ਜਦੋਂ ਦੀ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਸ਼ਹਿਰਾਂ, ਇਤਿਹਾਸਕ ਇਮਾਰਤਾਂ ਤੇ ਸੜਕਾਂ ਦੇ ਨਾਂਅ ਬਦਲਣ ਦਾ ਇਸ ਨੂੰ ਜਨੂੰਨ ਚੜਿ੍ਹਆ ਹੋਇਆ ਹੈ | ਇਸ ਮਾਮਲੇ ਵਿੱਚ ਹੁਣ ਸੁਪਰੀਮ ਕੋਰਟ ਨੇ ਸਰਕਾਰ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ |
ਇੱਕ ਭਾਜਪਾ ਵਰਕਰ ਤੇ ਵਕੀਲ ਅਸ਼ਵਨੀ ਉਪਾਧਿਆਏ ਨੇ ਸੁਪਰੀਮ ਕੋਰਟ ਵਿੱਚ ਇੱਕ ਰਿੱਟ ਦਾਇਰ ਕਰਕੇ ਮੰਗ ਕੀਤੀ ਸੀ ਕਿ ਅਦਾਲਤ ਸਰਕਾਰ ਨੂੰ ਆਦੇਸ਼ ਦੇਵੇ ਕਿ ਇੱਕ ਨਾਮਕਰਣ ਕਮਿਸ਼ਨ ਕਾਇਮ ਕੀਤਾ ਜਾਵੇ, ਜੋ ਮੁਸਲਿਮ ਨਾਵਾਂ ਵਾਲੀਆਂ ਪੁਰਾਣੀਆਂ ਥਾਵਾਂ ਦੇ ਪੁਰਾਤਨ ਨਾਵਾਂ ਨੂੰ ਖੋਜ ਕੇ ਨਵਾਂ ਨਾਮਕਰਣ ਕਰੇ |
ਇਸ ਰਿੱਟ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ, ”ਭਾਰਤ ਇਤਿਹਾਸ ਦਾ ਗੁਲਾਮ ਨਹੀਂ ਰਹਿ ਸਕਦਾ | ਅਸੀਂ ਇਸ ਨੂੰ ਖੋਦ ਕੇ ਭਵਿੱਖ ਦੇ ਸਾਹਮਣੇ ਨਹੀਂ ਰੱਖ ਸਕਦੇ, ਜਿਸ ਨਾਲ ਦੇਸ਼ ਲਗਾਤਾਰ ਉੱਬਲਦਾ ਰਹੇ | ਸਾਡਾ ਦੇਸ਼ ਇੱਕ ਧਰਮ-ਨਿਰਪੱਖ ਦੇਸ਼ ਹੈ ਤੇ ਹਿੰਦੂ ਧਰਮ ਜੀਵਨ ਦਾ ਇੱਕ ਤਰੀਕਾ ਹੈ, ਜਿਸ ਨੇ ਸਾਰਿਆਂ ਨੂੰ ਆਪਣੇ ਵਿੱਚ ਸਮੋਅ ਲਿਆ ਹੈ, ਇਸ ਵਿੱਚ ਕੋਈ ਕੱਟੜਤਾ ਨਹੀਂ |”
ਉਪਾਧਿਆਏ ਨੇ ਰਿੱਟ ਪਟੀਸ਼ਨ ਵਿੱਚ ਕਿਹਾ ਸੀ, ”ਅਸੀਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਪਰ ਜ਼ਾਲਮ ਵਿਦੇਸ਼ੀ ਹਮਲਾਵਰਾਂ, ਉਨ੍ਹਾਂ ਦੇ ਨੌਕਰਾਂ ਤੇ ਪਰਵਾਰਕ ਮੈਂਬਰਾਂ ਦੇ ਨਾਵਾਂ ਉੱਤੇ ਕਈ ਇਤਿਹਾਸਕ ਇਮਾਰਤਾਂ ਤੇ ਥਾਵਾਂ ਕਾਇਮ ਹਨ | ਵਿਦੇਸ਼ੀ ਸ਼ਾਸਕਾਂ ਨੇ ਰਮਾਇਣ ਤੇ ਮਹਾਭਾਰਤ ਕਾਲ ਦੇ ਕਈ ਨਾਵਾਂ ਨੂੰ ਬਦਲ ਦਿੱਤਾ, ਇਨ੍ਹਾਂ ਨੂੰ ਬਹਾਲ ਕੀਤਾ ਜਾਣਾ ਜ਼ਰੂਰੀ ਹੈ |” ਉਨ੍ਹਾ ਉਦਾਹਰਨ ਦੇ ਤੌਰ ‘ਤੇ ਅਕਬਰ ਰੋਡ, ਲੋਧੀ ਰੋਡ, ਹਿਮਾਂਯੂ ਰੋਡ ਤੇ ਹੈਲੀ ਰੋਡ ਦਾ ਨਾਂਅ ਲੈ ਕੇ ਇਨ੍ਹਾਂ ਨਾਵਾਂ ਨੂੰ ਬਦਲਣ ਦੀ ਲੋੜ ਉੱਤੇ ਜ਼ੋਰ ਦਿੱਤਾ |
