32.7 C
Jalandhar
Saturday, July 27, 2024
spot_img

ਬਜਟ ‘ਚ ਸਿੱਖਿਆ, ਸਿਹਤ, ਰੁਜ਼ਗਾਰ ਤੇ ਖੇਤੀਬਾੜੀ ‘ਤੇ ਜ਼ੋਰ

ਚੰਡੀਗੜ੍ਹ (ਗੁਰਜੀਤ ਬਿੱਲਾ)
ਵਿੱਤ ਮੰਤਰੀ ਹਰਪਾਲ ਚੀਮਾ ਨੇ ਸ਼ੁੱਕਰਵਾਰ ‘ਆਪ’ ਸਰਕਾਰ ਦੀ ਪਹਿਲੀ ਵਰੇ੍ਹਗੰਢ ‘ਤੇ ਸਾਲ 2023-24 ਲਈ ਬੱਜਟ ਪੇਸ਼ ਕਰਦਿਆਂ ਸਪੱਸ਼ਟ ਕੀਤਾ ਕਿ ਬੱਜਟ ਦਾ ਕੇਂਦਰ ਸਿੱਖਿਆ, ਸਿਹਤ, ਰੁਜ਼ਗਾਰ ਅਤੇ ਖੇਤੀਬਾੜੀ ਹਨ | ਉਨ੍ਹਾ ਰੁਜ਼ਗਾਰ ਸਿਰਜਣ ਤੇ ਚੰਗੇ ਵਿੱਤੀ ਸਾਲ 2023-24 ਲਈ 1.96 ਲੱਖ ਕਰੋੜ ਰੁਪਏ ਤੋਂ ਵੱਧ ਦਾ ਬੱਜਟ ਤਜਵੀਜ਼ ਕੀਤਾ | ਬੱਜਟ ਵਿਚ ਪਿਛਲੇ ਸਾਲ ਨਾਲੋਂ 26 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ | ਉਨ੍ਹਾ ਮੁਤਾਬਕ ਵਿੱਤੀ ਸਾਲ 2023-24 ਲਈ ਪੰਜਾਬ ਦਾ ਕੁੱਲ ਰਾਜ ਘਰੇਲੂ ਉਤਪਾਦ (ਜੀ ਐੱਸ ਡੀ ਪੀ) 6,98,635 ਕਰੋੜ ਰੁਪਏ ਹੋਵੇਗਾ |
ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਨਵੀਂ ਖੇਤੀ ਨੀਤੀ ਲਿਆਵੇਗੀ, ਜਿਸ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ | ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਲਈ 1000 ਕਰੋੜ ਰੁਪਏ ਦੀ ਅਲਾਟਮੈਂਟ ਦੀ ਤਜਵੀਜ਼ ਹੈ ਤੇ ਫਸਲ ਬੀਮਾ ਯੋਜਨਾ ਛੇਤੀ ਸ਼ੁਰੂ ਕੀਤੀ ਜਾਵੇਗੀ | ਉਨ੍ਹਾ ਸਕੂਲ ਬਣਾਉਣ, ਆਮ ਆਦਮੀ ਕਲੀਨਿਕਾਂ, ਘਰੇਲੂ ਖਪਤਕਾਰਾਂ ਨੂੰ ਮੁਫਤ 300 ਯੂਨਿਟ ਬਿਜਲੀ ਦੇਣ ਅਤੇ ਮੂੰਗੀ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਕੇ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਦੇ ਕਦਮਾਂ ਬਾਰੇ ਵੀ ਚਾਨਣਾ ਪਾਇਆ |
ਬੱਜਟ ਵਿਚ ਖੇਤੀ ਤੇ ਕਿਸਾਨ ਭਲਾਈ ਲਈ 13,888 ਕਰੋੜ ਰੁਪਏ ਰਾਖਵੇਂ ਰੱਖੇ ਗਏ | ਖੇਤੀ ਵਿਭਿੰਨਤਾ ਲਈ 1000 ਕਰੋੜ ਰੁਪਏ ਦੀ ਤਜਵੀਜ਼ ਹੈ | ਬਿਜਲੀ ਸਬਸਿਡੀ ਲਈ 9331 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ | ਕਿਸਾਨਾਂ ਲਈ ਮੁਫਤ ਬਿਜਲੀ ਜਾਰੀ ਰਹੇਗੀ | ਝੋਨੇ ਦੀ ਸਿੱਧੀ ਬਿਜਾਈ ਤੇ ਮੂੰਗੀ ਦੀ ਸਿੱਧੀ ਖਰੀਦ ਲਈ 125 ਕਰੋੜ ਰੁਪਏ ਰੱਖੇ ਗਏ ਹਨ | ਪਰਾਲੀ ਪ੍ਰਬੰਧਨ ਲਈ 350 ਕਰੋੜ ਰੁਪਏ ਤੇ ਬਾਗਵਾਨੀ ਵਿਭਾਗ ਲਈ 253 ਕਰੋੜ ਰੁਪਏ ਰੱਖੇ ਗਏ ਹਨ |
ਪੰਜਾਬ ਸਰਕਾਰ ਨੇ ਸਕੂਲੀ ਤੇ ਉੱਚ ਸਿੱਖਿਆ ਲਈ 17,072 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ, ਜੋ ਪਿਛਲੇ ਸਾਲ ਨਾਲੋਂ 12% ਵੱਧ ਹੈ | ਇਸ ਤੋਂ ਇਲਾਵਾ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਸੁਧਾਰ ਲਈ 615 ਕਰੋੜ ਰੁਪਏ ਦਾ ਉਪਬੰਧ ਪ੍ਰਸਤਾਵਤ ਹੈ, ਜੋ ਪਿਛਲੇ ਸਾਲ ਨਾਲੋਂ ਲੱਗਭੱਗ 6 ਫੀਸਦੀ ਵੱਧ ਹੈ | ਖ਼ੇਡ ਬੱਜਟ ਵਿਚ ਪਿਛਲੇ ਸਾਲ ਨਾਲੋਂ 55 ਫੀਸਦੀ ਦਾ ਵਾਧਾ ਕੀਤਾ ਗਿਆ ਹੈ | ਖੇਡਾਂ ਦੇ ਬੁਨਿਆਦੀ ਢਾਂਚੇ ਲਈ 258 ਕਰੋੜ ਰੁਪਏ ਦਾ ਬੱਜਟ ਹੈ | ਖੇਡਾਂ ਦਾ ਸਾਮਾਨ ਖਰੀਦਣ ਲਈ 3 ਕਰੋੜ ਰੁਪਏ ਦੀ ਤਜਵੀਜ਼ ਹੈ |
ਸਿਹਤ ਖੇਤਰ ਲਈ 4781 ਕਰੋੜ ਰੁਪਏ ਰੱਖੇ ਗਏ ਹਨ | ਹੁਸ਼ਿਆਰਪੁਰ ਤੇ ਕਪੂਰਥਲਾ ਵਿਚ ਦੋ ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ ਅਤੇ ਇਨ੍ਹਾਂ ਦੋਵਾਂ ਕਾਲਜਾਂ ਵਿਚ 100-100 ਐੱਮ ਬੀ ਬੀ ਐੱਸ ਸਰਕਾਰੀ ਸੀਟਾਂ ਹੋਣਗੀਆਂ | ਦੋਵਾਂ ਮੈਡੀਕਲ ਕਾਲਜਾਂ ਲਈ ਕ੍ਰਮਵਾਰ 422 ਤੇ 412 ਕਰੋੜ ਰੁਪਏ ਰੱਖੇ ਗਏ ਹਨ | ਫਾਜ਼ਿਲਕਾ ਵਿਚ ਕੈਂਸਰ ਕੇਅਰ ਯੂਨਿਟ ਜਲਦ ਸ਼ੁਰੂ ਹੋਵੇਗਾ | ਮੈਡੀਕਲ ਸਿੱਖਿਆ ਤੇ ਖੋਜ ਲਈ 1015 ਕਰੋੜ ਰੁਪਏ ਰੱਖੇ ਗਏ ਹਨ | ਆਮ ਆਦਮੀ ਕਲੀਨਿਕਾਂ ਲਈ ਬੱਜਟ ਵਿਚ ਕੁਝ ਨਹੀਂ ਰੱਖਿਆ ਗਿਆ | ਸਿਹਤ ਕੇਂਦਰਾਂ ਦੀ ਮਜ਼ਬੂਤੀ ਲਈ 39 ਕਰੋੜ ਰੁਪਏ ਤੇ ਹੋਮੀ ਭਾਭਾ ਕੈਂਸਰ ਸੈਂਟਰ ਲਈ 17 ਕਰੋੜ ਰੁਪਏ ਰੱਖੇ ਗਏ ਹਨ |
ਪੰਜਾਬ ਦੀ ਕਾਨੂੰਨ ਵਿਵਸਥਾ ਲਈ 10523 ਕਰੋੜ ਰੁਪਏ ਦਾ ਬਜਟ ਹੈ | ਇਸ ਵਿਚ ਪਿਛਲੇ ਸਾਲ ਨਾਲੋਂ 11 ਫੀਸਦੀ ਦਾ ਵਾਧਾ ਕੀਤਾ ਗਿਆ ਹੈ | ਪੁਲਸ ਦੇ ਨਵੇਂ ਉਪਕਰਣਾਂ ਅਤੇ ਬੁਨਿਆਦੀ ਢਾਂਚੇ ਲਈ 40 ਕਰੋੜ ਰੁਪਏ ਰੱਖੇ ਗਏ ਹਨ | ਪੁਲਸ ਦੇ ਆਧੁਨਿਕੀਕਰਨ ਲਈ 64 ਕਰੋੜ ਰੁਪਏ ਰੱਖੇ ਗਏ ਹਨ | ਸਰਹੱਦ ਦੇ ਨੇੜਲੇ ਪਿੰਡਾਂ ਵਿਚ ਸੀ ਸੀ ਟੀ ਵੀ ਕੈਮਰੇ ਲੱਗਣਗੇ | ਸਾਈਬਰ ਕ੍ਰਾਈਮ ਨਾਲ ਨਜਿੱਠਣ ਲਈ 30 ਕਰੋੜ ਰੁਪਏ ਦੀ ਤਜਵੀਜ਼ ਹੈ |
ਮੁੱਖ ਮੰਤਰੀ ਭਗਵੰਤ ਮਾਨ ਨੇ ਬਜਟ ਨੂੰ ‘ਆਮ ਲੋਕਾਂ ਦਾ ਬਜਟ’ ਦੱਸਦਿਆਂ ਇਸ ਦੀ ਸ਼ਲਾਘਾ ਕਰਦੇ ਹੋਏ ਇਸ ਬਜਟ ਨੂੰ ਨਵੇਂ, ਪ੍ਰਗਤੀਸ਼ੀਲ ਅਤੇ ਖੁਸ਼ਹਾਲ ਪੰਜਾਬ ਦੀ ਰੂਪ-ਰੇਖਾ ਕਰਾਰ ਦਿੱਤਾ ਹੈ | ਇਕ ਬਿਆਨ ‘ਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਦੇ ਸੱਤਾ ‘ਚ ਆਉਣ ਤੋਂ ਠੀਕ ਇਕ ਸਾਲ ਬਾਅਦ ਇਹ ਟੈਕਸ ਮੁਕਤ ਬਜਟ ਪੇਸ਼ ਕੀਤਾ ਗਿਆ ਹੈ | ਭਗਵੰਤ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਬਜਟ ਸੂਬੇ ‘ਚ ਅਮਨ-ਸ਼ਾਂਤੀ, ਤਰੱਕੀ ਤੇ ਖੁਸ਼ਹਾਲੀ ਨੂੰ ਯਕੀਨੀ ਬਣਾ ਕੇ ਆਮ ਲੋਕਾਂ ਦੀ ਤਕਦੀਰ ਬਦਲ ਦੇਵੇਗਾ | ਮੱੁਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਵਚਨਬੱਧਤਾ ਦੇ ਮੁਤਾਬਕ ਬਜਟ ਵਿਚ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਖਾਕਾ ਪੇਸ਼ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਹ ਬਜਟ ਹਰੇਕ ਖੇਤਰ ਵਿਚ ਵਿਕਾਸ ਨੂੰ ਹੁਲਾਰਾ ਦੇਵੇਗਾ ਅਤੇ ਸੂਬੇ ਦੇ ਵਿਆਪਕ ਵਿਕਾਸ ਨੂੰ ਯਕੀਨੀ ਬਣਾਏਗਾ | ਉਨ੍ਹਾਂ ਦੱਸਿਆ ਕਿ ਆਉਂਦੇ ਵਿੱਤੀ ਸਾਲ ਦੌਰਾਨ ਖੇਤੀ ਵੰਨ-ਸੁਵੰਨਤਾ ਲਈ ਵਿਸ਼ੇਸ਼ ਸਕੀਮ ਵਾਸਤੇ 1000 ਕਰੋੜ ਰੁਪਏ ਰੱਖੇ ਗਏ ਹਨ ਜੋ ਕਿਸਾਨਾਂ ਦੀ ਭਲਾਈ ਲਈ ਬਹੁਤ ਸਹਾਈ ਸਿੱਧ ਹੋਣਗੇ | ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨੂੰ ਮੌਸਮ ਦੇ ਕਹਿਰ ਅਤੇ ਹੋਰ ਆਫਤਾਂ ਤੋਂ ਬਚਾਉਣ ਲਈ ਫਸਲੀ ਬੀਮਾ ਮੁਹੱਈਆ ਕਰਵਾਉਣ ਦਾ ਪ੍ਰਸਤਾਵ ਵੀ ਇਤਿਹਾਸਕ ਫੈਸਲਾ ਹੈ ਜੋ ਕਿਸਾਨਾਂ ਦੇ ਹਿੱਤ ਮਹਿਫੂਜ਼ ਰੱਖੇਗਾ | ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਬਠਿੰਡਾ ਅਤੇ ਫਰੀਦਕੋਟ ‘ਚ ਪੰਜ ਨਵੇਂ ਹੌਰਟੀਕਲਚਰ ਅਸਟੇਟ ਸਥਾਪਤ ਕਰਨ ਅਤੇ ਮਿਲਕਫੈੱਡ ਦੀ ਕਾਇਆਕਲਪ ਕਰਨ ਲਈ ਅਗਲੇ ਵਿੱਤੀ ਸਾਲ ਲਈ 100 ਕਰੋੜ ਰੁਪਏ ਰੱਖੇ ਗਏ ਹਨ ਜਿਸ ਨਾਲ ਕਿਸਾਨਾਂ ਦੀ ਭਲਾਈ ਲਈ ਭਵਿੱਖ ਵਿਚ ਨਵੀਆਂ ਬੁਲੰਦੀਆਂ ਛੂਹਣਗੇ | ਭਗਵੰਤ ਮਾਨ ਨੇ ਕਿਹਾ ਕਿ ਇਹ ਬਹੁਤ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ ਸਕੂਲ ਤੇ ਉਚੇਰੀ ਸਿੱਖਿਆ ਲਈ 17072 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ ਜੋ ਬੀਤੇ ਸਾਲ ਨਾਲੋਂ 12 ਫੀਸਦੀ ਵੱਧ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿਚ ਤਬਦੀਲ ਕਰਨ ਲਈ 200 ਕਰੋੜ ਰੁਪਏ ਰੱਖੇ ਗਏ ਹਨ | ਉਨ੍ਹਾਂ ਕਿਹਾ ਕਿ ਹੋਰ ਪੱਛੜੀਆਂ ਸ਼੍ਰੇਣੀਆਂ ਲਈ 18 ਕਰੋੜ ਰੁਪਏ ਅਤੇ ਐਸ.ਸੀ. ਵਿਦਿਆਰਥੀਆਂ ਲਈ 60 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ‘ਚ 14,500 ਤੋਂ ਵੱਧ ਯੂਥ ਕਲੱਬਾਂ ਨੂੰ ਮੁੜ-ਸਰਗਰਮ ਕਰਨ ਦੀ ਤਜਵੀਜ਼ ਨਾਲ ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਉਸਾਰੂ ਦਿਸ਼ਾ ਵੱਲ ਲਾਉਣ ਵਿੱਚ ਮਦਦ ਮਿਲੇਗੀ | ਉਨ੍ਹਾਂ ਇਹ ਵੀ ਆਖਿਆ ਕਿ ਮੈਡੀਕਲ ਸਿੱਖਿਆ ਤੇ ਖੋਜ ਲਈ 1,015 ਕਰੋੜ ਰੁਪਏ ਰੱਖਣ ਨਾਲ ਸੂਬੇ ਨੂੰ ਮੈਡੀਕਲ ਸਿੱਖਿਆ ਦੇ ਗੜ੍ਹ ਵਜੋਂ ਵਿਕਸਤ ਕਰਨ ਵਿੱਚ ਮਦਦ ਮਿਲੇਗੀ | ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੀ.ਏ.ਯੂ., ਗਡਵਾਸੂ, ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਰਗੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਇਨ੍ਹਾਂ ਨਾਲ ਜੁੜੇ ਕਾਲਜਾਂ ਲਈ 990 ਕਰੋੜ ਰੁਪਏ ਦੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਨਾਲ ਸੂਬੇ ਵਿੱਚ ਸਮੁੱਚੇ ਸਿੱਖਿਆ ਢਾਂਚੇ ਦਾ ਕਾਇਆ-ਕਲਪ ਹੋਵੇਗਾ | ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਤੇ ਪਰਵਾਰ ਭਲਾਈ ਲਈ 4781 ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਨਾਲੋਂ 11 ਫੀਸਦੀ ਵੱਧ ਹਨ | ਉਨ੍ਹਾਂ ਕਿਹਾ ਕਿ ‘ਪੰਜਾਬ ਸਿੱਖਿਆ-ਤੇ-ਸਿਹਤ ਫੰਡ’ ਪਰਵਾਸੀ ਭਾਰਤੀਆਂ ਦੀ ਸਰਗਰਮ ਭਾਈਵਾਲੀ ਨਾਲ ਸਿੱਖਿਆ ਤੇ ਸਿਹਤ ਖੇਤਰਾਂ ਦੀ ਤਬਦੀਲੀ ਲਈ ਪ੍ਰੇਰਕ ਵਜੋਂ ਕੰਮ ਕਰੇਗਾ | ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੁਲਿਸ ਬਲ ਦੇ ਆਧੁਨਿਕੀਕਰਨ ਨਾਲ ਕਾਨੂੰਨ-ਵਿਵਸਥਾ ਅਤੇ ਅਪਰਾਧ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ | ਉਨ੍ਹਾਂ ਕਿਹਾ ਕਿ 26,295 ਕਰੋੜ ਰੁਪਏ ਦੇ ਕੁੱਲ ਬਜਟ ਨਾਲ ਸੂਬੇ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਤੇ ਮੁਰੰਮਤ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ | ਇਸ ਵਾਰ ਇਸ ਖ਼ੇਤਰ ਲਈ ਪਿਛਲੇ ਵਿੱਤੀ ਵਰ੍ਹੇ ਨਾਲੋਂ 13 ਫੀਸਦੀ ਵੱਧ ਬਜਟ ਰੱਖਿਆ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles