ਨਵੀਂ ਦਿੱਲੀ : ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੂੰ ਵੀਰਵਾਰ ਰਾਇਪੁਰ ਜਾਣ ਵਾਲੀ ਫਲਾਈਟ ਤੋਂ ਉਤਾਰਨ ਤੋਂ ਬਾਅਦ ਅਸਾਮ ਪੁਲਸ ਨੇ ਗਿ੍ਫਤਾਰ ਕਰ ਲਿਆ | ਇਸ ਦੇ ਤੁਰੰਤ ਬਾਅਦ ਕਾਂਗਰਸ ਸੁਪਰੀਮ ਕੋਰਟ ਚਲੇ ਗਈ, ਜਿਸ ਨੇ ਉਨ੍ਹਾ ਨੂੰ 28 ਫਰਵਰੀ ਤੱਕ ਅੰਤਿ੍ਮ ਜ਼ਮਾਨਤ ਦੇ ਦਿੱਤੀ | ਗਿ੍ਫਤਾਰੀ ਤੋਂ ਬਾਅਦ ਪਾਰਟੀ ਦੀ ਤਰਜਮਾਨ ਸੁਪਿ੍ਆ ਸ੍ਰੀਨੇਤ ਨੇ ਸਵਾਲ ਕੀਤਾ ਕਿ ਖੇੜਾ ਨੂੰ ਕਿਸ ਆਧਾਰ ‘ਤੇ ਜਹਾਜ਼ੋਂ ਲਾਹਿਆ ਗਿਆ ਤੇ ਕੀ ਦੇਸ਼ ‘ਚ ਕਾਨੂੰਨ ਦਾ ਰਾਜ ਹੈ? ਦੱਸਿਆ ਜਾਂਦਾ ਹੈ ਕਿ ਇਹ ਘਟਨਾ ਇੰਡੀਗੋ ਦੇ ਏਅਰਕ੍ਰਾਫਟ ਨੰਬਰ 6 ਈ 204 ‘ਚ ਵਾਪਰੀ ਅਤੇ ਵਿਰੋਧ ‘ਚ ਕਈ ਕਾਂਗਰਸੀ ਨੇਤਾ ਜਹਾਜ਼ ਤੋਂ ਹੇਠਾਂ ਉਤਰ ਗਏ | ਕੁਝ ਸਮੇਂ ਬਾਅਦ ਦਿੱਲੀ ਪੁਲਸ ਦੇ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਦੱਸਿਆ ਕਿ ਖੇੜਾ ਖਿਲਾਫ ਅਸਾਮ ‘ਚ ਕੇਸ ਦਰਜ ਕੀਤਾ ਗਿਆ ਹੈ | ਕਾਂਗਰਸ ਸੂਤਰਾਂ ਦਾ ਦਾਅਵਾ ਹੈ ਕਿ ਅਸਾਮ ਪੁਲਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ ਬਾਰੇ ਖੇੜਾ ਵੱਲੋਂ ਕਥਿਤ ਤੌਰ ‘ਤੇ ਕੀਤੀ ਗਈ ਟਿੱਪਣੀ ਕਾਰਨ ਭਾਰਤੀ ਦੰਡਾਵਲੀ ਦੀਆਂ ਕੁਝ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਖੇੜਾ ਦੇ ਵਕੀਲਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਟਿੱਪਣੀਆਂ ਲਈ ਵਾਰਾਨਸੀ, ਲਖਨਊ ਅਤੇ ਅਸਾਮ ‘ਚ ਉਨ੍ਹਾਂ ਖਿਲਾਫ ਕਈ ਕੇਸ ਦਰਜ ਕੀਤੇ ਗਏ ਹਨ |