ਇੱਕ ਸਮਾਂ ਸੀ, ਜਦੋਂ ਸਰਮਾਏਦਾਰ ਜਮਾਤ ਕਿਰਤ ਦੀ ਲੁੱਟ ਲਈ ਕੰਮ ਘੰਟੇ ਵਧਾ ਕੇ ਆਪਣੀਆਂ ਤਿਜੌਰੀਆਂ ਭਰਦੀ ਸੀ | ਇਸ ਵਿਰੁੱਧ ਕਿਰਤੀਆਂ ਦੇ ਲੰਮੇ ਸਮੂਹਿਕ ਵਿਰੋਧ ਕਾਰਨ ਆਖਰ ਸਰਮਾਏਦਾਰੀ ਨੂੰ ਕੰਮ ਘੰਟੇ ਘਟਾਉਣ ਲਈ ਮਜਬੂਰ ਹੋਣਾ ਪਿਆ | ਇਸ ਤੋਂ ਬਾਅਦ ਅਗਲਾ ਦੌਰ ਆਇਆ, ਮਸ਼ੀਨਾਂ ਦੀ ਗਤੀ ਵਧਾ ਕੇ ਘੱਟ ਸਮੇਂ ਵਿੱਚ ਹੀ ਵੱਧ ਕੰਮ ਕਰਾ ਕੇ ਲੁੱਟ ਨੂੰ ਕਾਇਮ ਰੱਖਣ ਦਾ | ਅਜੋਕੇ ਦੌਰ ਵਿੱਚ ਜਦੋਂ ਕੰਪਿਊਟਰ ਦਾ ਯੁੁੱਗ ਆ ਗਿਆ ਹੈ ਤਾਂ ਕਿਰਤ ਦੀ ਲੁੱਟ ਲਈ ਨਵੇਂ-ਨਵੇਂ ਔਜ਼ਾਰ ਈਜਾਦ ਕੀਤੇ ਜਾ ਰਹੇ ਹਨ |
ਇਸ ਮਕਸਦ ਲਈ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਸਥਿਤ ਵਰਲਡ ਇਕਨੌਮਿਕ ਫੋਰਮ ਸਥਾਪਤ ਕੀਤਾ ਗਿਆ ਹੈ | ਇਸ ਫੋਰਮ ਦੀਆਂ ਸਾਲਾਨਾ ਮੀਟਿੰਗਾਂ ਵਿੱਚ ਦੁਨੀਆ ਭਰ ਦੇ ਪੂੰਜੀਪਤੀ ਤੇ ਉਨ੍ਹਾਂ ਦੀਆਂ ਸਮੱਰਥਕ ਸਰਕਾਰਾਂ ਦੇ ਨੁਮਾਇੰਦੇ ਜੁੜ ਕੇ ਆਪਣੇ ਕਿਰਤੀਆਂ ਤੇ ਜਨਤਾ ਨੂੰ ਕਿਸ ਤਰ੍ਹਾਂ ਗੁਲਾਮ ਬਣਾ ਕੇ ਰੱਖਣਾ ਹੈ, ਬਾਰੇ ਵਿਚਾਰਾਂ ਕਰਦੇ ਹਨ | ਇਨ੍ਹਾਂ ਮੀਟਿੰਗਾਂ ਵਿੱਚ ਸਰਮਾਏਦਾਰ ਪ੍ਰਬੰਧ ਪੱਖੀ ਸਮਾਜਿਕ ਵਿਗਿਆਨੀ, ਤਕਨੀਕੀ ਮਾਹਰ ਤੇ ਮਨੋਵਿਗਿਆਨੀ ਵੀ ਸ਼ਾਮਲ ਹੁੰਦੇ ਹਨ, ਜੋ ਕਿਰਤੀਆਂ ਦੀ ਲੁੱਟ ਤੇ ਆਮ ਜਨਤਾ ਨੂੰ ਵੱਸ ਵਿੱਚ ਰੱਖਣ ਸੰਬੰਧੀ ਆਪਣੇ ਖੋਜ ਪੱਤਰ ਪੇਸ਼ ਕਰਦੇ ਹਨ | ਦੁਨੀਆ ਨੂੰ ਦਿਖਾਉਣ ਲਈ ਉਂਜ ਇਹ ਸੰਮੇਲਨ ਵਿਕਾਸ ਤੇ ਉਤਪਾਦਨ ਵਧਾਉਣ ਲਈ ਕੀਤੇ ਜਾਂਦੇ ਹਨ, ਪਰ ਮਨੋਰਥ ਹੁੰਦਾ ਹੈ ਕਰੂਰ ਦਮਨ ਰਾਹੀਂ ਕਿਰਤੀਆਂ ਦੇ ਅਧਿਕਾਰਾਂ ਨੂੰ ਖੋਹਣਾ ਤੇ ਸੱਤਾ ਦੀ ਅਜਾਰੇਦਾਰੀ ਨੂੰ ਪੱਕੇ ਪੈਰੀਂ ਕਰਨਾ |
