ਸ਼ਾਹਕੋਟ : ‘ਆਰ ਐੱਸ ਐੱਸ ਦੇ ਹੁਕਮਾਂ ਦੀ ਇਨ-ਬਿਨ ਪਾਲਣਾ ਕਰਨ ਵਾਲੀ ਮੋਦੀ ਸਰਕਾਰ ਨੇ ਦੇਸ਼ ਦੀ ਧਰਮ ਨਿਰਪੱਖ ਦਿੱਖ ਨੂੰ ਮਧੋਲ ਕੇ ਪੂਰੀ ਤਰ੍ਹਾਂ ਫਿਰਕੂ ਰੰਗ ਦੇ ਦਿੱਤਾ ਹੈ | ਕੁਰਾਹੇ ਪਏ ਕੇਂਦਰੀ ਹਾਕਮਾਂ ਨੂੰ ਰੋਕਣ ਲਈ ਖੱਬੇ-ਪੱਖੀ ਅਤੇ ਸੈਕੂਲਰ ਤਾਕਤਾਂ ਨੂੰ ਇੱਕਜੁਟ ਹੋ ਕੇ ਅੱਗੇ ਵਧਣਾ ਹੋਵੇਗਾ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ | ਉਹ ਜਲੰਧਰ ਵਿੱਚ ਪਾਰਟੀ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾ ਕਿਹਾ ਕਿ ਮੋਦੀ ਦੇ ਚਹੇਤੇ ਅਡਾਨੀ ਨੇ ਅਰਬਾਂ ਰੁਪਏ ਦਾ ਘੁਟਾਲਾ ਕੀਤਾ ਹੈ, ਪਰ ਸਰਕਾਰ ਉਸ ਦਾ ਪੱਖ ਪੂਰਨ ‘ਤੇ ਲੱਗੀ ਹੋਈ ਹੈ | ਇਸ ਤੋਂ ਇਲਾਵਾ ਪੂਰੇ ਮੁਲਕ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ | ਸੰਵਿਧਾਨਕ ਸੰਸਥਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ | ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਦੇ ਦੇਸ਼ ਵਿਰੋਧੀ ਕਾਰਿਆਂ ਦਾ ਪਰਦਾ ਫਾਸ਼ ਕਰਕੇ ਖੱਬੀਆਂ ਧਿਰਾਂ ਨੂੰ ਇਕੱਠੇ ਹੋ ਕੇ ਸੰਘਰਸ਼ ਤੇਜ਼ ਕਰਨ ਦੇ ਉਪਰਾਲੇ ਵਜੋਂ 10 ਮਾਰਚ ਨੂੰ ਜਲੰਧਰ ਵਿੱਚ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਹੈ | ਉਨ੍ਹਾ ਅਪੀਲ ਕੀਤੀ ਕਿ ਇਸ ਰੈਲੀ ਦੀ ਸਫਲਤਾ ਲਈ ਕੋਈ ਕਸਰ ਨਾ ਛੱਡੀ ਜਾਵੇ |
ਚਰਨਜੀਤ ਥੰਮੂਵਾਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਦੌਰਾਨ ਬੰਤ ਬਰਾੜ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਕਾਰਜਕਾਰਨੀ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਹੋਈ ਚੋਣ ਵਿੱਚ ਜ਼ਿਲ੍ਹਾ ਕਾਰਜਕਾਰਨੀ ਦੇ 13 ਮੈਂਬਰ ਚੁਣੇ ਗਏ | ਇਸ ਤੋਂ ਪਹਿਲਾਂ ਜ਼ਿਲ੍ਹਾ ਸਕੱਤਰ ਰਛਪਾਲ ਕੈਲੇ ਨੇ ਰਿਪੋਰਟ ਪੇਸ਼ ਕੀਤੀ | ਰਿਪੋਰਟ ‘ਤੇ ਹੋਈ ਬਹਿਸ ਉਪਰੰਤ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਵਿਉਂਤਬੰਦੀ ਉਲੀਕੀ ਗਈ | ਮੀਟਿੰਗ ਨੂੰ ਚੰਦ ਫਤਿਹਪੁਰੀ ਨੇ ਵੀ ਸੰਬੋਧਨ ਕੀਤਾ | ਚੁਣੀ ਗਈ ਕਾਰਜਕਾਰਨੀ ਵਿੱਚ ਰਸ਼ਪਾਲ ਕੈਲੇ, ਚੰਦ ਫਤਿਹਪੁਰੀ, ਚਰਨਜੀਤ ਥੰਮੂਵਾਲ, ਰਜਿੰਦਰ ਮੰਡ, ਤਰਸੇਮ ਸਿੰਘ ਜੰਡਿਆਲਾ, ਸੰਤੋਸ਼ ਬਰਾੜ, ਹਰਜਿੰਦਰ ਸਿੰਘ ਮੌਜੀ, ਮਹਿੰਦਰ ਘੋੜਾਬਾਹੀ, ਅਵਤਾਰ ਸਿੰਘ ਤਾਰੀ, ਵੀਰ ਕੁਮਾਰ, ਸਿਕੰਦਰ ਸੰਧੂ, ਗਿਆਨ ਸੈਦਪੁਰੀ ਤੇ ਸਤਪਾਲ ਸ਼ਾਮਲ ਹਨ |