ਅੰਮਿ੍ਤਸਰ : ਅੰਮਿ੍ਤਸਰ ‘ਚ ਜ਼ਮੀਨੀ ਝਗੜੇ ‘ਚ ਦੋ ਗੁਟਾਂ ਵਿੱਚ ਝਗੜੇ ਬਾਅਦ ਗੋਲੀਆਂ ਚੱਲੀਆਂ, ਜਿਸ ‘ਚ ਇੱਕ ਨੌਜਵਾਨ ਜ਼ਖਮੀ ਹੋ ਗਿਆ, ਜਦਕਿ ਇੱਕ ਦੀ ਮੌਤ ਹੋ ਗਈ | ਸਥਾਨਕ ਲੋਕ ਦੋਵਾਂ ਨੂੰ ਤੁਰੰਤ ਮਾਲ ਰੋਡ ਸਥਿਤ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਪਰ ਡਾਕਟਰਾਂ ਨੇ ਇੱਕ ਨੂੰ ਮਿ੍ਤਕ ਐਲਾਨ ਦਿੱਤਾ | ਪੁਲਸ ਦਾ ਕਹਿਣਾ ਹੈ ਕਿ ਗੋਲੀਆਂ ਚਲਾਉਣ ਵਾਲਾ ਕਾਂਗਰਸੀ ਕੌਂਸਲਰ ਦਾ ਪੁੱਤ ਹੈ |
ਜਾਣਕਾਰੀ ਅਨੁਸਾਰ ਜ਼ਮੀਨੀ ਵਿਵਾਦ ਤੋਂ ਬਾਅਦ ਅੰਮਿ੍ਤਸਰ ਦੇ 100 ਫੁੱਟ ਰੋਡ ਏਰੀਏ ‘ਚ ਦੋ ਗੁਟਾਂ ‘ਚ ਝਗੜਾ ਹੋ ਗਿਆ | ਮੌਜੂਦਾ ਕਾਂਗਰਸੀ ਕੌਂਸਲਰ ਦੇ ਪੁੱਤਰ ਚਰਨਜੀਤ ਸਿੰਘ ਬਾਬਾ ਨੇ ਇਸ ਦੌਰਾਨ ਗੋਲੀ ਚਲਾ ਦਿੱਤੀ | ਬਾਬਾ ਨੇ ਕੁੱਲ ਚਾਰ ਗੋਲੀਆਂ ਚਲਾਈਆਂ | ਮਰਨ ਵਾਲੇ ਦੀ ਪਛਾਣ ਗੁਰਪ੍ਰਤਾਪ ਰਾਜਾ ਦੇ ਤੌਰ ‘ਤੇ ਹੋਈ | ਬਾਬਾ ਨੇ ਉਸ ਦੇ ਸਿਰ ਅਤੇ ਲੱਤਾਂ ‘ਚ ਗੋਲੀਆਂ ਮਾਰੀਆਂ | ਜਖ਼ਮੀ ਦਾ ਨਾਂਅ ਰਿਸ਼ੀ ਹੈ ਅਤੇ ਉਹ ਕਾਰ ਮਕੈਨਿਕ ਹੈ |
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮਿ੍ਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ | ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |




