ਜਲੰਧਰ : 27 ਫਰਵਰੀ ਨੂੰ 8 ਬੱਬਰਾਂ ਅਤੇ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀ ਚੰਦਰ ਸ਼ੇਖਰ ਆਜ਼ਾਦ ਨੂੰ ਅੰਗਰੇਜ਼ਾਂ ਨੇ ਮੌਤ ਦੇ ਘਾਟ ਉਤਾਰਿਆ ਸੀ | ਇਨ੍ਹਾਂ ਦੇਸ਼ ਭਗਤਾਂ ਨੂੰ ਯਾਦ ਕਰਨ ਵਾਸਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕੰਪਲੈਕਸ ਵਿੱਚ ਉਸਰੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ | ਇਸ ਸਮਾਗਮ ਦੇ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੀਤ ਸਕੱਤਰ ਤੇ ਖੋਜਕਾਰ ਚਰੰਜੀ ਲਾਲ ਕੰਗਣੀਵਾਲ ਹਨ | ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਸਮਰਾ ਤੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਪ੍ਰੈੱਸ ਨੂੰ ਦਿੱਤੀ | ਉਨ੍ਹਾਂ ਕਿਹਾ ਕਿ ਬੱਬਰ ਲਹਿਰ ਦੇ ਕਰਤਿਆਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਤੇ ਫਿਰ ਦੇਸ਼ ਆਜ਼ਾਦ ਹੋਇਆ ਹੈ, ਪਰ ਬਦਕਿਸਮਤੀ ਹੈ ਕਿ ਆਜ਼ਾਦੀ ਤੋਂ ਬਾਅਦ ਬਣੀਆਂ ਹਕੂਮਤਾਂ ਨੇ ਗਦਰੀ ਬਾਬਿਆਂ, ਭਗਤ ਸਰਾਭਿਆਂ ਤੇ ਬੱਬਰਾਂ ਦੀ ਸੋਚ ਨੂੰ ਵਿਸਾਰ ਕੇ ਲੋਟੂ ਪ੍ਰਬੰਧ ਕਾਇਮ ਕਰ ਲਿਆ | ਜਿਸ ਨਾਲ ਭੁੱਖ-ਨੰਗ, ਗਰੀਬੀ, ਅਨਪੜ੍ਹਤਾ ਤੇ ਬੇਰੁਜ਼ਗਾਰੀ ਦਾ ਪਸਾਰਾ ਹੋਇਆ ਹੈ | ਗਰੀਬ ਵਸੋਂ ਛੱਤ ਤੋਂ ਬਗੈਰ ਰਾਤ ਕੱਟਣ ਲਈ ਮਜਬੂਰ ਹੈ | ਸਾਡੇ ਦੇਸ਼ ਵਿੱਚ ਇਲਾਜ ਦੇ ਪ੍ਰਬੰਧ ਦੀ ਵੱਡੀ ਘਾਟ ਹੈ ਤੇ ਲੋਕ ਇਲਾਜ ਪੱਖੋਂ ਮੌਤ ਨੂੰ ਪਿਆਰੇ ਹੋ ਰਹੇ ਹਨ | ਇਹੋ ਜਿਹੀ ਪ੍ਰਸਥਿਤੀ ਵਿੱਚ ਬੱਬਰਾਂ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ |