ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਜਵਾਬ ਵਿੱਚ ਲਗਦਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤ ਤੋੜੋ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ | ਪਿਛਲੇ ਦਿਨੀਂ ਤਾਮਿਲਨਾਡੂ ਵਿੱਚ ਜਿਸ ਤਰ੍ਹਾਂ ਦੀ ਅਫਰਾ-ਤਫਰੀ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਤੋਂ ਤਾਂ ਇਹੋ ਜਾਪਦਾ ਹੈ |
ਤਾਮਿਲਨਾਡੂ ਵਿੱਚ ਬਿਹਾਰ ਦੇ ਮਜ਼ਦੂਰਾਂ ਵਿਰੁੱਧ ਭਾਰੀ ਹਿੰਸਾ ਦੀਆਂ ਖ਼ਬਰਾਂ ਇੱਕ ਮਾਰਚ ਨੂੰ ਫੈਲਣੀਆਂ ਸ਼ੁਰੂ ਹੋਈਆਂ ਸਨ | ਬਿਹਾਰ ਦੀਆਂ ਅਖ਼ਬਾਰਾਂ ਨੇ ਇੱਕ ਫ਼ਰਜ਼ੀ ਵੀਡੀਓ ਨੂੰ ਅਧਾਰ ਬਣਾ ਕੇ ਲੋਕਾਂ ਵਿੱਚ ਇਹ ਝੂਠੀ ਖ਼ਬਰ ਪਰੋਸੀ | ਇਹ ਝੂਠੀ ਖ਼ਬਰ ਫੈਲਾਉਣ ਵਾਲਿਆਂ ਵਿੱਚ ਭਾਜਪਾ ਦੀ ਹਮਾਇਤੀ ‘ਆਪ ਇੰਡੀਆ’ ਵੈੱਬਸਾਈਟ ਸਭ ਤੋਂ ਮੂਹਰੇ ਸੀ | ਉਸ ਨੇ ਕਿਹਾ ਕਿ ਤਾਮਿਲਨਾਡੂ ਵਿੱਚ ਹਿੰਦੀ ਬੋਲਣ ਵਾਲੇ ਪ੍ਰਵਾਸੀ ਮਜ਼ਦੂਰਾਂ ਉੱਤੇ ਤਾਲਿਬਾਨੀ ਤਰੀਕੇ ਦੇ ਹਮਲੇ ਕੀਤੇ ਜਾ ਰਹੇ ਹਨ | ‘ਦੈਨਿਕ ਭਾਸਕਰ’ ਨੇ ਖ਼ਬਰ ਛਾਪੀ ਕਿ 15 ਬਿਹਾਰੀ ਮਜ਼ਦੂਰਾਂ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਮਿਲੀਆਂ ਹਨ | ਉਸ ਨੇ ਇਹ ਵੀ ਦਾਅਵਾ ਕੀਤਾ ਕਿ ਹਿੰਦੀ ਬੋਲਣ ਵਾਲੇ ਬਿਹਾਰੀਆਂ ਉੱਤੇ ਤਾਲਿਬਾਨ ਵਰਗੇ ਹਮਲੇ ਹੋ ਰਹੇ ਹਨ |
ਤਾਮਿਲਨਾਡੂ ਵਿੱਚ ਟੈਕਸਟਾਈਲ ਸਨਅਤ ਨਾਲ ਜੁੜੇ ਕਾਰਖਾਨਿਆਂ ਵਿੱਚ ਲੱਗਭੱਗ 12 ਲੱਖ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ | ਇਨ੍ਹਾਂ ਅਫ਼ਵਾਹਾਂ ਤੋਂ ਬਾਅਦ ਬਿਹਾਰੀ ਮਜ਼ਦੂਰਾਂ ਨੇ ਵਾਪਸ ਜਾਣਾ ਸ਼ੁਰੂ ਕਰ ਦਿੱਤਾ | ਇਨ੍ਹਾਂ ਅਫ਼ਵਾਹਾਂ ਪਿੱਛੇ ਅਸਲ ਮਕਸਦ 1 