ਜਲੰਧਰ : ਬੱਬਰ ਅਕਾਲੀ ਲਹਿਰ ‘ਚ 27 ਫਰਵਰੀ 1926-27 ਨੂੰ ਫਾਂਸੀ ਦੇ ਰੱਸੇ ਚੁੰਮ ਕੇ ਇਕੋ ਤਾਰੀਖ਼ ‘ਤੇ ਦੋਵੇਂ ਸਾਲਾਂ ‘ਚ ਸ਼ਹਾਦਤ ਪਾਉਣ ਵਾਲੇ ਅਮਰ ਸ਼ਹੀਦਾਂ ਅਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੀ ਯਾਦ ‘ਚ ਇਤਿਹਾਸਕ ਮਹੱਤਤਾ ਅਤੇ ਅਜੋਕੇ ਸਮਿਆਂ ਦੀ ਪ੍ਰਸੰਗਕਤਾ ਉਭਾਰਨ ‘ਚ ਸਫ਼ਲ ਰਿਹਾ, ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕੀਤਾ ਯਾਦਗਾਰੀ ਸਮਾਗਮ |
ਦੇਸ਼ ਭਗਤ ਯਾਦਗਾਰ ਹਾਲ ‘ਚ ਬਣੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿੱਚ ਹੋਏ ਸਮਾਗਮ ‘ਚ ਹਾਜ਼ਰੀਨ ਨੇ ਖੜ੍ਹੇ ਹੋ ਕੇ ਬੱਬਰ ਅਕਾਲੀ ਲਹਿਰ ਦੇ ਸ਼ਹੀਦਾਂ ਅਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸਿਜਦਾ ਕੀਤਾ | ਸਮਾਗਮ ਦੇ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਨੇ ਬੱਬਰ ਅਕਾਲੀ ਲਹਿਰ ਦਾ ਤੱਥਾਂ ਭਰਿਆ ਇਤਿਹਾਸਕ ਪ੍ਰਸੰਗ ਪੇਸ਼ ਕਰਦਿਆਂ ਇਸ ਲਹਿਰ ਦੇ ਇਤਿਹਾਸਕ ਪਿਛੋਕੜ, ਕੁਰਬਾਨੀਆਂ ਅਤੇ ਆਜ਼ਾਦੀ ਜੱਦੋ-ਜਹਿਦ ਲਈ ਅਮਿਟ ਦੇਣ ਦੀਆਂ ਮੂੰਹ ਬੋਲਦੀਆਂ ਹਕੀਕਤਾਂ ਪੇਸ਼ ਕੀਤੀਆਂ | ਉਹਨਾ ਕਿਹਾ ਕਿ ਬੱਬਰ ਅਕਾਲੀ ਲਹਿਰ ਦਾ ਮੁਹਾਂਦਰਾ ਵਿਗਾੜਨ ਦੇ ਕੋਝੇ ਯਤਨਾਂ ਨੂੰ ਬੂਰ ਨਹੀਂ ਪਵੇਗਾ | ਇਹ ਸਾਮਰਾਜਵਾਦ ਵਿਰੋਧੀ, ਧਰਮ-ਨਿਰਪੱਖ, ਸਿਰਲੱਥ ਯੋਧਿਆਂ ਦੀ ਕੁਰਬਾਨੀਆਂ ਭਰੀ ਗਾਥਾ ਹੈ, ਜੋ ਸਦਾ ਹੀ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਰੁਸ਼ਨਾਉਂਦੀ ਰਹੇਗੀ |ਇਤਿਹਾਸ ਦੇ ਖੋਜਕਾਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਵਿਜੈ ਬੰਬੇਲੀ ਨੇ ਬੱਬਰ ਅਕਾਲੀ ਲਹਿਰ ਦੀਆਂ ਪੈੜਾਂ ਨੱਪਦਿਆਂ, ਅਣਗੌਲੇ ਇਤਿਹਾਸ ਦੇ ਵਰਕੇ ਫਰੋਲਦਿਆਂ ਦਰਸਾਇਆ ਕਿ ਕਿਵੇਂ ਬੱਬਰ ਅਕਾਲੀ ਲਹਿਰ ਵਿੱਚ ਮੁਸਲਮਾਨ, ਹਿੰਦੂ ਅਤੇ ਸਿੱਖ ਭਾਈਚਾਰਾ ਮਜ਼੍ਹਬੀ, ਫ਼ਿਰਕੇਦਾਰਾਨਾ ਵੱਟਾਂ-ਬੰਨਿਆਂ ਨੂੰ ਢਾਅ ਕੇ ਮੁਲਕ ਅੰਦਰ ਆਜ਼ਾਦੀ, ਜਮਹੂਰੀਅਤ ਅਤੇ ਮੁਹੱਬਤਾਂ ਭਰੇ ਸੋਹਣੇ ਰਾਜ ਅਤੇ ਸਮਾਜ ਦੀ ਸਿਰਜਣਾ ਕਰਨ ਦੇ ਇਤਿਹਾਸਕ ਕਾਜ਼ ਨੂੰ ਪ੍ਰਣਾਈ ਹੋਈ ਲਹਿਰ ਸੀ |
ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਜੀਵਨ ਸੰਗਰਾਮ ਬਾਰੇ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਮੋਲਕ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਪਿੰਡ ਭਾਵਰਾ ਵਿਖੇ ਕੱਖਾਂ-ਕਾਨਿਆਂ ਦੀ ਕੁੱਲੀ ‘ਚ ਜੰਮੇ-ਪਲ਼ੇ ਆਜ਼ਾਦ ਨੇ ਸਭ ਤੋਂ ਪਹਿਲਾਂ ਨਾ-ਮਿਲਵਰਤਣ ਲਹਿਰ ਵਿੱਚ ਹਿੱਸਾ ਲੈਣ ਦੀ ਸਜ਼ਾ ਵਜੋਂ ਬੈਂਤਾਂ ਦੀ ਮਾਰ ਝੱਲੀ | ਉਹਨਾ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਬੀ ਕੇ ਦੱਤ, ਭਗਵਤੀ ਚਰਨ ਵੋਹਰਾ, ਦੁਰਗਾ ਭਾਬੀ ਅਤੇ ਸ਼ੰਕਰ ਗਣੇਸ਼ ਵਿਦਿਆਰਥੀ ਅਨਮੋਲ ਹੀਰਿਆਂ ਨਾਲ ਆਜ਼ਾਦੀ ਸੰਗਰਾਮ ਵਿੱਚ ਕੰਮ ਕੀਤਾ |
ਉਹਨਾ ਦੱਸਿਆ ਕਿ ਨੌਜਵਾਨ ਭਾਰਤ ਸਭਾ, ਹਿੰਦੋਸਤਾਨੀ ਰਿਪਬਲਿਕਨ ਪਾਰਟੀ ਅਤੇ ਆਰਮੀ ਕਮਾਂਡਰ ਵਜੋਂ ਉਹਨਾ ਦੀ ਅਮਿਟ ਦੇਣ ਸਾਡੇ ਲਈ ਚਾਨਣ ਮੁਨਾਰਾ ਹੈ, ਜਿਸ ਤੋਂ ਅੱਜ ਦੀ ਜਵਾਨੀ ਨੂੰ ਸੇਧ ਲੈ ਕੇ ਆਪਣਾ ਰੌਸ਼ਨ ਭਵਿੱਖ਼ ਸਿਰਜਣ ਲਈ ਇਤਿਹਾਸ ਦੀਆਂ ਪੈੜਾਂ ਦਾ ਅਧਿਐਨ ਕਰਨ ਦੀ ਲੋੜ ਹੈ |
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਇਹਨਾਂ ਇਤਿਹਾਸਕ ਗਾਥਾਵਾਂ ਅਤੇ ਬਿਰਤਾਂਤ ਦਾ ਅਧਿਐਨ ਕਰਦਿਆਂ ਇਸ ਦੇ ਅਮੁੱਲੇ ਸਬਕਾਂ ਨੂੰ ਸਾਡੇ ਸਮਿਆਂ ਦੇ ਹਾਣੀ ਬਣਾਉਣ ਦੀ ਲੋੜ ਹੈ | ਉਹਨਾ ਕਿਹਾ ਕਿ ਬੱਬਰ ਅਕਾਲੀ ਲਹਿਰ ਦੇ ਯੋਧਿਆਂ ਅਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦੇ ਸੁਪਨਿਆਂ ਦਾ ਸਾਮਰਾਜਵਾਦ ਤੋਂ ਮੁਕਤ, ਆਜ਼ਾਦ, ਸੈਕੂਲਰ, ਜਮਹੂਰੀ ਨਿਜ਼ਾਮ ਸਿਰਜਣ ਲਈ ਸਾਨੂੰ ਆਪਣੇ ਬਣਦੇ ਫ਼ਰਜ਼ਾਂ ‘ਤੇ ਅਮਲਦਾਰੀ ਕਰਨ ਦੀ ਲੋੜ ਹੈ | ਉਹਨਾ ਚੇਤਨਾ, ਚਿੰਤਨ ਅਤੇ ਸੂਝ-ਬੂਝ ਦਾ ਪਸਾਰਾ ਕਰਨ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਨਿਰੰਤਰ ਉਪਰਾਲੇ ਕਰਨ ਦਾ ਵਿਸ਼ਵਾਸ ਦੁਆਇਆ |
ਮੰਚ ਵੱਲੋਂ ਪੇਸ਼ ਮਤਿਆਂ ਨੂੰ ਹੱਥ ਖੜ੍ਹੇ ਕਰਕੇ ਹਾਲ ‘ਚ ਹਾਜ਼ਰੀਨ ਨੇ ਪ੍ਰਵਾਨਗੀ ਦਿੱਤੀ | ਮਤਿਆਂ ‘ਚ ਮੰਗ ਕੀਤੀ ਗਈ ਕਿ ਸਭਨਾਂ ਰਾਜਨੀਤਕ ਕੈਦੀਆਂ, ਬੁੱਧੀਜੀਵੀਆਂ, ਲੇਖਕਾਂ, ਕਵੀਆਂ, ਸਮਾਜਕ-ਜਮਹੂਰੀ ਕਾਮਿਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਏ |
ਫ਼ਿਰੋਜ਼ਪੁਰ ਤੂੜੀ ਵਾਲਾ ਬਾਜ਼ਾਰ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਚੰਦਰ ਸ਼ੇਖਰ ਆਜ਼ਾਦ ਅਤੇ ਉਹਨਾਂ ਦੇ ਸਾਥੀਆਂ ਦੇ ਮਿਲਣ-ਟਿਕਾਣੇ ਨੂੰ ਇਤਿਹਾਸਕ ਯਾਦਗਾਰ ਦਾ ਰੁਤਬਾ ਦਿੱਤਾ ਜਾਏ |
ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਰਿਹਾਇਸ਼ਗਾਹ ਗੁਰੂ ਖਾਲਸਾ ਨਿਵਾਸ ਅੰਮਿ੍ਤਸਰ ਨੂੰ ਯਾਦਗਾਰੀ ਮਿਊਜ਼ੀਅਮ ਤੌਰ ‘ਤੇ ਸੰਭਾਲਣ ਲਈ ਕਦਮ ਚੁੱਕੇ ਜਾਣ, ਤਾਂ ਜੋ ਭਵਿੱਖ ਵਿੱਚ ਸਾਹਿਤ, ਕਲਾ ਅਤੇ ਰੰਗ-ਮੰਚ ਦੇ ਪ੍ਰੇਮੀਆਂ ਅਤੇ ਕਮਾਊ ਲੋਕਾਂ ਲਈ ਇਹ ਯਾਦਗਾਰ ਇਨਕਲਾਬੀ ਰੰਗਮੰਚ ਦਾ ਮਿਨਾਰ ਬਣ ਸਕੇ |
ਸੌੜੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਧਾਰਮਕ ਗ੍ਰੰਥਾਂ ਦੀ ਆੜ ਲੈ ਕੇ ਪੰਜਾਬ ਨੂੰ ਬਲ਼ਦੀ ਦੇ ਬੁੱਥੇ ਦੇਣ ਦੇ ਕੋਝੇ ਯਤਨ ਕਰਨੇ ਬੰਦ ਕੀਤੇ ਜਾਣ ਜੋ ਕਿ ਲੋਕਾਂ ਦੀ ਹਕੀਕੀ ਮੁੱਦਿਆਂ ‘ਤੇ ਲਾਮਬੰਦੀ ਅਤੇ ਸੰਘਰਸ਼ ਨੂੰ ਖ਼ੋਰਾ ਲਾਉਣ ਦਾ ਕੰਮ ਕਰਦੇ ਹਨ | ਸਮਾਗਮ ਦਾ ਮੰਚ ਸੰਚਾਲਨ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕੀਤਾ |