ਜਲੰਧਰ (ਰਾਜੇਸ਼ ਥਾਪਾ,
ਕੇਸਰ, ਸੌਰਭ ਖੰਨਾ)
ਸ਼ੁੱਕਰਵਾਰ ਇੱਥੇ ਦੇਸ਼ ਭਗਤ ਯਾਦਗਾਰ ਦੇ ਖੁੱਲ੍ਹੇ ਪੰਡਾਲ ਵਿੱਚ ਸੀ.ਪੀ.ਆਈ., ਆਰ.ਐੱਮ.ਪੀ.ਆਈ., ਸੀ.ਪੀ.ਆਈ (ਐੱਮ.ਐੱਲ.) ਲਿਬਰੇਸ਼ਨ, ਸੀ.ਪੀ.ਆਈ. (ਐੱਮ.ਐੱਲ) ਨਿਊ ਡੈਮੋਕਰੇਸੀ, ਐੱਮ.ਸੀ.ਪੀ.ਆਈ. (ਯੂ), ਇਨਕਲਾਬੀ ਕੇਂਦਰ ਪੰਜਾਬ ਅਤੇ ਪੰਜਾਬ ਜਮਹੂਰੀ ਮੰਚ ‘ਤੇ ਅਧਾਰਤ ਫਾਸ਼ੀਵਾਦੀ ਹਮਲਿਆਂ ਵਿਰੋਧੀ ਮੋਰਚੇ ਵੱਲੋਂ ਇੱਕ ਲਾਮਿਸਾਲ ਰੈਲੀ ਕੀਤੀ ਗਈ | ਰੈਲੀ ਦੀ ਪ੍ਰਧਾਨਗੀ ਹਰਦੇਵ ਸਿੰਘ ਅਰਸ਼ੀ, ਅਜਮੇਰ ਸਿੰਘ, ਰਤਨ ਸਿੰਘ ਰੰਧਾਵਾ, ਨਰਾਇਣ ਦੱਤ, ਰਾਜਵਿੰਦਰ ਰਾਣਾ, ਹਰਮੇਲ ਸਿੰਘ ਅਤੇ ਗੁਰਮੀਤ ਸਿੰਘ ਮਹਿਮਾ ਨੇ ਕੀਤੀ | ਬੰਤ ਸਿੰਘ ਬਰਾੜ, ਮੰਗਤ ਰਾਮ ਪਾਸਲਾ, ਦਰਸ਼ਨ ਸਿੰਘ ਖਟਕੜ, ਗੁਰਮੀਤ ਸਿੰਘ ਬੱਖਤਪੁਰਾ, ਕੰਵਲਜੀਤ ਖੰਨਾ, ਸੁੱਚਾ ਸਿੰਘ ਅਤੇ ਮੰਗਤ ਰਾਮ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਫਾਸ਼ੀਵਾਦ ਤੋਂ ਦੇਸ਼ ਦੇ ਸੰਵਿਧਾਨ ਅਤੇ ਦੇਸ਼ ਦੇ ਤਿਰੰਗੇ ਝੰਡੇ ਨੂੰ ਵੱਡੇ ਖਤਰੇ ਦਰਪੇਸ਼ ਹਨ | ਦੇਸ਼ ਦੀਆਂ ਆਜ਼ਾਦ ਸੰਸਥਾਵਾਂ ਸੁਪਰੀਮ ਕੋਰਟ, ਚੋਣ ਕਮਿਸ਼ਨ, ਸੀ.ਬੀ.ਆਈ. ਅਤੇ ਆਈ.ਡੀ. ਆਦਿ ਦੀ ਵਰਤੋਂ ਮੋਦੀ ਸਰਕਾਰ ਖੁੱਲ੍ਹੇਆਮ ਆਪਣੇ ਰਾਜਨੀਤਕ ਵਿਰੋਧੀਆਂ ਅਤੇ ਖੱਬੇਪੱਖੀ ਬੁੱਧੀਜੀਵੀਆਂ ਨੂੰ ਦਬਾਉਣ ਅਤੇ ਜੇਲ੍ਹਾਂ ਵਿੱਚ ਬੰਦ ਕਰਨ ਲਈ ਕਰ ਰਹੀ ਹੈ | ਭਾਰਤੀ ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖਤਾ ਦਾ ਘਾਣ ਕਰਕੇ ਦੇਸ਼ ਦੀਆਂ ਘੱਟ-ਗਿਣਤੀਆਂ ਨੂੰ ਮੋਦੀ ਸਰਕਾਰ ਆਪਣੇ ਨਿਸ਼ਾਨੇ ਉਪਰ ਲੈ ਰਹੀ ਹੈ | ਦੇਸ਼ ਅੰਦਰ ਫ਼ਿਰਕਾਪ੍ਰਸਤੀ, ਜਾਤਾਂ ਅਤੇ ਖਿੱਤਿਆਂ ਅਧਾਰਤ ਜਨਤਾ ਨੂੰ ਵੰਡਿਆ ਜਾ ਰਿਹਾ ਹੈ | ਦੇਸ਼ ਵਿੱਚ ਇੱਕ ਧਰਮ, ਇੱਕ ਭਾਸ਼ਾ, ਇੱਕ ਮੰਡੀ, ਇੱਕ ਸੱਭਿਆਚਾਰ ਅਤੇ ਸਾਰੇ ਕਾਸੇ ਦਾ ਭਗਵਾਂਕਰਨ ਕਰਨ ਦੀ ਰਾਜਨੀਤੀ ਖੁੱਲ੍ਹੇਆਮ ਅੱਗੇ ਵਧ ਰਹੀ ਹੈ | ਪੰਜਾਬ ਦੇ ਦਰਿਆਈ ਪਾਣੀਆਂ, ਭਾਖੜਾ-ਬਿਆਸ ਮੈਨੇਜਮੈਂਟ ਅਤੇ ਪੰਜਾਬ ਦੀ ਰਾਜਧਾਨੀ ਉਪਰ ਮੋਦੀ ਸਰਕਾਰ ਕਬਜ਼ਾ ਕਰੀ ਬੈਠੀ ਹੈ |
ਪੰਜਾਬ ਅੰਦਰ ਵੋਟਾਂ ਦਾ ਧਰੁਵੀਕਰਨ ਕਰਨ ਲਈ ਕੇਂਦਰੀ ਏਜੰਸੀਆਂ ਖਾਲਿਸਤਾਨ ਵਰਗੇ ਨਾਹਰਿਆ ਨੂੰ ਉਭਾਰ ਰਹੀਆਂ ਹਨ, ਮੋਦੀ ਸਰਕਾਰ ਦਾ ਇਹ ਵਰਤਾਰਾ ਪੰਜਾਬ ਨੂੰ 1980ਵਿਆਂ ਦੇ ਦਹਾਕੇ ਵੱਲ ਧੱਕਣ ਦੇ ਯਤਨ ਹਨ | ਬੁਲਾਰਿਆਂ ਨੇ ਕਿਹਾ ਕਿ ਦੇਸ਼ ਅਤੇ ਖਾਸਕਰ ਪੰਜਾਬ ਦੇ ਸੰਘੀ ਢਾਂਚੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ | ਤਾਮਿਲਨਾਡੂ, ਕੇਰਲਾ, ਪੱਛਮੀ ਬੰਗਾਲ, ਤਿਲੰਗਾਨਾ ਅਤੇ ਪੰਜਾਬ ਵਿੱਚ ਭਾਜਪਾ ਗਵਰਨਰ ਰਾਹੀਂ ਵਿਰੋਧੀ ਸਰਕਾਰ ਨੂੰ ਸੰਵਿਧਾਨ ਮੁਤਾਬਕ ਚੱਲਣ ਤੋਂ ਰੋਕਾਂ ਖੜ੍ਹੀਆਂ ਕਰ ਰਹੀ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕ ਕਦਾਚਿੱਤ ਭਾਰਤ ਵਿੱਚ ਅਫਗਾਨਿਸਤਾਨ ਵਰਗੇ ਹਿੰਦੂ ਤਾਲਿਬਾਨ ਦਾ ਰਾਜ ਥੋਪਣ ਦੀ ਇਜਾਜ਼ਤ ਨਹੀਂ ਦੇਣਗੇ ਅਤੇ ਫਾਸ਼ੀਵਾਦ ਦੇ ਘੋੜੇ ਦੀ ਲਗਾਮ ਪੰਜਾਬ ਦੇ ਬਹਾਦਰ ਲੋਕ ਹਰ ਹਾਲਤ ਵਿੱਚ ਫੜਨ ਵਿੱਚ ਕਾਮਯਾਬ ਹੋਣਗੇ |