ਫਿਲੌਰ (ਨਿਰਮਲ)
ਪੁਲਸ ਨੇ ਗੱਗੂ ਬਲਾਚੌਰੀਆ ਗੈਂਗ ਦੇ ਚਾਰ ਮੈਂਬਰਾਂ ਨੂੰ ਗਿ੍ਫਤਾਰ ਕੀਤਾ ਹੈ | ਇਨਵੈਸਟੀਗੇਸਨ ਜਲੰਧਰ (ਦਿਹਾਤੀ) ਸਰਬਜੀਤ ਸਿੰਘ ਬਾਹੀਆ ਅਤੇ ਜਗਦੀਸ਼ ਰਾਜ ਡੀ ਐਸ ਪੀ, ਸਬ ਡਵੀਜ਼ਨ ਫਿਲੌਰ ਨੇ ਦੱਸਿਆ ਕਿ ਇੰਸਪੈਕਟਰ ਸੁਰਿੰਦਰ ਕੁਮਾਰ ਨੂੰ ਸੂਹ ਮਿਲੀ ਸੀ ਕਿ ਗੱਗੂ ਬਲਾਚੌਰੀਆ, ਜੋ ਕਤਲ ਦੇ ਕੇਸ ਵਿੱਚ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਦੇ ਗੈਂਗ ਦੇ ਮੈਂਬਰ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾਬੰਦੀ ਕਰ ਰਹੇ ਹਨ | ਦੇਰ ਰਾਤ ਇੱਕ ਬੁਲਟ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਪੁਲਸ ਪਾਰਟੀ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਅਤੇ ਦੋ ਵਿਅਕਤੀ ਸੰਘਣੀਆਂ ਝਾੜੀਆਂ ਵਿੱਚ ਭੱਜਣ ਵਿੱਚ ਕਾਮਯਾਬ ਹੋ ਗਏ | ਕਾਬੂ ਕੀਤੇ ਸੰਦੀਪ ਕੁਮਾਰ ਉਰਫ ਸੈਂਡੀ ਵਾਸੀ ਬੋਪਾਰਾਏ ਪਾਸੋਂ 1 ਪਿਸਟਲ 32 ਬੋਰ ਸਮੇਤ 2 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ | ਆਪ੍ਰੇਸ਼ਨ ਦੌਰਾਨ ਜਖੀਰਾ ਫਿਲੌਰ ਦੀਆਂ ਸੰਘਣੀਆਂ ਝਾੜੀਆਂ ਵੱਲ ਭੱਜੇ ਨਰਿੰਦਰ ਸਿੰਘ ਉਰਫ ਰਾਜਨ ਵਾਸੀ ਪਧਿਆਣਾ ਨੂੰ ਕਾਬੂ ਕਰਕੇ ਉਸ ਪਾਸੋਂ 1 ਪਿਸਟਲ 32 ਬੋਰ ਸਮੇਤ 2 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ | ਆਪ੍ਰੇਸ਼ਨ ਦੇ ਕਾਫੀ ਸਮਾਂ ਬਾਅਦ ਲਸਾੜਾ ਰੋਡ ‘ਤੇ ਵਿੱਕੀ ਸੰਧੂ ਵਾਸੀ ਝੁੱਗੀਆਂ ਮਹਾ ਸਿੰਘ ਨੂੰ ਕਾਫੀ ਜੱਦੋ ਜਹਿਦ ਤੋਂ ਬਾਅਦ ਗਿ੍ਫਤਾਰ ਕਰਕੇ ਉਸ ਪਾਸੋਂ 1 ਪਿਸਟਲ 32 ਬੋਰ ਸਮੇਤ ਮੈਗਜ਼ੀਨ, 3 ਰੌਂਦ ਜ਼ਿੰਦਾ 32 ਬੋਰ ਬਰਾਮਦ ਕੀਤੇ ਗਏ | ਦੋਸ਼ੀ ਵਿੱਕੀ ਸੰਧੂ ਤੋਂ ਨਿਸ਼ਾਨਦੇਹੀ ਕਰਵਾ ਕੇ 1 ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 2 ਰੌਂਦ ਜ਼ਿੰਦਾ ਹੋਰ ਬਰਾਮਦ ਕੀਤੇ ਗਏ | ਪੁੱਛਗਿੱਛ ਦੇ ਅਧਾਰ ‘ਤੇ ਜੇਲ੍ਹ ਅੰਦਰੋਂ ਬੈਠ ਇਹ ਸਾਰਾ ਗੈਂਗ ਚਲਾ ਰਹੇ ਜਤਿੰਦਰ ਸਿੰਘ ਉਰਫ ਗੱਗੂ ਬਲਾਚੌਰੀਆ ਨੂੰ ਵੀ ਪ੍ਰੋਡਕਸ਼ਨ ਵਰੰਟ ‘ਤੇ ਲੁਧਿਆਣਾ ਜੇਲ੍ਹ ਤੋਂ ਲਿਆ ਕੇ ਗਿ੍ਫਤਾਰ ਕੀਤਾ ਗਿਆ ਹੈ | ਬਲਾਚੌਰੀਆ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਜੇਲ੍ਹ ‘ਚ ਉਸ ਦੀ ਮੁਲਾਕਾਤ ਵਿੱਕੀ ਸੰਧੂ ਨਾਲ ਹੋਈ ਅਤੇ ਇਨ੍ਹਾਂ ਨੇ ਜੇਲ੍ਹ ਅੰਦਰੋਂ ਬੈਠ ਕੇ ਆਪਣਾ ਨਜਾਇਜ਼ ਅਸਲੇ ਅਤੇ ਨਸ਼ਾ ਤਸਕਰੀ ਦਾ ਨੈਟਵਰਕ ਚਲਾਉਣ ਦੀ ਯੋਜਨਾਬੰਦੀ ਕੀਤੀ ਸੀ | ਸੰਧੂ ਦੇ ਜ਼ਮਾਨਤ ‘ਤੇ ਆਉਣ ਤੋਂ ਬਾਅਦ ਬਲਾਚੌਰੀਆ ਦੇ ਕਹਿਣ ‘ਤੇ ਵਿੱਕੀ ਸੰਧੂ 2022 ਵਿੱਚ ਮੱਧ ਪ੍ਰਦੇਸ਼ ਤੋਂ ਨਜਾਇਜ਼ ਪਿਸਟਲ ਅਤੇ ਕਾਰਤੂਸ ਖਰੀਦ ਕੇ ਲਿਆਇਆ ਸੀ ਅਤੇ ਇਸ ਦੇ ਕਹਿਣ ‘ਤੇ ਇਸ ਨੇ ਅੱਗੋਂ ਇਹ ਪਿਸਟਲ ਮਹਿੰਗੇ ਭਾਅ ਵੇਚਣੇ ਸੀ ਅਤੇ ਵਾਰਦਾਤਾਂ ਕਰਨੀਆਂ ਸਨ | ਜੋ ਪਿਸਟਲ ਪੁਲਸ ਵੱਲੋਂ ਬਰਾਮਦ ਕੀਤੇ ਗਏ ਹਨ ਇਹ ਪਿਸਟਲ ਵਿੱਕੀ ਨੇ ਆਪਣਾ ਨੈਟਵਰਕ ਵਧਾਉਣ ਲਈ ਨਰਿੰਦਰ ਕੁਮਾਰ ਅਤੇ ਸੰਦੀਪ ਸੈਂਡੀ ਨੂੰ ਸਪਲਾਈ ਕੀਤੇ ਸਨ |