ਮਾਰਚ ਨੂੰ ਮੁੱਖ ਮੰਤਰੀ ਸਟਾਲਿਨ ਦੇ ਜਨਮ ਦਿਨ ਉੱਤੇ ਜੁੜੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਭਾਜਪਾ ਵਿਰੁੱਧ ਮਹਾਂਗੱਠਜੋੜ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਤਾਰਪੀਡੋ ਕਰਨਾ ਸੀ | ਇਸ ਮੌਕੇ ਬਿਹਾਰ ਵਿੱਚ ਵਿਧਾਨ ਸਭਾ ਦਾ ਬਜਟ ਅਜਲਾਸ ਚੱਲ ਰਿਹਾ ਸੀ | ਤਾਮਿਲਨਾਡੂ ਵਿੱਚ ਬਿਹਾਰੀ ਮਜ਼ਦੂਰਾਂ ਵਿਰੁੱਧ ਹਿੰਸਾ ਦੀਆਂ ਖ਼ਬਰਾਂ ਛਪ ਜਾਣ ਤੋਂ ਬਾਅਦ ਭਾਜਪਾ ਵਾਲੇ ਤੇਜਸਵੀ ਯਾਦਵ ਉੱਤੇ ਹਮਲਾਵਰ ਹੋ ਗਏ, ਕਿਉਂਕਿ ਉਹ ਸਟਾਲਿਨ ਦੀ ਜਨਮ ਦਿਨ ਪਾਰਟੀ ਵਿੱਚ ਸ਼ਾਮਲ ਹੋਏ ਸਨ | ਭਾਜਪਾ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਵਿਜੇ ਕੁਮਾਰ ਸਿਨਹਾ ਨੇ ਨਿਤੀਸ਼ ਕੁਮਾਰ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ |
ਤਾਮਿਲਨਾਡੂ ਸਰਕਾਰ ਜਦੋਂ ਅਫ਼ਵਾਹਾਂ ਫੈਲਾਉਣ ਵਾਲਿਆਂ ਪ੍ਰਤੀ ਸਖ਼ਤ ਹੋਈ ਤਾਂ ਅਖ਼ਬਾਰਾਂ ਵੀ ਨਰਮ ਪੈ ਗਈਆਂ | ਤਾਮਿਲਨਾਡੂ ਦੇ ਡੀ ਜੀ ਪੀ ਨੇ ਜਾਂਚ ਤੋਂ ਬਾਅਦ ਕਿਹਾ ਕਿ ਜਿਹੜਾ ਵੀਡੀਓ ਵਾਇਰਲ ਕਰਕੇ ਕਿਹਾ ਜਾ ਰਿਹਾ ਹੈ ਕਿ ਇਹ ਹਿੰਦੀ ਬੋਲਣ ਵਾਲਿਆਂ ਵਿਰੁੱਧ ਹਿੰਸਾ ਦਾ ਹੈ, ਉਹ ਪੁਰਾਣਾ ਹੈ ਤੇ ਅਫ਼ਵਾਹ ਕੋਰਾ ਝੂਠ ਹੈ | ਤਾਮਿਲਨਾਡੂ ਸਰਕਾਰ ਵੱਲੋਂ ਹਿੰਦੀ, ਅੰਗਰੇਜ਼ੀ ਤੇ ਤਾਮਿਲ ਵਿੱਚ ਸਪੱਸ਼ਟੀਕਰਨ ਦਿੱਤਾ ਗਿਆ, ਜਿਸ ਨਾਲ ਸ਼ਾਂਤੀ ਦਾ ਮਾਹੌਲ ਬਣਨਾ ਸ਼ੁਰੂ ਹੋਇਆ | ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਵੀ ਤੁਰੰਤ ਬਿਹਾਰ ਦੇ ਅਫ਼ਸਰਾਂ ਦੀ ਇੱਕ ਟੀਮ ਸਥਿਤੀ ਦਾ ਜਾਇਜ਼ਾ ਲੈਣ ਲਈ ਚੇਨਈ ਭੇਜੀ ਗਈ, ਜਿਸ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸੰਗਠਿਤ ਜਾਂ ਵਿਆਪਕ ਹਿੰਸਾ ਦੀਆਂ ਖ਼ਬਰਾਂ ਬਿਲਕੁਲ ਝੂਠੀਆਂ ਹਨ |
ਸਾਰੀ ਸਚਾਈ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੂੰ ਵੀ ਪਿਛਲਖੁਰੀ ਮੁੜਨਾ ਪਿਆ ਹੈ | ਤਾਮਿਲਨਾਡੂ ਭਾਜਪਾ ਪ੍ਰਧਾਨ ਅੰਨਾਮਲਾਈ ਨੇ ਬਿਆਨ ਦੇ ਕੇ ਕਿਹਾ ਕਿ ਬਿਹਾਰੀ ਮਜ਼ਦੂਰਾਂ ਵਿਰੱੁਧ ਕੋਈ ਹਿੰਸਾ ਨਹੀਂ ਹੋਈ | ਬਿਹਾਰ ਨਾਲ ਸੰਬੰਧ ਰੱਖਣ ਵਾਲੇ ਤਾਮਿਲਨਾਡੂ ਦੇ ਗਵਰਨਰ ਆਰ ਐੱਨ ਰਵੀ ਨੇ ਵੀ ਕਿਹਾ ਕਿ ਬਿਹਾਰੀਆਂ ਖ਼ਿਲਾਫ਼ ਹਿੰਸਾ ਦੀਆਂ ਖ਼ਬਰਾਂ ਕੋਰਾ ਝੂਠ ਹਨ, ਪਰ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਪ੍ਰਸ਼ਾਂਤ ਪਟੇਲ ਵਿਰੁੱਧ ਇਹ ਅਫ਼ਵਾਹ ਫੈਲਾਉਣ ਦਾ ਕੇਸ ਦਰਜ ਕੀਤਾ ਗਿਆ ਹੈ |
ਸਿਆਸੀ ਵਿਸ਼ਲੇਸ਼ਕਾਂ ਦੀ ਸਮਝ ਹੈ ਕਿ ਭਾਜਪਾ ਨੇ ਇਹ ਕੋਸ਼ਿਸ਼ ਕੀਤੀ ਸੀ ਕਿ ਤਾਮਿਲਨਾਡੂ ਦੇ ਮਾਮਲੇ ਨੂੰ ਹਵਾ ਦੇ ਕੇ ਬਿਹਾਰ ਤੇ ਤਾਮਿਲਨਾਡੂ ਦੋਹਾਂ ਥਾਵਾਂ ਉੱਤੇ ਵਿਰੋਧੀ ਧਿਰਾਂ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇ ਤੇ ਨਾਲ ਹੀ ਹਿੰਦੀ ਭਾਸ਼ੀਆਂ ਤੇ ਤਾਮਿਲ ਭਾਸ਼ੀਆਂ ਵਿੱਚ ਦੋਫਾੜ ਪਾ ਕੇ ਇੱਕ ਨਵੀਂ ਕਤਾਰਬੰਦੀ ਦੀ ਨੀਂਹ ਰੱਖੀ ਜਾਵੇ |
ਇਹ ਸਤਰਾਂ ਲਿਖਣ ਦਾ ਸਾਡਾ ਮਕਸਦ ਹੈ ਕਿ ਅਜਿਹੇ ਹਾਲਾਤ ਪੰਜਾਬ ਵਿੱਚ ਵੀ ਪੈਦਾ ਕਰਨ ਦੀਆਂ ਕੋਸ਼ਿਸ਼ ਹੋ ਸਕਦੀਆਂ ਹਨ | ਪਿਛਲੇ ਕੁਝ ਸਮੇਂ ਤੋਂ ਈਸਾਈਆਂ ਵਿਰੁੱਧ ਭੜਕਾਊ ਟਿੱਪਣੀਆਂ ਤੇ ਯੂ ਪੀ-ਬਿਹਾਰ ਦੇ ਮਜ਼ਦੂਰਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ ਉੱਤੇ ਪਾਬੰਦੀ ਲਾਉਣ ਦੀਆਂ ਗੱਲਾਂ, ਇਸੇ ਪਾਸੇ ਵਧਣ ਦੀ ਸ਼ਾਹਦੀ ਭਰਦੀਆਂ ਹਨ | ਸਭ ਦੇਸ਼ ਭਗਤ ਪੰਜਾਬੀਆਂ ਨੂੰ ਚੌਕਸ ਰਹਿਣ ਦੀ ਵੱਡੀ ਲੋੜ ਹੈ |