ਭਾਰਤ ਤੇ ਆਸਟਰੇਲੀਆ ਵਿਚਾਲੇ ਕ੍ਰਿਕਟ ਟੈੱਸਟ ਲੜੀ ਦਾ ਚੌਥਾ ਮੈਚ ਵੀਰਵਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ੁਰੂ ਹੋਇਆ | ਮੈਚ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਦੌਰੇ ‘ਤੇ ਆਏ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਨਥੋਨੀ ਅਲਬਾਨੀਜ਼ ਨਾਲ ਰੱਥ ਵਰਗੇ ਗੋਲਫ ਕੋਰਟ ਵਿੱਚ ‘ਲੈਪ ਆਫ ਆਨਰ’ (ਜਿੱਤ ਤੋਂ ਬਾਅਦ ਜੇਤੂ ਟੀਮ ਵੱਲੋਂ ਮੈਦਾਨ ਦੀ ਕੱਢੀ ਜਾਂਦੀ ਗੇੜੀ) ਲਿਆ | ਇਸੇ ਮੌਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬੇਟੇ ਜੈ ਸ਼ਾਹ ਨੇ ਮੋਦੀ ਨੂੰ ਉਨ੍ਹਾ ਦੀ ਹੀ ਤਸਵੀਰ ਭੇਟ ਕੀਤੀ | ਸਟੇਡੀਅਮ ਦਾ ਨਾਂਅ ਬਦਲ ਕੇ ਮੋਦੀ ਦੇ ਨਾਂਅ ‘ਤੇ ਰੱਖੇ ਜਾਣ ਤੋਂ ਬਾਅਦ ਮੋਦੀ ਇੱਥੇ ਪਹਿਲੀ ਵਾਰ ਆਏ ਸਨ | ਲੱਗਿਆ ਕਿ ਸਟੇਡੀਅਮ ਵਿੱਚ ਕ੍ਰਿਕਟ ਮੈਚ ਨਹੀਂ, ਭਾਜਪਾ ਦੀ ਸਿਆਸੀ ਰੈਲੀ ਹੋ ਰਹੀ ਹੈ | ਗੁਜਰਾਤੀ ਅਖਬਾਰ ਦਿੱਵਯ ਭਾਸਕਰ ਮੁਤਾਬਕ ਇੱਕ ਲੱਖ 30 ਹਜ਼ਾਰ ਦਰਸ਼ਕਾਂ ਦੇ ਬੈਠਣ ਵਾਲੇ ਸਟੇਡੀਅਮ ਦੀਆਂ ਪਹਿਲੇ ਦਿਨ ਦੀਆਂ 80 ਹਜ਼ਾਰ ਟਿਕਟਾਂ ਭਾਜਪਾ ਆਗੂਆਂ ਨੇ ਖਰੀਦੀਆਂ | ਇੱਕ ਭਾਜਪਾ ਵਿਧਾਇਕ ਨੇ ਕਿਹਾ ਕਿ 12 ਹਜ਼ਾਰ ਟਿਕਟਾਂ ਤਾਂ ਉਸ ਨੇ ਹੀ ਖਰੀਦੀਆਂ | ਅਜਿਹੀ ਉੱਪਰੋਂ ਹਦਾਇਤ ਸੀ | ਗੁਜਰਾਤ ਕਾਂਗਰਸ ਦੇ ਆਗੂ ਤੇ ਸੀਨੀਅਰ ਵਿਧਾਇਕ ਅਰਜੁਨ ਮੋਢਵਾਡੀਆ ਨੇ ਮੈਚ ਦਾ ਸਿਆਸੀਕਰਨ ਕਰਨ ਲਈ ਬੋਰਡ ਦੀ ਅਲੋਚਨਾ ਕਰਦਿਆਂ ਕਿਹਾ ਕਿ ਕ੍ਰਿਕਟ ਵਰਗੀ ਖੇਡ ਨੂੰ ਸਿਆਸੀ ਤਮਾਸ਼ੇ ਵਿੱਚ ਬਦਲਣਾ ਹਾਸੋਹੀਣਾ ਹੈ | ਭਾਜਪਾ ਨੇ ਟਿਕਟਾਂ ਖਰੀਦ ਕੇ ਮੈਚ ਨੂੰ ਸਿਆਸੀ ਜੈ-ਜੈ ਕਾਰ ਤੇ ਦਿਖਾਵੇ ਦੀ ਖੇਡ ਬਣਾ ਕੇ ਰੱਖ ਦਿੱਤਾ | ਆਮ ਦਰਸ਼ਕਾਂ ਨੂੰ ਸਿਰਫ ਉਨ੍ਹਾਂ ਸੀਟਾਂ ਲਈ ਟਿਕਟਾਂ ਮਿਲੀਆਂ ਜਿੱਥੋਂ ਮੈਚ ਚੰਗੀ ਤਰ੍ਹਾਂ ਨਹੀਂ ਸੀ ਦਿਸਦਾ | ਆਸਟਰੇਲੀਆਈ ਦਰਸ਼ਕਾਂ ਲਈ ਦਬਾਅ ਦੇ ਬਾਅਦ ਵੱਖਰੇ ਬਾਕਸ ਆਫਿਸ ਦਾ ਪ੍ਰਬੰਧ ਕੀਤਾ ਗਿਆ | ਇਸ ਤਮਾਸ਼ੇ ‘ਤੇ ਟਿੱਪਣੀ ਕਰਦਿਆਂ ਕ੍ਰਿਕਟ ਲੇਖਕ ਗਿਡੀਅਨ ਹੇ ਨੇ ‘ਦੀ ਆਸਟਰੇਲੀਅਨ’ ਵਿੱਚ ‘ਵ੍ਹਾਈ ਆਰ ਵੀ ਟੌਲਰੇਟਿੰਗ ਦੀ ਇਨਟੌਲਰੈਂਟ’ (ਅਸੀਂ ਅਸਹਿਣਸ਼ੀਲ ਨੂੰ ਸਹਿਣ ਕਿਉਂ ਕਰ ਰਹੇ ਹਾਂ? (ਸਿਰਲੇਖ ਵਾਲੇ ਲੇਖ ਵਿਚ ਲਿਖਿਆ ਹੈ-ਭਾਰਤੀ ਰਾਜ ਗੁਜਰਾਤ ਇੱਕ ਡਰਾਈ ਸਟੇਟ ਹੈ, ਅਹਿਮਦਾਬਾਦ ਵਿੱਚ ਹੋ ਰਹੇ ਮੈਚ ‘ਚ ਤੁਹਾਨੂੰ ਬੀਅਰ ਵੀ ਨਹੀਂ ਮਿਲੇਗੀ | ਪਰ ਜੇ ਤੁਹਾਨੂੰ ਕ੍ਰਿਕਟ ਦੇ ਨਾਲ ਫਾਸ਼ੀਵਾਦੀ ਵਿਖਾਵਾ ਪਸੰਦ ਹੈ ਤਾਂ ਅਹਿਮਦਾਬਾਦ ਦਾ ਮੈਚ ਤੁਹਾਡੇ ਲਈ ਹੈ… | ਹੇ ਨੇ ਮੋਦੀ ਦੇ ਸ਼ੱਕੀ ਮਨੁੱਖੀ ਅਧਿਕਾਰ ਰਿਕਾਰਡ, ਖਾਸਕਰ 2002 ਦੇ ਗੁਜਰਾਤ ਦੰਗਿਆਂ ਦੇ ਸੰਦਰਭ ਵਿੱਚ, ਦਾ ਵੀ ਜ਼ਿਕਰ ਕਰਦਿਆਂ ਲਿਖਿਆ-ਉਸਮਾਨ ਖਵਾਜਾ (ਆਸਟਰੇਲੀਅਨ ਖਿਡਾਰੀ) ਨੂੰ ਇੱਕ ਅਜਿਹੇ ਵਿਅਕਤੀ ਨਾਲ ਹੱਥ ਮਿਲਾਉਣਾ ਹੋਵੇਗਾ, ਜਿਸ ‘ਤੇ 21 ਸਾਲ ਪਹਿਲਾਂ ਉਸ ਸ਼ਹਿਰ ਦੀ ਜ਼ਿੰਮੇਦਾਰੀ ਸੀ, ਜਦੋਂ ਗੋਧਰਾ ਟਰੇਨ ਅਗਜ਼ਨੀ ਦੇ ਬਾਅਦ ਹੋਏ ਕਤਲੇਆਮ ਵਿੱਚ ਉਸ ਦੇ ਧਰਮ ਦੇ ਸੈਂਕੜੇ ਲੋਕਾਂ ਦਾ ਖੂਨ ਕਰ ਦਿੱਤਾ ਗਿਆ ਸੀ ਅਤੇ ਹਜ਼ਾਰਾਂ ਨੂੰ ਉਜਾੜ ਦਿੱਤਾ ਗਿਆ ਸੀ, ਜਦਕਿ ਸੁਰੱਖਿਆ ਬਲ ਸ਼ੱਕੀ ਰੂਪ ਵਿੱਚ ਬੇਹਰਕਤ ਰਹੇ | ਹੈਰਾਨੀ ਦੀ ਗੱਲ ਹੈ ਕਿ ਆਸਟਰੇਲੀਆ ਵਿਚ ਇਸ ਗੱਲ ਦਾ ਖਿਆਲ ਰੱਖਿਆ ਜਾਂਦਾ ਹੈ ਕਿ ਖਵਾਜਾ ਦੇ ਨੇੜੇ-ਤੇੜੇ ਬੀਅਰ ਦਾ ਕੈਨ ਨਾ ਹੋਵੇ ਪਰ ਹੁਣ ਇੱਥੇ ਇਸ ਗੱਲ ਨੂੰ ਲੈ ਕੇ ਕੋਈ ਪਰਵਾਹ ਨਹੀਂ ਹੈ ਕਿ ਕਿਵੇਂ ਉਸ ਨੂੰ ਇੱਕ ਅਜਿਹੇ ਆਗੂ ਦੇ ਬੇਹੱਦ ਕਰੀਬ ਰਹਿਣਾ ਹੋਵੇਗਾ, ਜਿਸ ਦਾ ਪੂਰਾ ਕੈਰੀਅਰ ਭਾਰਤ ਦੇ ਮੁਸਲਮਾਨਾਂ ਨੂੰ ਬਦਨਾਮ ਕਰਨ ਤੇ ਉਨ੍ਹਾਂ ਨੂੰ ਨਾਗਰਿਕਤਾ ਤੋਂ ਵਿਰਵੇ ਕਰਨ ਨਾਲ ਬਣਿਆ ਹੈ |