ਪਟਿਆਲਾ : ਕੌਮਾਂਤਰੀ ਮਾਤ ਭਾਸਾ ਦਿਵਸ ‘ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮੰਗਲਵਾਰ ਵਿਦਿਆਰਥੀਆਂ ਵੱਲੋਂ ਪੰਜ ਵਿਦਿਆਰਥੀ ਜਥੇਬੰਦੀਆਂ ਪੀ ਐੱਸ ਯੂ, ਪੀ ਆਰ ਐੱਸ ਯੂ, ਏ ਆਈ ਅੱੈਸ ਅੱੈਫ, ਐੱਸ ਐੱਫ ਆਈ, ਪੀ ਐੱਸ ਯੂ (ਲ) ਦੇ ਬਣੇ ਸਾਂਝੇ ਵਿਦਿਆਰਥੀ ਮੋਰਚੇ ਦੀ ਅਗਵਾਈ ਵਿੱਚ ‘ਪੰਜਾਬੀ ਯੂਨੀਵਰਸਿਟੀ ਬਚਾਓ’ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਉਂਦਿਆਂ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਸੈਂਕੜੇ ਵਿਦਿਆਰਥੀਆਂ ਨੇ ਰੈਲੀ ਕੀਤੀ | ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਮਾਤ ਭਾਸ਼ਾ ਦੇ ਰਾਖੇ ਬਣਨ ਦੇ ਦਾਅਵੇ ਕਰ ਰਹੀ ਹੈ, ਦੂਜੇ ਪਾਸੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪਸਾਰ ਤੇ ਵਿਕਾਸ ਲਈ ਬਣੀ ਪੰਜਾਬੀ ਯੂਨੀਵਰਸਿਟੀ ਨੂੰ ਸੰਭਾਲ ਨਹੀਂ ਰਹੀ, ਜੋ ਕਿ ਆਖਰੀ ਸਾਹਾਂ ‘ਤੇ ਸਹਿਕ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਸਮੇਂ ਯੂਨੀਵਰਸਿਟੀ 2,97,54,14,250/ ਕਰੋੜ ਦੇ ਵਿੱਤੀ ਘਾਟੇ ਵਿੱਚ ਹੈ | 150 ਕਰੋੜ ਦੇ ਕਰਜ਼ੇ ਸਮੇਤ ਯੂਨੀਵਰਸਿਟੀ 4,475, 414,250/- ਕਰੋੜ ਦੇ ਵਿੱਤੀ ਸੰਕਟ ਨਾਲ ਜੂਝ ਰਹੀ ਹੈ, ਜਿਸ ਕਾਰਨ ਵਿਦਿਆਰਥੀਆਂ ਦੇ ਹੋਸਟਲ ਖਸਤਾ ਹਾਲਤ ਵਿੱਚ ਪਹੰੁਚ ਚੁੱਕੇ ਹਨ | ਨਵੇਂ ਹੋਸਟਲ ਦੀ ਉਸਾਰੀ ਅਤੇ ਪੁਰਾਣਿਆਂ ਦੀ ਮੁਰੰਮਤ ਲਈ ਵੀ ਪੈਸਾ ਨਹੀਂ ਹੈ | ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫੈਸਰਾਂ, ਐਸੋਸੀਏਟ ਅਤੇ ਸਹਾਇਕ ਪ੍ਰੋਫੈਸਰਾਂ ਦੀਆਂ ਕੁੱਲ 15 ਅਸਾਮੀਆਂ ਸੈਂਕਸ਼ਨਡ ਹਨ, ਜਿਨ੍ਹਾਂ ਵਿੱਚੋਂ 6 ਅਸਾਮੀਆਂ ਖਾਲੀ ਹਨ | ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵਿੱਚ 8 ਸੈਂਕਸ਼ਨਡ ਅਸਾਮੀਆਂ ਵਿੱਚੋਂ 7 ਅਸਾਮੀਆਂ ਖਾਲੀ ਹਨ | ਇਸੇ ਤਰ੍ਹਾਂ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵਿੱਚ 10 ਸੈਂਕਸ਼ਨਡ ਅਸਾਮੀਆਂ ਵਿੱਚੋਂ 9 ਅਸਾਮੀਆਂ ਖਾਲੀ ਹਨ | ਰਾਜਨੀਤੀ ਸ਼ਾਸਤਰ ਦੀਆਂ 10 ਸੈਂਕਸ਼ਨਡ ਅਸਾਮੀਆਂ ਵਿੱਚੋਂ 8 ਅਸਾਮੀਆਂ ਖਾਲੀ ਹਨ | ਇਸ ਕਾਰਨ ਪੀ ਐੱਚ ਡੀ ਦੀਆਂ ਸੀਟਾਂ ਵੀ ਖਤਮ ਹੋ ਰਹੀਆਂ ਹਨ | ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪੀ ਐੱਚ ਡੀ ਖੋਜਾਰਥੀਆਂ ਨੂੰ ਲਗਾਇਆ ਜਾ ਰਿਹਾ ਹੈ | ਖੋਜ ਦੇ ਅਹਿਮ ਸੰਸਥਾਨ ਨਵੀਂ ਸਿੱਖਿਆ ਨੀਤੀ ਤਹਿਤ ਨਵੇਂ ਸ਼ੁਰੂ ਕੀਤੇ ਪੰਜ ਸਾਲਾ ਇੰਟੀਗ੍ਰੇਟਡ ਪ੍ਰੋਗਰਾਮ ਵੱਲ ਝੁਕਾਅ ਕਾਰਨ ਅੱਜ ਡਿਗਰੀ ਕਾਲਜ ਵਿੱਚ ਰੂਪਾਂਤਰਿਤ ਹੋ ਰਹੇ ਹਨ | ਇਹਨਾਂ ਕੋਰਸਾਂ ਲਈ ਸੈਂਕੜੇ ਵਿਦਿਆਰਥੀ ਭਰਤੀ ਹਨ, ਪਰ ਅਧਿਆਪਕਾਂ, ਕਲਾਸ ਕਮਰਿਆਂ ਅਤੇ ਹੋਸਟਲਾਂ ਦਾ ਪ੍ਰਬੰਧ ਤੱਕ ਨਹੀਂ ਕੀਤਾ ਗਿਆ | ਉਹਨਾਂ ਦੀਆਂ ਕਲਾਸਾਂ ਸੱਭਿਆਚਾਰਕ ਅਤੇ ਹੋਰ ਅਕਾਦਮਿਕ ਪ੍ਰੋਗਰਾਮਾਂ ਕਰਵਾਉਣ ਲਈ ਬਣੇ ਆਡੀਟੋਰੀਅਮ ਵਿੱਚ ਲਗਾਈਆਂ ਜਾ ਰਹੀਆਂ ਹਨ | ਇੱਕ ਕਲਾਸ ਵਿੱਚ 150 ਦੇ ਕਰੀਬ ਵਿਦਿਆਰਥੀਆਂ ਨੂੰ ਬਿਠਾਇਆ ਜਾਂਦਾ ਹੈ, ਜਿਸ ਕਾਰਨ ਉਹਨਾਂ ਦਾ ਪੜ੍ਹਨ-ਪੜ੍ਹਾਉਣ ਦਾ ਕਾਰਜ ਬੁਰੀ ਤਰਾਂ ਨਿਘਾਰ ਵੱਲ ਹੈ | ਇਸ ਪ੍ਰਦਰਸਨ ਵਿੱਚ ਵੱਡੀ ਗਿਣਤੀ ਵਿੱਚ ਕਰਮਚਾਰੀ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ | ਅਖੀਰ ਵਿੱਚ ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਦੀ ਕੁੱਲ ਵਿੱਤੀ ਜ਼ਿੰਮੇਵਾਰੀ ਚੁੱਕਦਿਆਂ ਹੋਇਆਂ ਪੂਰੀ ਗਰਾਂਟ ਜਾਰੀ ਕਰੇ ਅਤੇ ਯੂਨੀਵਰਸਿਟੀ ਦਾ 150 ਕਰੋੜ ਦਾ ਕਰਜ਼ਾ ਮਾਅਫ ਕਰੇ | ਹੋਸਟਲਾਂ ਦੀ ਉਸਾਰੀ ਕੀਤੀ ਜਾਵੇ | ਨਵੇਂ ਅਧਿਆਪਕਾਂ ਦੀ ਯੂਨੀਵਰਸਿਟੀ ਕੈਂਪਸ, ਰਿਜਨਲ ਕੇਂਦਰਾਂ ਅਤੇ ਕੰਸਟੀਚਐਂਟ ਕਾਲਜਾਂ ਵਿੱਚ ਪੱਕੇ ਤੌਰ ‘ਤੇ ਤੁਰੰਤ ਭਰਤੀ ਕੀਤੀ ਜਾਵੇ | ਇਸ ਮੌਕੇ ਵਿਦਿਆਰਥੀ ਆਗੂ ਅਮਨਦੀਪ ਸਿੰਘ ਖਿਉਵਾਲੀ, ਰਸਪਿੰਦਰ ਜਿੰਮੀ, ਅੰਮਿ੍ਤਪਾਲ, ਵਰਿੰਦਰ ਖੁਰਾਣਾ, ਗੁਰਪ੍ਰੀਤ, ਸਟੇਜ ਸਕੱਤਰ ਦੀ ਭੂਮਿਕਾ ਏ ਆਈ ਐੱਸ ਐੱਫ ਤੋਂ ਸਾਥੀ ਪਿ੍ਤਪਾਲ ਨੇ ਨਿਭਾਈ | ਹੋਰਨਾਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਲਵਪ੍ਰੀਤ ਮਾੜੀਮੇਘਾ (ਏ ਆਈ ਐੱਸ ਐੱਫ.), ਸਿਮਰ ਸਰਾਂ (ਐੱਸ ਐੱਫ ਆਈ), ਹਰਪ੍ਰੀਤ (ਪੀ ਐੱਸ ਯੂ ਲਲਕਾਰ), ਗੁਰਦਾਸ ਸਿੰਘ (ਪੀ ਐੱਸ ਯੂ ), ਸੰਦੀਪ ਕੌਰ (ਪੀ ਆਰ ਐੱਸ ਯੂ) ਅਤੇ ਕਰਮਚਾਰੀਆਂ ਵੱਲੋਂ ਹਰਦਾਸ ਅਤੇ ਕੁਲਵਿੰਦਰ ਕਕਰਾਲਾ, ਸੁਖਵਿੰਦਰ ਸੁੱਖੀ, ਭੁਪਿੰਦਰ ਸਿੰਘ ਅਤੇ ਅਧਿਆਪਕ ਆਗੂ ਵਜੋਂ ਪੂਟਾ ਦੇ ਜਨਰਲ ਸਕੱਤਰ ਡਾ. ਮਨਿੰਦਰ ਸਿੰਘ, ਡਾ. ਰਾਜਦੀਪ, ਡਾ. ਗੁਰਨਾਮ ਵਿਰਕ ਅਤੇ ਡਾ. ਗੁਰਜੰਟ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ |