ਨਵੀਂ ਦਿੱਲੀ : ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਸ਼ੁੱਕਰਵਾਰ ਨਿਊਯਾਰਕ ਟਾਈਮਜ਼ ‘ਤੇ ਭਾਰਤ ਬਾਰੇ ਝੂਠ ਫੈਲਾਉਣ ਦਾ ਦੋਸ਼ ਲਾਇਆ ਅਤੇ ਕਸ਼ਮੀਰ ‘ਚ ਪ੍ਰੈੱਸ ਦੀ ਆਜ਼ਾਦੀ ‘ਤੇ ਇਸ ਵਿਚ ਪ੍ਰਕਾਸ਼ਤ ਲੇਖ ਨੂੰ ਫਰੇਬ ਤੇ ਧੋਖਾ ਕਰਾਰ ਦਿੱਤਾ | ਠਾਕੁਰ ਨੇ ਟਵੀਟ ਕੀਤਾ-ਨਿਊਯਾਰਕ ਟਾਈਮਜ਼ ਨੇ ਬਹੁਤ ਪਹਿਲਾਂ ਭਾਰਤ ਬਾਰੇ ਕੁਝ ਵੀ ਪ੍ਰਕਾਸ਼ਤ ਕਰਦੇ ਸਮੇਂ ਨਿਰਪੱਖਤਾ ਦੇ ਮਾਪਦੰਡਾਂ ਨੂੰ ਤਿਆਗ ਦਿੱਤਾ ਸੀ | ਕਸ਼ਮੀਰ ‘ਚ ਪ੍ਰੈੱਸ ਦੀ ਆਜ਼ਾਦੀ ਬਾਰੇ ਇਸ ਦੀ ਅਖੌਤੀ ਰਾਇ ਗੁੰਮਰਾਹਕੁੰਨ ਅਤੇ ਕਾਲਪਨਿਕ ਹੈ | ਇਹ ਲੇਖ ਭਾਰਤ ਅਤੇ ਇਸ ਦੀਆਂ ਜਮਹੂਰੀ ਸੰਸਥਾਵਾਂ ਅਤੇ ਕਦਰਾਂ-ਕੀਮਤਾਂ ਬਾਰੇ ਗਲਤ ਜਾਣਕਾਰੀ ਫੈਲਾਉਣ ਦੇ ਇੱਕੋ-ਇੱਕ ਉਦੇਸ਼ ਨਾਲ ਪ੍ਰਕਾਸ਼ਤ ਕੀਤਾ ਗਿਆ ਹੈ |




