ਪਟਿਆਲਾ : ਇੱਥੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਵਿੱਚ ਸ਼ਾਮਲ 6 ਪ੍ਰਮੁੱਖ ਜਥੇਬੰਦੀਆਂ ਦੇ ਆਗੂਆਂ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰਾਨ ਸਰਵਸ੍ਰੀ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਨੇ ਪੀ.ਆਰ.ਟੀ.ਸੀ. ਦੇ ਸਮੁੱਚੇ ਸੇਵਾ-ਮੁਕਤ ਅਤੇ ਮੌਜੂਦਾ ਵਰਕਰਾਂ ਨੂੰ ਸੱਦਾ ਦਿੱਤਾ ਹੈ ਕਿ 14 ਜੂਨ ਨੂੰ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਕੀਤੀ ਜਾ ਰਹੀ ਰੋਸ ਰੈਲੀ ਅਤੇ ਰੋਸ ਮਾਰਚ ਵਿਚ ਸ਼ਾਮਲ ਹੋਣ ਲਈ ਸਵੇਰੇ 10 ਵਜੇ, ਬੱਸ ਸਟੈਂਡ ਸੰਗਰੂਰ ਵਿਖੇ ਹੁੰਮ-ਹੁਮਾ ਕੇ ਪੁੱਜੋ | ਐਕਸ਼ਨ ਕਮੇਟੀ ਦੇ ਆਗੂਆਂ ਨੇ ਰੋਸ ਮਾਰਚ ਕਰਨ ਦੇ ਸੰਬੰਧ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਪੀ.ਆਰ.ਟੀ.ਸੀ. ਦੇ ਕਰਮਚਾਰੀਆਂ ਨੂੰ ਮਈ ਮਹੀਨੇ ਵਿਚ ਵੀ ਤਨਖਾਹ ਅਤੇ ਪੈਨਸ਼ਨ ਪਹਿਲੀ ਤਾਰੀਖ ਨੂੰ ਮਿਲਣ ਦੀ ਬਜਾਏ 17 ਮਈ ਨੂੰ ਮਿਲੀ ਸੀ | ਜੂਨ ਮਹੀਨੇ ਦੀ ਪੈਨਸ਼ਨ ਅਤੇ ਤਨਖਾਹ ਮਿਲਣ ਦੀ ਕੋਈ ਸੰਭਾਵਨਾ ਹੀ ਨਜ਼ਰ ਨਹੀਂ ਆਉਂਦੀ, ਕਿਉਂਕਿ ਪੰਜਾਬ ਸਰਕਾਰ ਵੱਲੋਂ ਮੁਫਤ ਸਫਰ ਸਹੂਲਤਾਂ ਬਦਲੇ ਬਣਦੇ ਪੈਸੇ ਪੀ.ਆਰ.ਟੀ.ਸੀ. ਨੂੰ ਨਹੀਂ ਦਿੱਤੇ ਜਾ ਰਹੇ | ਜਿਹੜੇ ਕਿ ਲੱਗਭੱਗ 200 ਕਰੋੜ ਰੁਪਏ ਸਰਕਾਰ ਵੱਲ ਖੜੇ ਹਨ, ਜਿਸ ਦਾ ਸਪੱਸ਼ਟ ਅਰਥ ਹੈ ਕਿ ਸਰਕਾਰ ਲੋਕਾਂ ਵਿੱਚ ਝੂਠੀ ਭੱਲ ਖੱਟਦੀ ਹੈ ਕਿ ਉਹ ਔਰਤਾਂ ਨੂੰ ਮੁਫਤ ਸਫਰ ਦੀ ਸਹੂਲਤ ਦੇ ਰਹੀ ਹੈ | ਵਿਦਿਆਰਥੀਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਵੀ ਮੁਫਤ ਸਫਰ ਦੀ ਸਹੂਲਤ ਦੇ ਰਹੀ ਹੈ, ਪਰ ਹੁਣ ਤਾਂ ਇਹ ਸਹੂਲਤਾਂ ਵਰਕਰਾਂ ਨੂੰ ਤਨਖਾਹ ਅਤੇ ਪੈਨਸ਼ਨ ਦੀ ਅਦਾਇਗੀ ਨਾ ਕਰਕੇ ਦਿੱਤੀਆਂ ਜਾ ਰਹੀਆਂ ਹਨ | ਭਾਵ ਕਿ ਵਰਕਰਾਂ ਦੀ ਤਨਖਾਹ ਅਤੇ ਪੈਨਸ਼ਨ ‘ਤੇ ਡਾਕਾ ਮਾਰ ਕੇ ਇਸ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਸੇਵਾ-ਮੁਕਤ ਹੋਏ ਵਰਕਰਾਂ ਦਾ ਵੀ ਕੁਝ ਹੋਰ ਬਕਾਏ ਵੀ 100 ਕਰੋੜ ਰੁਪਏ ਤੋਂ ਵੱਧ ਦੇ ਪੈਂਡਿੰਗ ਪਏ ਹਨ, ਪਰ ਸਰਕਾਰ ਨੂੰ ਕੋਈ ਫਿਕਰ ਹੀ ਨਹੀਂ ਕਿ ਵਰਕਰਾਂ ਦਾ ਤਨਖਾਹ ਅਤੇ ਪੈਨਸ਼ਨ ਤੋਂ ਬਿਨਾਂ ਗੁਜ਼ਾਰਾ ਕਿਵੇਂ ਚਲਦਾ ਹੋਵੇਗਾ | ਰੋਸ ਮੁਜ਼ਾਹਰਾ ਕਰਨ ਉਪਰੰਤ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ | ਜਿਸ ਰਾਹੀਂ ਮੰਗ ਕੀਤੀ ਜਾਵੇਗੀ ਕਿ 200 ਕਰੋੜ ਰੁਪਏ ਪੀ.ਆਰ.ਟੀ.ਸੀ. ਨੂੰ ਤੁਰੰਤ ਦਿੱਤੇ ਜਾਣ, ਵਰਕਰਾਂ ਨੂੰ ਤਨਖਾਹ ਅਤੇ ਪੈਨਸ਼ਨ ਪਹਿਲੀ ਤਾਰੀਖ ਨੂੰ ਮਿਲਣੀ ਯਕੀਨੀ ਬਣਾਈ ਜਾਵੇ | ਟਿਕਟ ਮਸ਼ੀਨਾਂ ਦੇ ਸਕੈਂਡਲ ਦੇ ਜ਼ਿੰਮੇਵਾਰ ਬਠਿੰਡਾ ਡਿਪੂ ਦੇ ਜਨਰਲ ਮੈਨੇਜਰ ਨੂੰ ਮੁਅੱਤਲ ਕੀਤਾ ਜਾਵੇ ਅਤੇ ਇਸ ਸਕੈਂਡਲ ਦੀ ਜਾਂਚ ਉੱਚ ਪੱਧਰੀ ਅਥਾਰਟੀ ਰਾਹੀਂ ਕਰਵਾਈ ਜਾਵੇ |