ਇਸ ਦੇ ਜਵਾਬ ਵਿੱਚ ਜਸਟਿਸ ਜੋਸੇਫ ਨੇ ਕਿਹਾ, ”ਤੁਸੀਂ ਅਕਬਰ ਰੋਡ ਦਾ ਵੀ ਨਾਂਅ ਬਦਲਣ ਦੀ ਮੰਗ ਕੀਤੀ ਹੈ | ਇਤਿਹਾਸ ਕਹਿੰਦਾ ਹੈ ਕਿ ਅਕਬਰ ਨੇ ਸਭ ਨੂੰ ਸਾਥ ਲਿਆਉਣ ਦੀ ਗੱਲ ਕੀਤੀ ਤੇ ਇਸ ਲਈ ਦੀਨੇ ਇਲਾਹੀ ਵਰਗਾ ਧਰਮ ਲਿਆਂਦਾ ਗਿਆ | ਤੁਹਾਡੀ ਰਿੱਟ ਪਟੀਸ਼ਨ ਦਾ ਮਕਸਦ ਇੱਕ ਵਿਸ਼ੇਸ਼ ਧਰਮ ਵੱਲ ਉਂਗਲੀ ਚੁੱਕਣਾ ਤੇ ਦੇਸ਼ ਅੰਦਰ ਤਣਾਅ ਪੈਦਾ ਕਰਨ ਵਾਲਾ ਮਾਹੌਲ ਸਿਰਜਣਾ ਹੈ | ਤੁਹਾਡੀ ਚਿੰਤਾ ਅਤੀਤ ਬਾਰੇ ਹੈ | ਤੁਸੀਂ ਇਸ ਨੂੰ ਖੋਦ ਕੇ ਵਰਤਮਾਨ ਤੇ ਭਵਿੱਖ ਦੀਆਂ ਪੀੜ੍ਹੀਆਂ ਅੱਗੇ ਰੱਖਣਾ ਚਾਹੁੰਦੇ ਹੋ | ਅਤੀਤ ਵਿੱਚ ਜੋ ਵਾਪਰਿਆ, ਉਸ ਨੂੰ ਭਵਿੱਖ ਵਿੱਚ ਵੈਰ-ਭਾਵ ਵਧਾਉਣ ਲਈ ਇਸਤੇਮਾਲ ਨਹੀਂ ਕੀਤਾ ਜਾ ਸਕਦਾ | ਭਾਰਤ ਇੱਕ ਧਰਮ-ਨਿਰਪੱਖ ਦੇਸ਼ ਹੈ, ਇਹ ਅਦਾਲਤ ਇੱਕ ਧਰਮ-ਨਿਰਪੱਖ ਮੰਚ ਹੈ, ਗ੍ਰਹਿ ਮੰਤਰਾਲਾ ਇੱਕ ਧਰਮ-ਨਿਰਪੱਖ ਵਿਭਾਗ ਹੈ, ਜਿਸ ਨੂੰ ਸਾਰੇ ਵਰਗਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਨਾ ਕਿ ਕੇਵਲ ਇੱਕ ਵਰਗ ਦਾ |”
ਜਸਟਿਸ ਜੋਸੇਫ ਨੇ ਇਸ ਦੇ ਨਾਲ ਹੀ ਕਿਹਾ ਕਿ ਹਿੰਦੂ ਧਰਮ ਇੱਕ ਮਹਾਨ ਪਰੰਪਰਾ ਹੈ, ਇਸ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ | ਉਪਨਿਸ਼ਦਾਂ, ਵੇਦਾਂ ਤੇ ਗੀਤਾ ਵਿੱਚ ਹਿੰਦੂ ਧਰਮ ਦੀਆਂ ਜੋ ਉਚਾਈਆਂ ਹਨ, ਸਾਨੂੰ ਉਸ ‘ਤੇ ਮਾਣ ਹੋਣਾ ਚਾਹੀਦਾ ਹੈ | ਕ੍ਰਿਪਾ ਕਰਕੇ ਇਸ ਨੂੰ ਘੱਟ ਨਾ ਕਰੋ | ਮੈਂ ਇੱਕ ਈਸਾਈ ਹਾਂ, ਪਰ ਹਿੰਦੂ ਧਰਮ ਨੂੰ ਵੀ ਓਨਾ ਹੀ ਚਾਹੁੰਦਾ ਹਾਂ | ਮੈਂ ਇਸ ਦਾ ਅਧਿਐਨ ਕਰ ਰਿਹਾ ਹਾਂ | ਤੁਸੀਂ ਵੀ ਹਿੰਦੂ ਦਰਸ਼ਨ ਬਾਰੇ ਡਾ. ਐੱਸ ਰਾਧਾਕ੍ਰਿਸ਼ਨਨ ਨੂੰ ਪੜ੍ਹੋ |
ਬੈਂਚ ਦੇ ਦੂਜੇ ਜੱਜ ਜਸਟਿਸ ਨਾਗਰਤਨਾ ਨੇ ਕਿਹਾ, ”ਉਸ ਹਿੰਦੂ ਧਰਮ ਨੂੰ ਛੋਟਾ ਨਾ ਕਰੋ, ਜਿਸ ਵਿੱਚ ਕੱਟੜਤਾ ਲਈ ਕੋਈ ਥਾਂ ਨਹੀਂ ਹੈ | ਹਿੰਦੂ ਧਰਮ ਕੇਵਲ ਧਰਮ ਨਹੀਂ, ਜੀਵਨ ਜੀਣ ਦਾ ਤਰੀਕਾ ਹੈ | ਇਸ ਨੇ ਸਭ ਲੋਕਾਂ ਨੂੰ ਅਪਣਾ ਲਿਆ ਹੈ, ਚਾਹੇ ਉਹ ਦੁਸ਼ਮਣ ਹੈ ਜਾਂ ਦੋਸਤ | ਇਹੋ ਕਾਰਨ ਹੈ ਕਿ ਅਸੀਂ ਸਭ ਸਾਥ ਰਹਿ ਸਕਣ ਦੇ ਸਮਰੱਥ ਹਾਂ | ਅੰਗਰੇਜ਼ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਲਿਆਏ ਸਨ, ਜਿਸ ਨੇ ਸਮਾਜ ਨੂੰ ਤੋੜਿਆ | ਸਾਨੂੰ ਅਜਿਹੀਆਂ ਪਟੀਸ਼ਨਾਂ ਰਾਹੀਂ ਇਸ ਨੂੰ ਦੁਬਾਰਾ ਨਹੀਂ ਤੋੜਨਾ ਚਾਹੀਦਾ | ਦੇਸ਼ ਨੂੰ ਦਿਮਾਗ਼ ਵਿੱਚ ਰੱਖ ਕੇ ਸੋਚੋ, ਧਰਮ ਨੂੰ ਨਹੀਂ |”
ਇਸ ਤੋਂ ਬਾਅਦ ਉਪਾਧਿਆਏ ਨੇ ਤੁਰੰਤ ਕਿਹਾ ਕਿ ਉਹ ਆਪਣੀ ਰਿੱਟ ਵਾਪਸ ਲੈਂਦਾ ਹੈ, ਪਰ ਜਸਟਿਸ ਜੋਸੇਫ ਨੇ ਰਿੱਟ ਨੂੰ ਖਾਰਜ ਕਰਦਿਆਂ ਕਿਹਾ, ”ਅਸੀਂ ਤੁਹਾਨੂੰ ਰਿੱਟ ਵਾਪਸ ਲੈਣ ਦੀ ਇਜਾਜ਼ਤ ਨਹੀਂ ਦਿੰਦੇ | ਅਸੀਂ ਇਤਿਹਾਸ ਬਾਰੇ ਤੁਹਾਡੀ ਧਾਰਨਾ ਜਾਣਨਾ ਚਾਹੁੰਦੇ ਸੀ, ਅਸੀਂ ਤੁਹਾਡੀ ਰਿੱਟ ਨੂੰ ਦੇਖਾਂਗੇ |”
ਅਸਲ ਵਿੱਚ ਦੋ ਮੈਂਬਰੀ ਬੈਂਚ ਨੇ ਜੋ ਕਿਹਾ ਹੈ, ਉਹ ਸਿਰਫ਼ ਪਟੀਸ਼ਨਕਰਤਾ ਲਈ ਨਹੀਂ, ਸਗੋਂ ਨਫ਼ਰਤ ਦੀ ਅੱਗ ਭੜਕਾਉਣ ਵਾਲੇ ਉਨ੍ਹਾਂ ਸਾਰਿਆਂ ਲਈ ਹੈ, ਜੋ ਫਿਰਕੂ ਵੰਡੀਆਂ ਪਾਉਣ ਲਈ ਨਿਤ ਨਵਾਂ ਮੁੱਦਾ ਖੜ੍ਹਾ ਕਰਦੇ ਰਹਿੰਦੇ ਹਨ | ਇਸ ਤੋਂ ਬਾਅਦ ਵੀ ਜੇ ਸਾਡੇ ਹਾਕਮ ਨਾਂਅ ਬਦਲਣ ਦੇ ਝੱਲ ਨੂੰ ਨਹੀਂ ਛੱਡਦੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਹ ਤਾਨਾਸ਼ਾਹੀ ਦੀ ਸਿਖ਼ਰ ਉੱਤੇ ਪਹੁੰਚ ਚੁੱਕੇ ਹਨ, ਜਿੱਥੇ ਲੋਕਤੰਤਰੀ ਸੰਸਥਾਵਾਂ ਦੀ ਕੋਈ ਵੁੱਕਤ ਨਹੀਂ ਰਹਿੰਦੀ |
-ਚੰਦ ਫਤਿਹਪੁਰੀ