ਪਿਛਲੇ ਸਾਲਾਨਾ ਸੰਮੇਲਨ ਵਿੱਚ ਡਿਊਕ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਨੀਤਾ ਫਰਾਹਨਿਆ ਨੇ ਦੁਨੀਆ ਭਰ ਦੇ ਇਕੱਠੇ ਹੋਏ ਆਗੂਆਂ ਤੇ ਪੂੰਜੀਪਤੀਆਂ ਸਾਹਮਣੇ ਇੱਕ ਖੋਜ ਪੱਤਰ ਪੇਸ਼ ਕੀਤਾ ਸੀ, ਜਿਸ ਵਿੱਚ ਮਨੁੱਖੀ ਦਿਮਾਗ ਦੀ ਜਾਸੂਸੀ ਲਈ ਨਿਊਰੋ ਟੈਕਨਾਲੋਜੀ ਦੀ ਮੌਜੂਦਾ ਵਰਤੋਂ ਦਾ ਘੇਰਾ ਵਧਾਉਣ ਉੱਤੇ ਜ਼ੋਰ ਦਿੱਤਾ ਗਿਆ ਸੀ | ਜਦੋਂ ਜਾਸੂਸੀ ਬਾਰੇ ਗੱਲ ਆਉਂਦੀ ਹੈ ਤਾਂ ਚੀਨ ਦੇ ਗੁਬਾਰੇ ਤੇ ਇਸਰਾਈਲੀ ਪੈਗਾਸਸ ਜਾਸੂਸੀ ਸਾਫਟਵੇਅਰ ਦੀ ਖੂਬ ਚਰਚਾ ਹੁੰਦੀ ਹੈ, ਅਖ਼ਬਾਰਾਂ ਵਿੱਚ ਲੰਮੇ-ਲੰਮੇ ਲੇਖ ਛਪਦੇ ਹਨ, ਪਰ ਕਿਰਤੀਆਂ ਦੀ ਜਾਸੂਸੀ ਬਾਰੇ ਕੋਈ ਵੀ ਚਰਚਾ ਨਹੀਂ ਕਰਦਾ |
ਪ੍ਰੋਫ਼ੈਸਰ ਨੀਤਾ ਫਰਾਹਨਿਆ ਅਨੁਸਾਰ ਦੁਨੀਆ ਭਰ ਦੀਆਂ ਸਨਅਤਾਂ ਤੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਦਫ਼ਤਰਾਂ ਵਿੱਚ ਕਿਰਤੀਆਂ ਨੂੰ ਅਜਿਹੇ ਸੈਂਸਰ ਪਹਿਨਾਏ ਜਾਂਦੇ ਹਨ, ਜਿਸ ਰਾਹੀਂ ਮਾਲਕਾਂ ਜਾਂ ਉਨ੍ਹਾਂ ਦੇ ਭਰੋਸੇਮੰਦ ਅਧਿਕਾਰੀਆਂ ਨੂੰ ਇਹ ਜਾਣਕਾਰੀ ਮਿਲਦੀ ਰਹਿੰਦੀ ਹੈ ਕਿ ਫਲਾਣਾ ਕਿਰਤੀ ਥੱਕ ਗਿਆ ਹੈ, ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰ ਰਿਹਾ ਜਾਂ ਉਸ ਨੂੰ ਨੀਂਦ ਆ ਰਹੀ ਹੈ | ਇਨ੍ਹਾਂ ਸੈਂਸਰਾਂ ਰਾਹੀਂ ਕਿਰਤੀਆਂ ਦੇ ਦਿਮਾਗਾਂ ਦੀ ਹਰਕਤ ਨੂੰ ਪੜਿ੍ਹਆ ਜਾਂਦਾ ਹੈ | ਸਾਫ਼ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਨ੍ਹਾਂ ਸੈਂਸਰਾਂ ਰਾਹੀਂ ਕਿਰਤੀਆਂ ਦੇ ਦਿਮਾਗਾਂ ਦੀ ਜਾਸੂਸੀ ਕੀਤੀ ਜਾਂਦੀ ਹੈ |
ਪੂੰਜੀਵਾਦ ਇਸ ਪ੍ਰਕ੍ਰਿਆ ਨੂੰ ਖ਼ਤਰਨਾਕ ਜਾਂ ਲੰਮੇ ਸਮੇਂ ਤੱਕ ਕੰਮ ਕਰਨ ਵਾਲੇ ਕਿਰਤੀਆਂ ਲਈ ਸੁਰੱਖਿਆ ਕਵੱਚ ਵਜੋਂ ਪੇਸ਼ ਕਰਦਾ ਹੈ, ਪਰ ਸੱਚਾਈ ਇਹ ਹੈ ਕਿ ਇਸ ਦੀ ਵਰਤੋਂ ਉਤਪਾਦਨ ਵਧਾਉਣ ਤੇ ਕਿਰਤੀਆਂ ਦੇ ਮੇਲ-ਮਿਲਾਪ ਨੂੰ ਘੱਟ ਕਰਨ ਲਈ ਕੀਤੀ ਜਾਂਦੀ ਹੈ | ਕਿਰਤੀਆਂ ਦਾ ਮੇਲ-ਮਿਲਾਪ ਘੱਟ ਹੋਣ ਦਾ ਫਾਇਦਾ ਇਹ ਹੁੰਦਾ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਨਹੀਂ ਕਰ ਸਕਦੇ ਤੇ ਨਾ ਹੀ ਆਪਣੀ ਯੂਨੀਅਨ ਬਣਾ ਸਕਦੇ ਹਨ |
ਪ੍ਰੋਫ਼ੈਸਰ ਨੀਤਾ ਨੇ ਹੁਣ ਇੱਕ ਨਵੇਂ ਸੈਂਸਰ ਦੀ ਖੋਜ ਕੀਤੀ ਹੈ, ਜਿਸ ਰਾਹੀਂ ਕਿਸੇ ਨੂੰ ਪਹਿਨਾ ਕੇ ਜਾਂ ਉਸ ਦੇ ਕੱਪੜਿਆਂ ਵਿੱਚ ਫਿੱਟ ਕਰਕੇ ਦੂਰ ਬੈਠਿਆਂ ਹੀ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਉਸ ਦੇ ਦਿਮਾਗ਼ ਵਿੱਚ ਕੀ ਚੱਲ ਰਿਹਾ ਹੈ | ਪ੍ਰੋਫ਼ੈਸਰ ਨੀਤਾ ਨੇ ਆਪਣੇ ਭਾਸ਼ਣ ਵਿੱਚ ਇਹ ਵੀ ਕਿਹਾ ਸੀ ਕਿ ਇਸ ਸੈਂਸਰ ਦਾ ਜੇਕਰ ਗਲਤ ਇਸਤੇਮਾਲ ਕੀਤਾ ਗਿਆ ਤਾਂ ਇਹ ਦੁਨੀਆ ਵਿੱਚ ਦਮਨ ਦਾ ਸਭ ਤੋਂ ਖ਼ਤਰਨਾਕ ਹਥਿਆਰ ਹੋਵੇਗਾ | ਵਰਨਣਯੋਗ ਹੈ ਕਿ ਇਸ ਸਮੇਂ ਦੁਨੀਆ ਭਰ ਵਿੱਚ 550 ਤੋਂ ਵੱਧ ਅਜਿਹੇ ਔਜ਼ਾਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਰਾਹੀਂ ਕਰਮਚਾਰੀਆਂ, ਕਿਰਤੀਆਂ ਤੇ ਆਮ ਜਨਤਾ ਦੀ ਜਾਸੂਸੀ ਕੀਤੀ ਜਾਂਦੀ ਹੈ |
ਕਰਮਚਾਰੀ ਦੇ ਸਾਹਮਣੇ ਪਿਆ ਲੈਪਟਾਪ ਵੀ ਉਸ ਦੀ ਜਾਸੂਸੀ ਕਰਦਾ ਹੈ | ਉਸ ਨੇ ਕਿੰਨਾ ਸਮਾਂ ਕੰਪਿਊਟਰ ਅੱਗੇ ਗੁਜ਼ਾਰਿਆ, ਕੰਪਿਊਟਰ ਉਤੇ ਕੀ-ਕੀ ਕੀਤਾ, ਕਿਹੜੀ ਸਾਈਟ ਦੇਖੀ ਮਾਲਕ ਨੂੰ ਸਭ ਪਤਾ ਲੱਗਦਾ ਰਹਿੰਦਾ ਹੈ | ਗੂਗਲ ਦੁਨੀਆ ਦਾ ਸਭ ਤੋਂ ਵੱਡਾ ਜਾਸੂਸ ਹੈ | ਬਜ਼ਾਰ, ਦਫ਼ਤਰਾਂ ਤੇ ਘਰਾਂ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਵੀ ਜਾਸੂਸੀ ਕਰਦੇ ਹਨ | ਇਹ ਸਾਰੇ ਜਨਤਾ ਦੀ ਸੁਰੱਖਿਆ ਦੇ ਨਾਂਅ ਉੱਤੇ ਸਥਾਪਤ ਕੀਤੇ ਜਾਂਦੇ ਹਨ, ਪਰ ਜਨਤਾ ਸੁਰੱਖਿਅਤ ਨਹੀਂ, ਨਾ ਅਪਰਾਧ ਰੁਕਦੇ ਹਨ ਤੇ ਨਾ ਭਿ੍ਸ਼ਟਾਚਾਰ ਘੱਟ ਹੁੰਦਾ ਹੈ |
ਸਪੱਸ਼ਟ ਹੈ ਕਿ ਅੱਜ ਅਸੀਂ ਇੱਕ ਖ਼ਤਰਨਾਕ ਦੌਰ ਵਿੱਚੋਂ ਗੁਜ਼ਰ ਰਹੇ ਹਾਂ | ਅੱਜ ਸਾਡੇ ਦਿਮਾਗ਼ ਵਿੱਚ ਉਪਜੇ ਵਿਚਾਰਾਂ ਨੂੰ ਵੀ ਕੋਈ ਹੋਰ ਪੜ੍ਹ ਰਿਹਾ ਹੈ | ਅਜਿਹੇ ਸਾਫਟਵੇਅਰ ਵੀ ਤਿਆਰ ਹੋ ਚੁੱਕੇ ਹਨ, ਜਿਨ੍ਹਾਂ ਰਾਹੀਂ ਸਾਡੇ ਵਿਚਾਰਾਂ ਨੂੰ ਕੰਟਰੋਲ ਕਰਕੇ ਸਾਡੀ ਸੋਚ ਨੂੰ ਵੀ ਬਦਲਿਆ ਜਾ ਸਕਦਾ | ਇਹ ਬਿਜਲਈ ਤਰੰਗਾਂ ਵਾਲੇ ਔਜ਼ਾਰ ਸਾਡੇ ਸਰੀਰ ਤੇ ਦਿਮਾਗ਼ ਉੱਤੇ ਕਿੰਨਾ ਮਾਰੂ ਅਸਰ ਪਾਉਂਦੇ ਹਨ, ਇਹ ਅਧਿਐਨ ਦਾ ਵਿਸ਼ਾ ਹੈ, ਪਰ ਕਿਸੇ ਵੀ ਗੈਰ-ਕੁਦਰਤੀ ਵਰਤਾਰੇ ਦਾ ਸਾਡੇ ਉਤੇ ਬਿਲਕੁੱਲ ਕੋਈ ਪ੍ਰਭਾਵ ਨਹੀਂ ਪੈਂਦਾ ਇਹ ਅਸੰਭਵ ਹੈ |