ਰੈਗਿੰਗ ਤੋਂ ਪ੍ਰੇਸ਼ਾਨ ਦਲਿਤ ਮੈਡੀਕਲ ਵਿਦਿਆਰਥਣ ਵੱਲੋਂ ਖੁਦਕੁਸ਼ੀ

0
319

ਹੈਦਰਾਬਾਦ : ਚਾਰ ਦਿਨ ਪਹਿਲਾਂ ਖੁਦਕੁਸ਼ੀ ਕਰਨ ਲਈ ਜ਼ਹਿਰ ਦਾ ਟੀਕਾ ਲਾ ਲੈਣ ਵਾਲੀ ਦਲਿਤ ਮੈਡੀਕਲ ਸਟੂਡੈਂਟ ਡੀ ਪ੍ਰੀਤੀ (26) ਐਤਵਾਰ ਦੇਰ ਰਾਤ ਇੱਥੇ ਹਸਪਤਾਲ ‘ਚ ਦਮ ਤੋੜ ਗਈ | ਪੋਸਟ ਗ੍ਰੈਜੂਏਸ਼ਨ ਦੀ ਪਹਿਲੇ ਸਾਲ ਦੀ ਵਿਦਿਆਰਥਣ ਸੀਨੀਅਰ ਮੁਹੰਮਦ ਅਲੀ ਸੈਫ ਦੀ ਰੈਗਿੰਗ ਤੋਂ ਦੁਖੀ ਸੀ |
ਪ੍ਰੀਤੀ ਦੇ ਪਿਤਾ ਨਰਿੰਦਰ ਦੀ ਸ਼ਿਕਾਇਤ ‘ਤੇ ਦੂਜੇ ਸਾਲ ਦੇ ਵਿਦਿਆਰਥੀ ਸੈਫ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਉਸ ‘ਤੇ ਰੈਗਿੰਗ, ਖੁਦਕੁਸ਼ੀ ਲਈ ਉਕਸਾਉਣ ਤੇ ਐੱਸ ਸੀ/ਐੱਸ ਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ | ਨਰਿੰਦਰ ਨੇ ਕਾਲਜ ਤੇ ਹਸਪਤਾਲ ਪ੍ਰਸ਼ਾਸਨ ‘ਤੇ ਵੀ ਲਾਪ੍ਰਵਾਹੀ ਦਾ ਦੋਸ਼ ਲਾਇਆ ਹੈ | ਉਸ ਨੇ ਕਿਹਾ ਕਿ ਪ੍ਰੀਤੀ ਨੇ ਦੋਹਾਂ ਨੂੰ ਸੈਫ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ |
ਤਿਲੰਗਾਨਾ ਦੇ ਵਾਰੰਗਲ ਦੇ ਪੁਲਸ ਕਮਿਸ਼ਨਰ ਏ ਵੀ ਰੰਗਨਾਥ ਨੇ ਦੱਸਿਆ ਕਿ ਵਾਰੰਗਲ ਦੇ ਕਕਾਟੀਆ ਮੈਡੀਕਲ ਕਾਲਜ ਵਿਚ ਪੜ੍ਹਦੀ ਪ੍ਰੀਤੀ ਐੱਮ ਜੀ ਐੱਮ ਹਸਪਤਾਲ ਵਿਚ ਨਾਈਟ ਸ਼ਿਫਟ ਵਿਚ ਕੰਮ ਕਰ ਰਹੀ ਸੀ | ਇੱਥੇ ਹੀ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ | ਆਖਰੀ ਵਾਰ ਉਸ ਨੂੰ ਐਮਰਜੰਸੀ ਵਾਰਡ ਵਿਚ ਦੇਖਿਆ ਗਿਆ ਸੀ, ਜਿੱਥੇ ਉਸ ਦੀ ਡਿਊਟੀ ਲੱਗੀ ਸੀ | ਉਹ ਕਮਰੇ ਵਿੱਚੋਂ ਨਿਕਲੀ ਤੇ ਉਸ ਨੇ ਕੁਝ ਡਾਕਟਰਾਂ ਨੂੰ ਦੱਸਿਆ ਕਿ ਉਸ ਦੇ ਸਿਰ ਤੇ ਪੇਟ ਵਿਚ ਦਰਦ ਹੈ | ਬਾਅਦ ਵਿਚ ਉਹ ਬੇਹੋਸ਼ੀ ਦੀ ਹਾਲਤ ‘ਚ ਮਿਲੀ ਤੇ ਉਸ ਨੂੰ ਹੈਦਰਾਬਾਦ ਸ਼ਿਫਟ ਕਰਨਾ ਪਿਆ | ਪੁਲਸ ਕਮਿਸ਼ਨਰ ਨੇ ਕਿਹਾ ਕਿ ਦੋਹਾਂ ਵਿਚਾਲੇ ਵੱਟਸਐਪ ਚੈਟ ਤੋਂ ਪਤਾ ਚੱਲਦਾ ਹੈ ਕਿ ਸੈਫ ਪ੍ਰੀਤੀ ਨਾਲ ਰੈਗਿੰਗ ਕਰ ਰਿਹਾ ਸੀ |
ਪ੍ਰੀਤੀ ਦੀ ਮੌਤ ਦੇ ਬਾਅਦ ਲੰਬਾਡਾ ਟਰਾਈਬਲ ਯੂਨੀਅਨ ਨੇ ਹੈਦਰਾਬਾਦ ਦੇ ਐੱਨ ਆਈ ਐੱਮ ਐੱਸ ਹਸਪਤਾਲ, ਕਕਾਟੀਆ ਮੈਡੀਕਲ ਕਾਲਜ ਤੇ ਵਾਰੰਗਲ ਦੇ ਐੱਮ ਜੀ ਐੱਮ ਹਸਪਤਾਲ ਦੇ ਬਾਹਰ ਮੁਜ਼ਾਹਰਾ ਕੀਤਾ | ਪ੍ਰੀਤੀ ਦੇ ਪਰਵਾਰ ਨੇ ਉਸ ਦੀ ਲਾਸ਼ ਪੋਸਟਮਾਰਟਮ ਲਈ ਭੇਜਣ ਤੋਂ ਇਨਕਾਰ ਕਰ ਦਿੱਤਾ |
ਵੱਡੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਦੀਆਂ ਵਧਦੀਆਂ ਘਟਨਾਵਾਂ ਨੂੰ ਲੈ ਕੇ ਭਾਰਤ ਦੇ ਚੀਫ ਜਸਟਿਸ ਨੇ ਵੀ ਡੂੰਘੀ ਚਿੰਤਾ ਜ਼ਾਹਰ ਕੀਤੀ ਸੀ | ਉਨ੍ਹਾ ਕਿਹਾ ਸੀ-ਇਨ੍ਹਾਂ ਘਟਨਾਵਾਂ ਬਾਰੇ ਸੋਚ ਕੇ ਚਿੰਤਾ ਹੁੰਦੀ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਬਾਰੇ ਸੋਚਦਾ ਹਾਂ ਤਾਂ ਦਿਲ ਦੁਖਦਾ ਹੈ | ਮੈਨੂੰ ਹੈਰਾਨੀ ਇਹ ਸੋਚ ਕੇ ਹੁੰਦੀ ਹੈ ਕਿ ਆਖਰ ਸਾਡੇ ਅਦਾਰੇ ਕਿੱਥੇ ਗਲਤੀ ਕਰ ਰਹੇ ਹਨ ਕਿ ਵਿਦਿਆਰਥੀਆਂ ਨੂੰ ਆਪਣੀ ਕੀਮਤੀ ਜਾਨ ਗੁਆਉਣੀ ਪੈ ਰਹੀ ਹੈ | ਉਨ੍ਹਾ ਕਿਹਾ-ਅਜਿਹਾ ਦੇਖਣ ਵਿਚ ਆ ਰਿਹਾ ਹੈ ਕਿ ਸਮਾਜ ਦੇ ਵੰਚਿਤ ਤਬਕਿਆਂ ਤੋਂ ਅਜਿਹੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ | ਇਹ ਘਟਨਾਵਾਂ ਸਿਰਫ ਅੰਕੜੇ ਨਹੀਂ ਹਨ | ਇਹ ਸਦੀਆਂ ਦੀ ਜੱਦੋਜਹਿਦ ਦੀ ਕਹਾਣੀ ਹੈ | ਮੈਨੂੰ ਲਗਦਾ ਹੈ ਕਿ ਜੇ ਅਸੀਂ ਇਸ ਮੁੱਦੇ ਨੂੰ ਸੁਲਝਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪਹਿਲਾਂ ਪ੍ਰੇਸ਼ਾਨੀ ਨੂੰ ਦੇਖਣਾ ਪਵੇਗਾ | ਮੈਂ ਵਕੀਲਾਂ ਦੀ ਮਾਨਸਿਕ ਸਿਹਤ ‘ਤੇ ਫੋਕਸ ਕਰਦਾ ਆਇਆ ਹਾਂ | ਵਿਦਿਆਰਥੀਆਂ ਦੀ ਮਾਨਸਿਕ ਸਿਹਤ ਵੀ ਓਨੀ ਹੀ ਜ਼ਰੂਰੀ ਹੈ |

LEAVE A REPLY

Please enter your comment!
Please enter your name here