ਕੈਲੀਫੋਰਨੀਆ : ਅਮਰੀਕਾ ‘ਚ ਸਿਲੀਕਾਨ ਵੈਲੀ ਬੈਂਕ (ਐੱਸ ਵੀ ਬੀ) ਦੀ ਅਸਫਲਤਾ ਤੋਂ ਬਾਅਦ ਟੈਕਨਾਲੋਜੀ ਸੈਕਟਰ ਨਾਲ ਜੁੜਿਆ ਇਕ ਹੋਰ ਬੈਂਕ ਡੁੱਬ ਗਿਆ | ਅਮਰੀਕੀ ਰੈਗੂਲੇਟਰ ਨੇ ਨਿਊ ਯਾਰਕ ਸਥਿਤ ਸਿਗਨੇਚਰ ਬੈਂਕ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ |
ਸਿਗਨੇਚਰ ਬੈਂਕ ਕੋਲ ਕਿ੍ਪਟੋ ਕਰੰਸੀ ਦਾ ਸਟਾਕ ਸੀ | ਇਸ ਦੇ ਖਤਰੇ ਨੂੰ ਦੇਖਦੇ ਹੋਏ ਬੈਂਕ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ | ਇਸ ਬੈਂਕ ਦੇ ਸ਼ੇਅਰਾਂ ‘ਚ ਸ਼ੁੱਕਰਵਾਰ ਨੂੰ ਵੀ ਗਿਰਾਵਟ ਦੇਖਣ ਨੂੰ ਮਿਲੀ | ਸਿਗਨੇਚਰ ਬੈਂਕ ਨਿਊ ਯਾਰਕ ‘ਚ ਇੱਕ ਖੇਤਰੀ ਬੈਂਕ ਹੈ | ਨਿਊ ਯਾਰਕ ਸਟੇਟ ਡਿਪਾਰਟਮੈਂਟ ਆਫ ਫਾਇਨੈਂਸ਼ੀਅਲ ਸਰਵਿਸਿਜ਼ ਅਨੁਸਾਰ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ (ਐੱਫ ਡੀ ਆਈ ਸੀ) ਨੇ ਸਿਗਨੇਚਰ ਨੂੰ ਸੰਭਾਲਿਆ, ਜਿਸ ਦੀ ਪਿਛਲੇ ਸਾਲ ਦੇ ਅੰਤ ‘ਚ 110.36 ਬਿਲੀਅਨ ਡਾਲਰ ਦੀ ਜਾਇਦਾਦ ਸੀ | ਅਮਰੀਕੀ ਖਜ਼ਾਨਾ ਵਿਭਾਗ ਅਤੇ ਹੋਰ ਬੈਂਕ ਰੈਗੂਲੇਟਰਾਂ ਨੇ ਇੱਕ ਸਾਂਝੇ ਬਿਆਨ ‘ਚ ਕਿਹਾ, ‘ਕਰਦਾਤਿਆਂ ਨੂੰ ਸਿਗਨੇਚਰ ਬੈਂਕ ਅਤੇ ਸਿਲੀਕਾਨ ਵੈਲੀ ਬੈਂਕ ਦੇ ਕਿਸੇ ਵੀ ਨੁਕਸਾਨ ਦਾ ਬੋਝ ਨਹੀਂ ਝੱਲਣਾ ਪਵੇਗਾ |’ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਅਤੇ ਫੈਡਰਲ ਰਿਜ਼ਰਵ ਇੱਕ ਫੰਡ ਬਣਾਉਣ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਹੋਰ ਬੈਂਕ ਸੰਕਟ ਤੋਂ ਪ੍ਰਭਾਵਤ ਨਾ ਹੋਣ |




