ਮੁਰਦਾਰ ਖਾਣ ਵਰਗੀਆਂ ਹੱਦਾਂ ਉਲੰਘ ਰਿਹਾ ਥਾਣੇਦਾਰ ਕਾਬੂ

0
216

ਤਲਵੰਡੀ ਸਾਬੋ, (ਜਗਦੀਪ ਗਿੱਲ)-ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ਨੀਵਾਰ ਥਾਣਾ ਤਲਵੰਡੀ ਸਾਬੋ, ਬਠਿੰਡਾ ਜ਼ਿਲੇ੍ਹ ਵਿੱਚ ਤਾਇਨਾਤ ਸਹਾਇਕ ਸਬ-ਇੰਸਪੈਕਟਰ ਜਗਤਾਰ ਸਿੰਘ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ |
ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪੁਲਸ ਮੁਲਾਜ਼ਮ ਨੂੰ ਜਨਕ ਰਾਜ ਵਾਸੀ ਮੇਨ ਬਜ਼ਾਰ ਤਲਵੰਡੀ ਸਾਬੋ ਦੀ ਸ਼ਿਕਾਇਤ ‘ਤੇ ਗਿ੍ਫਤਾਰ ਕੀਤਾ ਗਿਆ ਹੈ | ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਸੀ ਕਿ ਉਕਤ ਪੁਲਸ ਮੁਲਾਜ਼ਮ ਨੇ ਉਸ ਦੇ ਭਰਾ ਵੱਲੋਂ ਉਕਤ ਥਾਣੇ ਵਿੱਚ ਵਿਰੋਧੀ ਧਿਰ ਵਿਰੁੱਧ ਦਰਜ ਕਰਵਾਏ ਇੱਕ ਪੁਲਸ ਕੇਸ ਵਿੱਚ ਉਸ ਦੀ ਮਦਦ ਕਰਨ ਲਈ 20,000 ਰੁਪਏ ਬਤੌਰ ਰਿਸ਼ਵਤ ਮੰਗੀ ਹੈ | ਉਸ ਅਨੁਸਾਰ ਉਕਤ ਏ ਐੱਸ ਆਈ ਪਹਿਲਾਂ ਹੀ ਉਨ੍ਹਾਂ ਤੋਂ 5000 ਰੁਪਏ ਲੈ ਚੁੱਕਾ ਹੈ ਅਤੇ ਬਾਕੀ ਪੈਸੇ ਦੇਣ ਦੀ ਮੰਗ ਕਰ ਰਿਹਾ ਹੈ | ਮਾਮਲੇ ਦੀ ਮੁੱਢਲੀ ਪੜਤਾਲ ਉਪਰੰਤ ਬਠਿੰਡਾ ਰੇਂਜ ਦੀ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਉਕਤ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ | ਉਨ੍ਹਾ ਦੱਸਿਆ ਕਿ ਉਕਤ ਮੁਲਾਜ਼ਮ ਖਿਲਾਫ ਕੈਨਾਲ ਕਲੋਨੀ ਥਾਣਾ ਬਠਿੰਡਾ ਵਿਖੇ ਤਾਇਨਾਤੀ ਦੌਰਾਨ ਪਹਿਲਾਂ ਵੀ ਸਾਲ 2020 ਵਿੱਚ 43,000 ਰੁਪਏ ਰਿਸ਼ਵਤ ਲੈਣ ਸੰਬੰਧੀ ਪ੍ਰਾਪਤ ਇੱਕ ਆਨਲਾਈਨ ਸ਼ਿਕਾਇਤ ਦੇ ਅਧਾਰ ਉਤੇ ਭਿ੍ਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਹੋਇਆ ਹੈ, ਜੋ ਕਿ ਵਧੀਕ ਸੈਸ਼ਨਜ਼ ਜੱਜ ਬਠਿੰਡਾ ਦੀ ਅਦਾਲਤ ਵਿੱਚ ਜ਼ੇਰੇ ਸਮਾਇਤ ਹੈ |

LEAVE A REPLY

Please enter your comment!
Please enter your name here