16.2 C
Jalandhar
Monday, December 23, 2024
spot_img

ਪੀ ਆਰ ਟੀ ਸੀ ਕਾਮਿਆਂ ਤੇ ਪੈਨਸ਼ਨਰਾਂ ਵੱਲੋਂ ਮੈਨੇਜਮੈਂਟ ਖਿਲਾਫ਼ ਵਿਸ਼ਾਲ ਧਰਨਾ

ਪਟਿਆਲਾ : ਇੱਥੇ ਪੀ ਆਰ ਟੀ ਸੀ ਪਟਿਆਲਾ ਦੇ ਮੁੱਖ ਦਫਤਰ ਦੇ ਗੇਟ ‘ਤੇ ਮੰਗਲਵਾਰ 1000 ਤੋਂ ਵੱਧ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਤਨਖਾਹ ਅਤੇ ਪੈਨਸ਼ਨ ਨਾ ਮਿਲਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਅਤੇ ਪੀ ਆਰ ਟੀ ਸੀ ਦੀ ਮੈਨੇਜਮੈਂਟ ਵਿਰੁੱਧ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਰੋਸ ਰੈਲੀ ਕੀਤੀ | ਇਸ ਧਰਨੇ ਤੇ ਰੈਲੀ ਦੀ ਅਗਵਾਈ ਪੀ ਆਰ ਟੀ ਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਰਾਕੇਸ਼ ਕੁਮਾਰ ਦਤਾਰਪੁਰੀ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਕੀਤੀ |
ਐਕਸ਼ਨ ਕਮੇਟੀ ਦੇ ਆਗੂਆਂ ਨੇ ਵਿਸ਼ਾਲ ਰੋਸ ਭਰਪੂਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਬੜੀ ਬੇਰਹਿਮੀ ਨਾਲ ਪੀ ਆਰ ਟੀ ਸੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੀ ਅਦਾਇਗੀ ਲਈ ਜੋ ਮੁਫਤ ਸਫਰ ਬਦਲੇ ਹਰ ਮਹੀਨੇ 40 ਕਰੋੜ ਰੁਪਏ ਦੀ ਰਾਸ਼ੀ ਬਣਦੀ ਹੈ, ਉਹ ਨਾ ਦੇ ਕੇ ਭੁੱਖੇ ਮਰਨ ਲਈ ਅਤੇ ਗੰਭੀਰ ਆਰਥਕ ਤੰਗੀਆਂ ਦੀ ਭੱਠੀ ਵਿੱਚ ਝੋਕ ਰਹੀ ਹੈ | ਪੰਜਾਬ ਸਰਕਾਰ 400 ਕਰੋੜ ਰੁਪਏ ਮੁਫਤ ਸਫਰ ਦੇ ਦੱਬੀ ਬੈਠੀ ਹੈ, ਜਿਸ ਦਾ ਤਸੀਹੇ ਭਰਿਆ ਖਮਿਆਜ਼ਾ ਵਰਕਰ ਭੁਗਤ ਰਹੇ ਹਨ | ਦਸੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਤਿੰਨ ਵਾਰ ਵਿੱਚ ਟੁਕੜੇ-ਟੁਕੜੇ ਕਰਕੇ ਦਿੱਤੀ ਗਈ ਹੈ | ਜਨਵਰੀ ਮਹੀਨੇ ਦੀ ਤਨਖਾਹ ਪੈਨਸ਼ਨ ਦੀ ਅਦਾਇਗੀ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਮੈਨੇਜਮੈਂਟ ਅਤੇ ਸਰਕਾਰ ਨੂੰ ਕੋਈ ਚਿੰਤਾ ਹੀ ਨਾ ਹੋਵੇ | ਆਗੂਆਂ ਕਿਹਾ ਕਿ ਜਦੋਂ ਦੀ ਆਪ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਵਰਕਰਾਂ ਦੀਆਂ ਆਰਥਕ ਮੁਸੀਬਤਾਂ ਵਿੱਚ ਭਾਰੀ ਵਾਧਾ ਹੋਇਆ ਹੈ | ਸੇਵਾ-ਮੁਕਤ ਵਰਕਰਾਂ ਦੇ 80 ਕਰੋੜ ਰੁਪਏ ਤੋਂ ਵੱਧ ਦੇ ਸੇਵਾ ਮੁਕਤੀ ਲਾਭਾਂ ਦੇ ਬਕਾਏ ਖੜੇ ਹਨ | ਮੈਡੀਕਲ ਬਿੱਲਾ ਦੀ ਪ੍ਰਤੀ ਪੂਰਤੀ ਨਹੀਂ ਕੀਤੀ ਜਾ ਰਹੀ | ਵਰਕਰਾਂ ਦੇ ਹਰ ਕਿਸਮ ਦੇ ਬਕਾਏ ਸਾਲਾਂ ਤੋਂ ਨਹੀਂ ਦਿੱਤੇ ਜਾ ਰਹੇ, ਪੀ ਆਰ ਟੀ ਸੀ ਦੀ ਮੈਨੇਜਮੈਂਟ ਦੀਆਂ ਧੱਕੇਸ਼ਾਹੀਆਂ ਅਤੇ ਲਾਪ੍ਰਵਾਹੀਆਂ ਦਾ ਜ਼ਿਕਰ ਕਰਦਿਆਂ ਆਗੂਆਂ ਨੇ ਕਿਹਾ ਕਿ ਵਰਕਰਾਂ ਦੀਆਂ 26 ਮੰਗਾਂ ਦਾ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਬਾਰੇ ਅਜੇ ਤੱਕ ਮੈਨੇਜਮੈਂਟ ਨੇ ਉਸ ਸੰਬੰਧੀ ਗੱਲਬਾਤ ਕਰਨ ਦਾ ਸਮਾਂ ਵੀ ਨਹੀਂ ਕੱਢਿਆ | ਮੰਗ ਪੱਤਰ ਵਿੱਚ ਕੱਚੇ ਵਰਕਰਾਂ ਨੂੰ ਪੱਕੇ ਕਰਨਾ, ਨਵੀਂਆਂ ਬੱਸਾਂ ਪਾਉਣਾ, ਤਨਖਾਹ ਪੈਨਸ਼ਨ ਦੀ ਅਦਾਇਗੀ ਰੈਗੂਲਰ ਕਰਨਾ, ਸੇਵਾ-ਮੁਕਤੀ ਬਕਾਏ ਦੇਣਾ, ਮੈਡੀਕਲ ਬਿੱਲਾਂ ਦਾ ਭੁਗਤਾਨ ਕਰਨਾ, ਭਿ੍ਸ਼ਟਾਚਾਰ ਦੂਰ ਕਰਨਾ, ਇਨਸਾਫ ਅਧਾਰਤ ਸਿਸਟਮ ਲਾਗੂ ਕਰਨਾ ਆਦਿ ਮੰਗਾਂ ਸ਼ਾਮਲ ਹਨ | ਇਕੱਠ ਵਿੱਚ ਐਕਸ਼ਨ ਕਮੇਟੀ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ ਵਰਕਰਾਂ ਦੇ ਮਸਲੇ ਜਲਦੀ ਹੱਲ ਨਾ ਕੀਤੇ ਗਏ ਤਾਂ 7 ਮਾਰਚ ਨੂੰ ਪਟਿਆਲਾ ਵਿਖੇ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਸਕਰਾਰ ਦਾ ਪੁਤਲਾ ਫੂਕਿਆ ਜਾਵੇਗਾ | ਧਰਨਾਕਾਰੀਆਂ ਨੂੰ ਦਲਜੀਤ ਸਿੰਘ, ਗੰਡਾ ਸਿੰਘ, ਬਿਕਰਮਜੀਤ ਸ਼ਰਮਾ, ਇੰਦਰਪਾਲ ਸਿੰਘ, ਨਸੀਬ ਚੰਦ ਅਤੇ ਉਤਮ ਸਿੰਘ ਬਾਗੜੀ ਨੇ ਵੀ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles