਚ ਭਾਰੀ ਵਾਧਾ ਹੋਇਆ ਹੈ | ਇਸ ਵੇਲੇ ਜੂਨੀਅਰ ਰਿਸਰਚ ਫੈਲੋਸ਼ਿਪ ਦੇ ਸਕਾਲਰਾਂ ਨੂੰ 31 ਹਜ਼ਾਰ ਰੁਪਏ ਤੇ ਸੀਨੀਅਰ ਸਕਾਲਰਾਂ ਨੂੰ 35 ਹਜ਼ਾਰ ਰੁਪਏ ਮਿਲਦੇ ਹਨ | ਇਸ ਵਿਚ 62 ਫੀਸਦੀ ਵਾਧੇ ਦੇ ਨਾਲ-ਨਾਲ 16 ਤੋਂ 21 ਫੀਸਦੀ ਹਾਊਸ ਰੈਂਟ ਮਿਲਣਾ ਚਾਹੀਦਾ ਹੈ | ਪੂਰੇ ਪੰਜ ਸਾਲ ਬਿਨਾਂ ਰੁਕਾਵਟ ਦੇ ਫੈਲੋਸ਼ਿਪ ਮਿਲਣੀ ਚਾਹੀਦੀ ਹੈ | ਸੁਪਰਵਾਈਜ਼ਰ ਇਨ੍ਹਾਂ ਤੋਂ ਰਿਸਰਚ ਦੇ ਇਲਾਵਾ ਕੋਈ ਹੋਰ ਘਰੇਲੂ ਤੇ ਨਿੱਜੀ ਕੰਮ ਨਾ ਕਰਾਉਣ | ਸਰੀਰਕ ਤੇ ਮਾਨਸਕ ਸ਼ੋਸ਼ਣ ਕਰਨ ਵਾਲਿਆਂ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ | ਸਕਾਲਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨੇ ਹੁਣ ਵੀ ਕੋਈ ਸੁਣਵਾਈ ਨਾ ਕੀਤੀ ਤਾਂ ਉਹ ਕੌਮੀ ਰਾਜਧਾਨੀ ਵਿਚ ਜੰਤਰ-ਮੰਤਰ ਵਿਖੇ ਭੱੱੁਖ ਹੜਤਾਲ ਕਰਨ ਲਈ ਮਜਬੂਰ ਹੋਣਗੇ |